15 C
Chandigarh
spot_img
spot_img

Top 5 This Week

Related Posts

ਕੇਂਦਰ ਨੇ ਹੜ੍ਹ ਮਾਰੇ ਜੰਮੂ-ਕਸ਼ਮੀਰ ਰਿਆਸਤ ਨਾਲ ਮਤਰੇਈ ਮਾਂ ਵਾਲਾ ਕੀਤਾ ਸਲੂਕ ਹੈ : ਬੇਗਮ ਫਿਰਦੌਸ

ਸ਼੍ਰੋਮਣੀ ਕਮੇਟੀ ਵੱਲੋਂ ਹੋਰ ਮਦਦ ਦਾ ਭਰੋਸਾ

Golibari
ਐਨ ਐਨ ਬੀ

ਸ੍ਰੀਨਗਰ – ਜੰਮੂ-ਕਸ਼ਮੀਰ ਮਹਿਲਾ ਕਮਿਸ਼ਨ ਦੀ ਮੁਖੀ (ਚੇਅਰਪਰਸਨ) ਐਡਵੋਕੇਟ ਬੇਗਮ ਸ਼ਮੀਮ ਫਿਰਦੌਸ ਨੇ ਸੂਬੇ ਵਿੱਚ ਆਏ ਹੜ੍ਹਾਂ ਦੌਰਾਨ ਕੇਂਦਰੀ ਮਦਦ ਬਾਰੇ ਰੋਸ ਦਾ ਪ੍ਰਗਟਾਵਾ ਕਰਦਿਆਂ ਦੋਸ਼ ਲਾਇਆ ਹੈ ਕਿ ਕੇਂਦਰ ਨੇ ਸੂਬੇ ਨਾਲ ਮਤਰੇਈ ਮਾਂ ਵਾਲਾ ਵਤੀਰਾ ਕੀਤਾ ਹੈ। ਉਸ ਵੱਲੋਂ ਰਾਹਤ ਦਾ ਸਿਰਫ਼ ਐਲਾਨ ਹੋਇਆ ਹੈ, ਪਰ ਪੀੜਤ ਲੋਕਾਂ ਕੋਲ ਹਾਲੇ ਤੱਕ ਵੀ ਰਾਹਤ ਸਮੱਗਰੀ ਨਹੀਂ ਪਹੁੰਚੀ ਹੈ।
ਇਹ ਖ਼ੁਲਾਸਾ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਕੀਤੀ ਗਈ ਮੁਲਾਕਾਤ ਦੌਰਾਨ ਕੀਤਾ ਹੈ। ਐਡਵੋਕੇਟ ਫਿਰਦੌਸ ਨੇ ਕਿਹਾ ਕਿ ਜਦੋਂ ਝਾਰਖੰਡ ਵਿੱਚ ਕੁਦਰਤੀ ਆਫ਼ਤ ਆਈ ਸੀ ਤਾਂ ਸਿਰਫ਼ ਪੰਜਾਂ ਦਿਨਾਂ ਵਿੱਚ ਹੀ ਪੀੜਤਾਂ ਕੋਲ ਰਾਹਤ ਸਮੱਗਰੀ ਪੁੱਜ ਗਈ ਸੀ ਪਰ ਜੰਮੂ-ਕਸ਼ਮੀਰ ’ਚ ਅਜਿਹਾ ਅਜੇ ਤੱਕ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਸਿਰਫ਼ ਪੀੜਤ ਲੋਕਾਂ ਲਈ ਬਚਾਅ ਮੁਹਿੰਮ ਵਿੱਚ ਹੀ ਸਹਿਯੋਗ ਦਿੱਤਾ ਗਿਆ ਹੈ। ਫੌਜ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਹਵਾਈ ਮਾਰਗ ਰਾਹੀਂ ਰਾਹਤ ਸਮੱਗਰੀ ਸੁੱਟੀ ਗਈ। ਉਨ੍ਹਾਂ ਕਿਹਾ ਕਿ ਹਵਾਈ ਮਾਰਗ ਰਾਹੀਂ ਰਾਹਤ ਸਮੱਗਰੀ ਸੁੱਟਣ ਸਮੇਂ ਅੱਧੇ ਨਾਲੋਂ ਜ਼ਿਆਦਾ ਰਾਹਤ ਸਮੱਗਰੀ ਬੇਕਾਰ ਚਲੀ ਗਈ।

ਉਨ੍ਹਾਂ ਕਿਹਾ ਕਿ “ਹੁਣ ਜਦੋਂ ਬੇਘਰ ਹੋਏ ਲੋਕਾਂ ਲਈ ਆਰਜ਼ੀ ਤੇ ਸਥਾਈ ਪ੍ਰਬੰਧਾਂ ਦੀ ਲੋੜ ਹੈ, ਜਿਨ੍ਹਾਂ ਦੇ ਕਾਰੋਬਾਰ ਤਬਾਹ ਹੋ ਗਏ ਹਨ, ਉਨ੍ਹਾਂ ਨੂੰ ਮਦਦ ਦੀ ਲੋੜ ਹੈ ਅਤੇ ਆ ਰਹੀ ਸਰਦੀ ਤੋਂ ਬਚਾਅ ਲਈ ਵੱਡੀ ਪੱਧਰ ’ਤੇ ਕਾਰਜ ਕਰਨੇ ਲਾਜ਼ਮੀ ਹਨ ਤਾਂ ਕੇਂਦਰ ਸਰਕਾਰ ਵੱਲੋਂ ਮਦਦ ਲਈ ਕੋਈ ਹੁੰਗਾਰਾ ਨਹੀਂ ਮਿਲ ਰਿਹਾ।” ਉਨ੍ਹਾਂ ਕਿਹਾ ਕਿ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਕੇਂਦਰ ਵੱਲੋਂ ਮਦਦ ਬਾਰੇ ਲੋਕਾਂ ਨੂੰ ਘੱਟ ਹੀ ਉਮੀਦ ਹੈ। ਕਈ ਲੋਕ ਤਾਂ ਕੇਂਦਰ ਕੋਲੋਂ ਮਦਦ ਲੈਣਾ ਵੀ ਨਹੀਂ ਚਾਹੁੰਦੇ ਹਨ। ਜੇਕਰ ਸਰਕਾਰ ਦਾ ਇਹੀ ਵਤੀਰਾ ਰਿਹਾ ਤਾਂ ਲੋਕ ਇਸ ਪ੍ਰਤੀ ਆਪਣੇ ਪੱਧਰ ’ਤੇ ਅਗਲਾ ਰੁਖ ਅਖ਼ਤਿਆਰ ਕਰਨਗੇ।
ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਸਿੱਖ ਸੰਸਥਾ ਕੋਲ ਮੰਗ ਰੱਖੀ ਹੈ ਕਿ ਮੁਸਲਿਮ ਭਾਈਚਾਰੇ ਦੇ ਪੀੜਤ ਲੋਕਾਂ, ਖਾਸ ਕਰਕੇ ਬੀਬੀਆਂ ਲਈ ਗਰਮ ਕੱਪੜੇ, ਗਰਮ ਬਿਸਤਰੇ ਤੇ ਰਾਸ਼ਨ ਭੇਜਿਆ ਜਾਵੇ। ਉਨ੍ਹਾਂ ਇਹ ਮਦਦ ਤੁਰੰਤ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਫੋਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨਾਲ ਵੀ ਗੱਲ ਬਾਤ ਕਰਦਿਆਂ ਆਪਣੀ ਮੰਗ ਦੁਹਰਾਈ ਹੈ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਹ ਰਾਹਤ ਜਲਦੀ ਪੁਜਦੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸ੍ਰੀਨਗਰ ਇਲਾਕੇ ਵਿੱਚ ਲਗਭਗ 90 ਫ਼ੀਸਦੀ ਇਲਾਕਾ ਪ੍ਰਭਾਵਿਤ ਹੋਇਆ ਹੈ।
ਇਕ ਸਵਾਲ ਦੇ ਜਵਾਬ ਵਿੱਚ ਮਹਿਲਾ ਕਮਿਸ਼ਨ ਦੀ ਮੁਖੀ ਨੇ ਦੱਸਿਆ ਕਿ ਜਾਇਦਾਦੀ ਕਾਰੋਬਾਰੀ ਨੁਕਸਾਨ ਅਰਬਾਂ ਰੁਪਏ ਦਾ ਹੈ, ਜਿਸ ਦੀ ਭਰਪਾਈ ਔਖਾ ਕੰਮ ਹੈ, ਪਰ ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਹਨ, ਉਨ੍ਹਾਂ ਵਾਸਤੇ ਆਰਜ਼ੀ ਤੌਰ ’ਤੇ ਫੈਬਰਿਕ ਸ਼ੈੱਡ ਬਣਾਉਣ ਦੀ ਯੋਜਨਾ ਹੈ ਤਾਂ ਜੋ ਸਰਦੀਆਂ ਦੌਰਾਨ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ 40 ਹਜ਼ਾਰ ਤੋਂ ਵਧੇਰੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਕੇਂਦਰ ਸਰਕਾਰ ਖ਼ਿਲਾਫ਼ ਮੁੜ ਨਰਾਜ਼ਗੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੱਸਿਆ ਕਿ ਅੰਤਰਾਸ਼ਟਰੀ ਭਾਈਚਾਰੇ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਨੇ ਇਹ ਰੱਦ ਕਰ ਦਿੱਤੀ। ਗੱਲ ਕੀ, ਕੇਂਦਰ ਸਰਕਾਰ ਨੇ ਖੁਦ ਰਾਹਤ ਭੇਜੀ ਨਹੀਂ ਹੈ ਅਤੇ ਪੀੜਤਾਂ ਨੂੰ ਅੰਤਰਾਸ਼ਟਰੀ ਭਾਈਚਾਰੇ ਦੀ ਰਾਹਤ ਤੋਂ ਵੀ ਵਿਰਵੇ ਕਰ ਦਿੱਤਾ ਹੈ।

15 ਗੁਰਦੁਆਰਿਆਂ ਵਿੱਚ ਮਰਿਆਦਾ ਬਹਾਲ

J&K

ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਬੜਗਾਮ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਹੋਇਆ। ਸਥਾਨਕ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਸ੍ਰੀਨਗਰ ਦੇ 15 ਗੁਰਦੁਆਰਿਆਂ ਵਿੱਚ ਨਿਤ ਦੀ ਮਰਿਆਦਾ ਨੂੰ ਬਹਾਲ ਕੀਤਾ ਗਿਆ, ਜੋ ਹੜ੍ਹਾਂ ਕਾਰਨ ਭੰਗ ਹੋ ਗਈ ਸੀ। ਇਸੇ ਤਰ੍ਹਾਂ ਰਾਹਤ ਕੈਂਪ ਵਿੱਚ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਅਤੇ ਲੰਗਰ ਦਾ ਪ੍ਰਬੰਧ ਵੀ ਜਾਰੀ ਰਿਹਾ।

Popular Articles