ਐਨ ਐਨ ਬੀ
ਫ਼ਰੀਦਕੋਟ – ਸੰਤ ਬਲਜੀਤ ਸਿੰਘ ਦਾਦੂਵਾਲ 9 ਅਕਤੂਬਰ ਨੂੰ ਸੰਤ ਬਲਜੀਤ ਸਿੰਘ ਰਿਹਾਅ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਖ਼ਿਲਾਫ਼ ਦਰਜ ਚਾਰ ਕੇਸਾਂ ਵਿੱਚੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਵਿੱਚ ਬਾਜਾਖਾਨਾ ਪੁਲੀਸ ਵੱਲੋਂ 6 ਸਾਲ ਪਹਿਲਾਂ ਦਰਜ ਕੀਤਾ ਇਰਾਦਾ-ਏ-ਕਤਲ ਕੇਸ ਵੀ ਸ਼ਾਮਲ ਹੈ। ਸੰਤ ਬਲਜੀਤ ਸਿੰਘ ਦਾਦੂਵਾਲ ਦੀ ਰਿਹਾਈ ਇਲਾਕਾ ਮੈਜਿਸਟਰੇਟ ਛੁੱਟੀ ’ਤੇ ਹੋਣ ਕਾਰਨ ਟਲ ਗਈ ਹੈ।
ਦੱਸਣਯੋਗ ਹੈ ਕਿ ਜੈਤੋ ਪੁਲੀਸ ਨੇ 21 ਅਗਸਤ ਨੂੰ ਸੰਤ ਦਾਦੂਵਾਲ ਨੂੰ ਮਾਰਚ 2008 ਵਿੱਚ ਦਰਜ ਹੋਏ ਕੇਸ ਵਿੱਚ ਮੁੜ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਹੇਠ ਵੀ ਪਰਚਾ ਦਰਜ ਕੀਤਾ ਸੀ। ਫਰੀਦਕੋਟ ਪੁਲੀਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੀ ਪੁਲੀਸ ਨੇ ਇਰਾਦਾ ਕਤਲ ਦੇ ਦੋ ਮਾਮਲਿਆਂ ਵਿੱਚ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਸੀ। ਨਾਜਾਇਜ਼ ਅਸਲੇ ਦੇ ਕੇਸ ਵਿੱਚ ਸਥਾਨਕ ਵਧੀਕ ਸ਼ੈਸਨ ਜੱਜ ਕਰਨੈਲ ਸਿੰਘ ਪਹਿਲਾਂ ਹੀ ਸੰਤ ਦਾਦੂਵਾਲ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦੇ ਚੁੱਕੇ ਹਨ। ਅਤੇ ਹੁਣ ਇਰਾਦਾ-ਏ-ਕਤਲ ਦੇ ਛੇ ਸਾਲ ਪੁਰਾਣੇ ਮੁਕੱਦਮੇ ਵਿੱਚ ਵੀ ਜ਼ਮਾਨਤ ਹੋ ਗਈ ਹੈ।
ਸੰਤ ਦਾਦੂਵਾਲ ਦੇ ਵਕੀਲ ਅਮਨਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸੰਤ ਦਾਦੂਵਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਛੇ ਸਾਲ ਪੁਰਾਣੇ ਮੁਕੱਦਮੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਅਤੇ 9 ਅਕਤੂਬਰ ਨੂੰ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਰਿਹਾਈ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਹਰਿਆਣਾ ਕਮੇਟੀ ਦੀ ਖੁੱਲ੍ਹੀ ਹਮਾਇਤ ਕਾਰਨ ਸੰਤ ਦਾਦੂਵਾਲ ਨੂੰ ਪੰਜਾਬ ਸਰਕਾਰ ਦੀ ਨਾਰਾਜ਼ਗੀ ਝੱਲਣੀ ਪਈ। ਸੰਤ ਦਾਦੂਵਾਲ ਦੀ ਹਿਰਾਸਤ ਦੌਰਾਨ ਉਨ੍ਹਾਂ ਦੇ ਹਰਿਆਣਾ ਕਮੇਟੀ ‘ਚੋਂ ਅਸਤੀਫ਼ਾ ਦੇਣ ਦੀ ਅਫ਼ਵਾਹ ਵੀ ਫੈਲੀ ਸੀ ਪ੍ਰੰਤੂ ਸੰਤ ਦਾਦੂਵਾਲ ਅਜੇ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ।