ਐਨ ਐਨ ਬੀ
ਨਵੀਂ ਦਿੱਲੀ – ਗ੍ਰਹਿ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਮੁੰਬਈ ਜਾਣਗੇ ਅਤੇ ਉਨ੍ਹਾਂ ਵੱਲੋਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਵਿਚਾਰ-ਚਰਚਾ ਕਰਨ ਦੇ ਆਸਾਰ ਹਨ। ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਸੁਲ੍ਹਾ ਕਰਾਉਣ ਲਈ ਅੰਦਰਖਾਤੇ ਕਾਫੀ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ, ਕਿਉਂਕਿ ਸ਼ਿਵ ਸੈਨਾ ਹਾਲੇ ਤੱਕ ‘ਬਿਨਾ ਸ਼ਰਤ ਹਮਾਇਤ’ ਦੇ ਪਰਦੇ ਹੇਠ ਸ਼ਰਤਾਂ ਲਗਾ ਰਹੀ ਹੈ। ਭਾਜਪਾ ਵਧੇਰੇ ਸੀਟਾਂ ਜਿੱਤਣ ਅਤੇ ਐਨ ਸੀ ਪੀ ਦੀ ਬਾਹਰੋਂ ਸਪੋਰਟ ਦੇ ਵਾਅਦੇ ਕਾਰਨ ਥੱਲੇ ਲੱਗ ਕੇ ਸਮਝੌਤੇ ਤੋਂ ਕੰਨੀ ਕਤਰਾ ਰਹੀ ਹੇ, ਹਾਲਾਂਕਿ ਉਸ ਉਤੇ ਆਰ ਐਸ ਐਸ ਦਾ ਦਬਾਅਵੀ ਹੈ।
ਹਰਿਆਣਾ ’ਚ ਹਲਫ਼ਦਾਰੀ ਸਮਾਗਮ ਦੌਰਾਨ ਰਾਜਨਾਥ ਸਿੰਘ ਭਾਜਪਾ ਵਿਧਾਨਕਾਰ ਪਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਜਿਸ ਵਿੱਚ ਮੁੱਖ ਮੰਤਰੀ ਦੇ ਅਹੁੱਦੇ ਲਈ ਨੇਤਾ ਦੀ ਚੋਣ ਹੋਵੇਗੀ। ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਕੁੱਲ 288 ਵਿੱਚੋਂ 128 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਧਿਰ ਬਣ ਕੇ ਉਭਰੀ ਹੈ ਪਰ ਸਰਕਾਰ ਬਣਾਉਣ ਲਈ ਇਸ ਨੂੰ ਇਕ ਹੋਰ ਪਾਰਟੀ ਦੀ ਮਦਦ ਲੈਣੀ ਪਵੇਗੀ। ਐਨ ਸੀ ਪੀ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਪਰ ਭਾਜਪਾ ਦੇ ਕੁਝ ਆਗੂਆਂ ਵੱਲੋਂ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਪੈਰਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੁਲਾਕਾਤ ਦੌਰਾਨ ਕੋਈ ਸਿਆਸੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਭਾਗਵਤ ਨੇ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦੇਵੇਂਦਰ ਫੜਨਵੀਸ, ਜੋ ਮੁੱਖ ਮੰਤਰੀ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਦੱਸੇ ਜਾਂਦੇ ਹਨ, ਨੂੰ ਸੱਦਿਆ ਸੀ। ਨਾਗਪੁਰ ਸੀਟ ਤੋਂ ਐਮ ਪੀ ਗਡਕਰੀ ਸਕੂਟਰ ਚਲਾ ਕੇ ਆਰ ਐਸ ਐਸ ਦੇ ਭਵਨ ਪੁੱਜੇ ਸਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਸਰਸੰਘ ਚਾਲਕ (ਭਾਗਵਤ) ਨੂੰ ਮਿਲਿਆ ਹਾਂ। ਇਹ ਦੀਵਾਲੀ ਦੇ ਦਿਨਾਂ ’ਚ ਹੋਣ ਵਾਲੀ ਆਮ ਫੇਰੀ ਸੀ। ਅਸੀਂ ਮਹਾਰਾਸ਼ਟਰ ਦੀ ਸਿਆਸਤ ਅਤੇ ਮੁੱਖ ਮੰਤਰੀ ਦੇ ਅਹੁਦੇ ਨੂੰ ਛੱਡ ਕੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਗਡਕਰੀ ਭਾਜਪਾ ਵਰਕਰਾਂ ਵੱਲੋਂ ਰੱਖੇ ਇਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਇਸ ਹਫਤੇ ਦੇ ਸ਼ੁਰੂ ’ਚ ਦਿੱਲੀ ਤੋਂ ਆਏ ਸਨ ਪਰ ਭਾਗਵਤ ਨਾਗਪੁਰ ਤੋਂ ਬਾਹਰ ਗਏ ਹੋਏ ਸਨ। ਗਡਕਰੀ ਰਾਜ ਦੀ ਸਿਆਸਤ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਖਾਰਜ ਕਰਦੇ ਆ ਰਹੇ ਹਨ, ਪਰ ਪਿਛਲੇ ਦਿਨੀਂ ਉਨ੍ਹਾਂ ਇਹ ਕਹਿ ਕੇ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵੇਦਾਰੀ ਜਤਾ ਦਿੱਤੀ ਸੀ ਕਿ ਜੇ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ। ਗਡਕਰੀ ਤੇ ਫੜਨਵੀਸ ਦੋਵੇਂ ਨਾਗਪੁਰ ਤੋਂ ਹਨ ਤੇ ਆਰ ਐਸ ਐਸ ਦੇ ਕਰੀਬੀ ਹਨ।
ਮੋਦੀ-ਊਧਵ ਮੁਲਾਕਾਤ ਹਾਲੇ ਦੂਰ ਦੀ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੰਬਈ ਫੇਰੀ ਨੂੰ ਗੈਰ-ਰਸਮੀ ਕਰਾਰ ਦਿੰਦਿਆਂ, ਸ਼ਿਵ ਸੈਨਾ ਨੇ ਆਖਿਆ ਕਿ ਪਾਰਟੀ ਦੇ ਨੇਤਾ ਊਧਵ ਠਾਕਰੇ ਨਰਿੰਦਰ ਮੋਦੀ ਨੂੰ ਮੁੰਬਈ ਜਾਂ ਕੌਮੀ ਰਾਜਧਾਨੀ ਵਿੱਚ ਮਿਲਣ ਨਹੀਂ ਜਾਣਗੇ, ਤਾਂ ਵੀ ਬਾਕੀ ਨੇਤਾਵਾਂ ਨਾਲ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਚਰਚਾ ਸੋਮਵਾਰ ਤੋਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮੁੰਬਈ ਵਿਖੇ ਐਚ ਐਨ ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ ਦਾ ਉਦਘਾਟਨ ਕੀਤਾ। ਸ਼ਿਵ ਸੈਨਾ ਦੇ ਐਮ ਪੀ ਵਿਨਾਇਕ ਰਾਓਤ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਪ੍ਰਧਾਨ ਮੰਤਰੀ ਇਕ ਹਸਪਤਾਲ ਦਾ ਉਦਘਾਟਨ ਕਰਨ ਮੁੰਬਈ ਆਏ ਹਨ। ਇਸ ਤਰ੍ਹਾਂ ਦੇ ਮੌਕੇ ’ਤੇ ਕੋਈ ਸਿਆਸੀ ਗੱਲਬਾਤ ਨਹੀਂ ਹੋ ਸਕਦੀ। ਗੱਲਬਾਤ ਸੋਮਵਾਰ ਤੋਂ ਸ਼ੁਰੂ ਹੋਵੇਗੀ।’’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਠਾਕਰੇ ਅਗਲੇ ਹਫਤੇ ਮੋਦੀ ਨੂੰ ਨਵੀਂ ਦਿੱਲੀ ਵਿੱਚ ਮਿਲਣਗੇ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੈ। ਫ਼ਿਲਹਾਲ਼ ਸ਼ਿਵ ਸੈਨਾ ਦੇ ਸਾਰੇ ਐਮ ਪੀਜ਼ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਜਾਣ ਵਾਲੀ ਦੀਵਾਲੀ ਦੀ ਦਾਅਵਤ ਵਿੱਚ ਸ਼ਿਰਕਤ ਕਰਨਗੇ ਅਤੇ 29 ਜਾਂ 30 ਅਕਤੂਬਰ ਤੱਕ ਨਵੀਂ ਸਰਕਾਰ ਬਣ ਜਾਵੇਗੀ।