spot_img
34 C
Chandigarh
spot_img
spot_img
spot_img

Top 5 This Week

Related Posts

ਬਾਦਲਾਂ ਦੇ ਹਰਿਆਣਾ ਗੇੜਿਆਂ ਨੇ ਸਰਹੱਦੀ ਖੇਤਰ ਦੀ ਪੁਲੀਸ ਨੂੰ ਵਖ਼ਤ ਪਾਇਆ

ਮਾਨਸਾ-ਸਰਦੂਲਗੜ੍ਹ ਸੜਕ ਉਪਰ ਤਾਇਨਾਤ ਮੁਲਾਜ਼ਮ ਰੂਟੀਨ ਡਿਊਟੀ ਭੁੱਲੇ

Mansa

ਐਨ ਐਨ ਬੀ

ਮਾਨਸਾ – ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਬਾਦਲਾਂ ਦੇ ਗੇੜਿਆਂ ਨੇ ਮਾਨਸਾ ਪੁਲੀਸ ਨੂੰ ਵਖ਼ਤ ਪਾ ਰੱਖਿਆ ਹੈ। ਪੁਲੀਸ ਨੂੰ ਇਨ੍ਹਾਂ ਦੇ ਆਉਣ-ਜਾਣ ਦੀ ਸਰਕਾਰੀ ਸੂਚਨਾ ਮਿਲਣ ਕਾਰਨ ਸਖ਼ਤ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਹਨ। ਜ਼ਿਲ੍ਹੇ ਦੀ ਸੀਮਾ ਦੇ ਨਾਲ ਲੱਗਦੇ ਹਰਿਆਣਾ ਦੇ ਕਾਲਿਆਂਵਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਨੈਲੋ ਨਾਲ ਸਮਝੌਤਾ ਕਰਕੇ ਆਪਣੇ ਉਮੀਦਵਾਰ ਬਲਕੌਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਹੈ। ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਉਪਰ ਚੋਣ ਲੜਨ ਕਾਰਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਕੈਬਨਿਟ ਦੇ ਹੋਰ ਵਜ਼ੀਰ ਹਰ-ਰੋਜ਼ ਹੀ ਜ਼ਿਲ੍ਹੇ ਦੇ ਸੜਕੀ ਰਸਤੇ ਹਰਿਆਣਾ ਵਿੱਚ ਦਾਖ਼ਲ ਹੁੰਦੇ ਹਨ। ਬਾਦਲਾਂ ਦੇ ਇਸ ਚੋਣ ਕਰਕੇ ਹਰ-ਰੋਜ਼ ਹਰਿਆਣਾ ਵਿੱਚ ਲੱਗਦੇ ਗੇੜਿਆਂ ਕਾਰਨ ਜ਼ਿਲ੍ਹੇ ਵਿਚਲੇ ਭੀਖੀ, ਮਾਨਸਾ ਸਦਰ, ਮਾਨਸਾ ਸਿਟੀ-1, ਮਾਨਸਾ ਸਿਟੀ-2, ਜੋਗਾ, ਕੋਟਧਰਮੂ, ਝੁਨੀਰ, ਸਰਦੂਲਗੜ੍ਹ, ਜੋੜਕੀਆਂ ਤੇ ਬੋਹਾ ਪੁਲੀਸ ਸਟੇਸ਼ਨਾਂ ਦੇ ਮੁਖੀਆਂ ਨੂੰ ਆਪਣੀਆਂ ਗੱਡੀਆਂ ਸਮੇਤ ਥਾਣਿਆਂ ਵਿਚਲੇ ਦੂਜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਕਲੀਆਂ ਅਤੇ ਭੀਖੀ ਤੋਂ ਹਰਿਆਣਾ ਬਾਰਡਰ ਤੱਕ ਨਾਕੇਬੰਦੀ ਕਰਕੇ ਰੱਖਣੀ ਪੈਂਦੀ ਹੈ।

