ਨਾਟਕ ‘ਕਾਮਾਗਾਟਾਮਾਰੂ-ਸਫ਼ਰ ਜਾਰੀ ਹੈ’ ਦਾ ਸਫ਼ਲ ਮੰਚਨ

0
252

55

ਐਨ ਐਨ ਬੀ ਕੈਲਗਰੀ – ਪ੍ਰੋਗਰੈਸਿਵ ਆਰਟਸ ਆਫ਼ ਅਲਬਰਟਾ  ਵੱਲੋਂ ਪ੍ਰੋਗਰੈਸਿਵ ਪੀਪਲਜ਼ ਆਫ਼ ਐਡਮਿੰਟਨ ਦੇ ਸਹਿਯੋਗ ਨਾਲ  ਕਾਮਾਗਾਟਾਮਾਰੂ ਸ਼ਤਾਬਦੀ ਨੂੰ ਸਮਰਪਿਤ ਦੇਵਿੰਦਰ ਦਮਨ ਦਾ ਪੰਜਾਬੀ ਨਾਟਕ ‘ਕਾਮਾਗਾਟਾਮਾਰੂ-ਸਫ਼ਰ ਜਾਰੀ ਹੈ’ ਖੇਡਿਆ ਗਿਆ। ਇਹ ਨਾਟਕ ਸੌ ਸਾਲ ਪਹਿਲਾਂ 1914 ਵਿੱਚ ਕੈਨੇਡਾ ਆਏ ਭਾਰਤੀਆਂ ਨੂੰ ਨਸਲੀ ਵਿਤਕਰੇ ਤਹਿਤ ਵਾਪਸ ਭੇਜਣ ਨੂੰ ਦਰਸਾਉਂਦਾ ਇਹ ਨਾਟਕ ਦਰਸ਼ਕਾਂ ’ਤੇ ਡੂੰਘਾ ਪ੍ਰਭਾਵ ਛੱਡ ਗਿਆ। ਇਸ ਨਾਟਕ ਰਾਹੀਂ ਕਾਮਾਗਾਟਾਮਾਰੂ ਘਟਨਾ ਨੂੰ ਨਵੇਂ ਸੰਦਰਭ ਵਿੱਚ ਪੇਸ਼ ਕੀਤਾ ਗਿਆ। ਅੱਜ ਤੋਂ ਸੌ ਵਰ੍ਹੇ ਪਹਿਲਾਂ ਭਾਰਤ ਵਿੱਚ ਗ਼ਰੀਬੀ ਤੇ ਬੇਇਨਸਾਫ਼ੀ ਤੋਂ ਦੁਖੀ ਲੋਕ ਚੰਗੀ ਜ਼ਿੰਦਗੀ ਤੇ ਸੁੰਦਰ ਭਵਿੱਖ ਦੇ ਸੁਫਨੇ ਲੈ ਕੇ ਕੈਨੇਡਾ ਪੁੱਜੇ ਸਨ, ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਨੇ ਨਸਲੀ ਵਿਤਕਰੇ ਕਾਰਨ ਕੈਨੇਡਾ ਦੀ ਧਰਤੀ ’ਤੇ ਉਤਰਨ ਨਹੀਂ ਦਿੱਤਾ ਸੀ।

ਨਾਟਕ ਦੇ ਲੇਖਕ ਤੇ ਨਿਰਦੇਸ਼ਕ ਦੇਵਿੰਦਰ ਦਮਨ ਅਤੇ ਕਲਾਕਾਰਾਂ ਦਾ ਮੰਨਣਾ ਹੈ ਕਿ ਹਰ ਨਾਟਕ ਨੂੰ ਸਥਾਪਤੀ ਜਾਂ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਣ ਦੀ ਬਜਾਇ ਲੋਕ ਮਸਲਿਆਂ ਨੂੰ ਉਜਾਗਰ ਕਰਦੇ ਹੋਏ ਲੋਕਾਂ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ। ਕਰੀਬ ਢਾਈ ਘੰਟੇ ਚੱਲਿਆ ਇਹ ਨਾਟਕ ਦਰਸ਼ਕਾਂ ਨੂੰ ਦੇਸ਼ ਲਈ ਕੁਰਬਾਨ ਹੋਣ ਲਈ ਤਤਪਰ ਰਹਿਣ ਦੀ ਪ੍ਰੇਰਨਾ ਦੇਣ ਵਿੱਚ ਸਫ਼ਲ ਰਿਹਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਨਵਤੇਜ ਬੈਂਸ ਨੇ ਪ੍ਰੋਗਰੈਸਿਵ ਆਰਟਸ ਆਫ਼ ਅਲਬਰਟਾ ਅਤੇ ਪ੍ਰੋਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਵੱਲੋਂ ਹੁਣ ਤੱਕ ਕੀਤੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਨਾਟਕ ਦੇ ਗੀਤ ਗਾਉਣ ਵਿੱਚ ਜਸਬੀਰ ਸੰਘਾ ਨੇ ਸਹਿਯੋਗ ਦਿੱਤਾ।