ਤਿੰਨ ਦਿਨ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਦੋਂ ਕਾਲਿਆਂਵਾਲੀ ਵਿਚਲੇ ਪਿੰਡਾਂ ਵਿੱਚ ਪਾਰਟੀ ਉਮੀਦਵਾਰ ਦੀਆਂ ਰੈਲੀਆਂ ਨੂੰ ਸੰਬੋਧਨ ਕਰਨ ਲਈ ਗਏ ਸਨ ਤਾਂ ਉਹ ਮਾਨਸਾ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੀ ਅੱਗੇ ਲੰਘੇ ਸਨ। ਇਸ ਕਾਰਨ ਸਾਰਾ ਦਿਨ ਪੁਲੀਸ ਕਰਮਚਾਰੀ ਮਾਨਸਾ-ਸਰਦੂਲਗੜ੍ਹ ਸੜਕ ਉਪਰ ਪਹਿਰੇਦਾਰੀ ਕਰਦੇ ਰਹੇ। ਇਸੇ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਬੀਤੀ ਸ਼ਾਮ ਪਿੰਡ ਟਿੱਬੀ ਹਰੀ ਸਿੰਘ ਵਿਖੇ ਉਤਰਨ ਦੀ ਸੂਚਨਾ ਕਾਰਨ ਪੂਰੇ ਜ਼ਿਲ੍ਹੇ ਦੀ ਪੁਲੀਸ ਉੱਥੇ ਤਾਇਨਾਤ ਰਹਿਣ ਦੀ ਜਾਣਕਾਰੀ ਹਾਸਲ ਹੋਈ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਜਦੋਂ ਬਾਦਲਾਂ ਤੋਂ ਬਿਨਾਂ ਹੋਰ ਵਜ਼ੀਰ ਇਸ ਰਸਤੇ ਲੰਘਦੇ ਹਨ ਤਾਂ ਪੁਲੀਸ ਨੂੰ ਇਸ ਜ਼ਿਲ੍ਹੇ ਰਾਹੀਂ ਲੰਘਾਉਣ ਲਈ ਵਿਸ਼ੇਸ਼ ਡਿਊਟੀ ਦੇਣੀ ਪੈਂਦੀ ਹੈ। ਇਨ੍ਹਾਂ ਡਿਊਟੀਆਂ ਕਾਰਨ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਨੂੰ ਥਾਣਿਆਂ ਵਿੱਚ ਬਣਦੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣਾ ਪੈਂਦਾ ਹੈ, ਜਿਸ ਕਾਰਨ ਪੁਲੀਸ ਦੇ ਕੰਮਾਂ ਉਪਰ ਮਾੜਾ ਪ੍ਰਭਾਵ ਪੈਣ ਲੱਗਿਆ ਹੈ।

ਪੁਲੀਸ ਦੀ ਤਾਇਨਾਤੀ ਜ਼ਰੂਰੀ
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭੁਪਿੰਦਰ ਸਿੰਘ ਖੱਟੜਾ ਨੇ ਕਿਹਾ ਕਿ ਵੀ.ਆਈ.ਪੀ. ਨੇਤਾਵਾਂ ਦੀ ਫੇਰੀ ਦੌਰਾਨ ਪੁਲੀਸ ਨੂੰ ਵਿਸ਼ੇਸ ਡਿਊਟੀ ਨਿਭਾਉਣੀ ਪੈਂਦੀ ਹੈ, ਜਿਸ ਕਾਰਨ ਅਜਿਹੀਆਂ ਪਹਿਰੇਦਾਰੀਆਂ ਹੀ ਡਿਊਟੀ ਦਾ ਮੁੱਖ ਹਿੱਸਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਨੇਤਾਵਾਂ ਦੇ ਦੌਰੇ ਦੌਰਾਨ ਅਨੇਕਾਂ ਪੱਖਾਂ ਤੋਂ ਪੁਲੀਸ ਨੂੰ ਤਾਇਨਾਤ ਕਰਨਾ ਜ਼ਰੂਰੀ ਹੋਣ ਲੱਗਿਆ ਹੈ।

 

LEAVE A REPLY

Please enter your comment!
Please enter your name here

Popular Articles