spot_img
28.5 C
Chandigarh
spot_img
spot_img
spot_img

Top 5 This Week

Related Posts

ਸੰਤ ਰਾਮਪਾਲ ਕੋਲ਼ੋਂ ਪੁੱਛਗਿੱਛ ਜਾਰੀ, ਆਸ਼ਰਮ ਨੂੰ ਸੀਲ ਕਰਨ ਦੀ ਮੁੱਢਲੀ ਕਾਰਵਾਈ ਸ਼ੁਰੂ

Sant Rampal

ਐਨ ਐਨ ਬੀ

ਹਿਸਾਰ – ਬਰਵਾਲਾ ਦੇ ਸਤਲੋਕ ਆਸ਼ਰਮ ਤੋਂ ਪੁਲੀਸ ਉੱਤੇ ਜੋ ਪਥਰਾਅ ਹੋਇਆ ਅਤੇ ਪੈਟਰੋਲ ਬੰਬ ਸੁੱਟੇ ਗਏ, ਇਸ ਨਾਲ ਮੇਰਾ ਕੋਈ ਵਾਸਤਾ ਨਹੀਂ। ਜਿਹੜੇ ਕਮਾਂਡੋ ਛੱਤਾਂ ’ਤੇ ਖੜ੍ਹੇ ਸਨ, ਉਹ ਵੀ ਮੇਰੇ ਨਹੀਂ। ਮੈਂ ਉਨ੍ਹਾਂ ਨੂੰ ਨਾ ਕਦੇ ਕੋਈ ਹੁਕਮ ਦਿੱਤਾ ਅਤੇ ਨਾ ਹੀ ਉਨ੍ਹਾਂ ਨੇ ਮੇਰੀ ਕੋਈ ਬੇਨਤੀ ਮੰਨੀ।” ਇਹ ਦਾਅਵੇ ਦੇਸ਼ ਧਰੋਹ ਦੇ ਕੇਸ ਵਿੱਚ ਪੁਲੀਸ ਰਿਮਾਂਡ ‘ਤੇ ਚੱਲ ਰਹੇ ਬਾਬਾ ਰਾਮਪਾਲ ਨੇ ਕੀਤੇ। ਜਿਨ੍ਹਾਂ ਲੋਕਾਂ ਨੇ ਰਾਮਪਾਲ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਜਾਨ ਦੀ ਬਾਜ਼ੀ ਲਾ ਦਿੱਤੀ ਸੀ, ਰਾਮਪਾਲ ਉਨ੍ਹਾਂ ਨੂੰ ਆਪਣੇ ਪੈਰੋਕਾਰ ਮੰਨਣ ਤੋਂ ਇਨਕਾਰੀ ਹੈ। ਭਾਵੇਂ ਪੁਲੀਸ ਕੋਲ ਉਸ ਪਾਸੋਂ ਕੋਈ ਰਾਜ਼ ਖੁੱਲ੍ਹਵਾਉਣ ਲਈ ਚਾਰ ਦਿਨ ਬਾਕੀ ਹਨ, ਪਰ ਉਸ ਦੇ ਜਵਾਬਾਂ ਦੀ ਸ਼ੈਲੀ ਤੋਂ ਸਪੱਸ਼ਟ ਹੈ ਕਿ ਰਾਮਪਾਲ ਨੂੰ ਸਾਰੇ ਕਾਨੂੰਨੀ ਦਾਅ-ਪੇਚਾਂ ਦੀ ਸਮਝ  ਹੈ ਅਤੇ ਉਹ ਜਾਣਦਾ ਹੈ ਕਿ ਜਵਾਬ ਕਿਵੇਂ ਟਾਲਣੇ ਹਨ।
ਉਸ ਤੋਂ ਪੁੱਛਗਿੱਛ ਸਥਾਨਕ ਸਿਵਲ ਲਾਈਨਜ਼ ਥਾਣੇ ਵਿੱਚ ਹੋ ਰਹੀ ਹੈ, ਪਰ ਉਹ ਪੁਲੀਸ ਅਫਸਰਾਂ ਦੇ ਸਵਾਲਾਂ ਦੇ ਜਵਾਬ ਨਿਹਾਇਤ ਗੋਲ-ਮੋਲ ਦੇ ਰਿਹਾ ਹੈ। ਜਦੋਂ ਪੁਲੀਸ ਅਫਸਰਾਂ ਨੂੰ ਸਹੀ ਜਵਾਬ ਨਹੀਂ ਮਿਲਦੇ ਤਾਂ ਉਹ ਅੱਕ ਕੇ ਥਾਣੇ ‘ਚੋਂ ਚਲੇ ਜਾਂਦੇ ਹਨ। ਉਨ੍ਹਾਂ ਦੀ ਥਾਂ ਪੁਲੀਸ ਕਰਮੀ ਸੰਭਾਲ ਲੈਂਦੇ ਹਨ। ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਰਾਮਪਾਲ ਮੁੱਢ ਵਿੱਚ ਹਰ ਨਵੇਂ ਅਫਸਰ ਜਾਂ ਕਰਮੀ ਨੂੰ ਬੇਟਾ ਕਹਿ ਕੇ ਬੁਲਾਉਂਦਾ ਹੈ। ਜਦੋਂ  ਉਹ ਸਖ਼ਤ ਰੁਖ ਅਖਤਿਆਰ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਸਾਹਬ-ਸਾਹਬ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੰਦਾ ਹੈ।
ਰਾਮਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਬਰਵਾਲਾ ਆਸ਼ਰਮ ਵਿੱਚੋਂ 8 ਹਜ਼ਾਰ ਸ਼ਰਧਾਲੂਆਂ ਨੂੰ ਕੱਢਿਆ ਗਿਆ ਹੈ, ਪਰ ਹਾਲੇ ਵੀ ਇਕਾ-ਦੁੱਕਾ ਲੋਕ ਛੁਪੇ ਹੋਏ ਮਿਲ ਰਹੇ ਹਨ। ਪੁਲੀਸ ਇਸ ਆਸ਼ਰਮ ਨੂੰ ਸੀਲ ਕਰਨ ਤੋਂ ਪਹਿਲਾਂ ਇਕ ਵਾਰ ਫਿਰ ਤੋਂ ਪੂਰੀ ਤਲਾਸ਼ੀ ਲਵੇਗੀ। ਆਸ਼ਰਮ ਦੀ ਮੁੱਢਲੀ ਤਲਾਸ਼ੀ ਦੌਰਾਨ ਪੁਲੀਸ ਨੂੰ 7 ਰਾਈਫਲਾਂ, ਪੈਟਰੋਲ ਬੰਬ ਅਤੇ ਕੁਝ ਕਾਰਤੂਸ ਮਿਲੇ। ਪੂਰੇ ਆਸ਼ਰਮ ਕਾਂਡ ਦੌਰਾਨ 800 ਦੇ ਕਰੀਬ ਸ਼ੱਕੀ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਡਾ. ਐਮ ਐਲ ਕੌਸ਼ਿਕ, ਆਈ.ਜੀ. ਅਨਿਲ ਕੁਮਾਰ ਅਤੇ ਫਿਰ ਏਡੀਜੀਪੀ (ਲਾਅ ਐਂਡ ਆਰਡਰ) ਮੁਹੰਮਦ ਅਕੀਲ ਨੇ ਆਸ਼ਰਮ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਰਾਮਪਾਲ ਦੇ 9 ਕਰੀਬੀ ਸਾਥੀਆਂ ਤੋਂ ਵੀ ਲਗਾਤਾਰ  ਪੁੱਛਗਿੱਛ ਜਾਰੀ ਹੈ।

ਹਿਸਾਰ ਦੇ ਵਕੀਲ ਕੇਸ ਦੀ ਪੈਰਵੀ ਨਹੀਂ ਕਰਨਗੇ
ਉੱਧਰ, ਹਿਸਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਢੁੱਲ ਨੇ ਦੱਸਿਆ ਕਿ ਹਿਸਾਰ ਜਾਂ ਹਾਂਸੀ ਦਾ ਕੋਈ ਵੀ ਵਕੀਲ ਰਾਮਪਾਲ ਦੀ ਪੈਰਵੀ ਨਹੀਂ ਕਰੇਗਾ। ਇਹ ਫੈਸਲਾ ਐਸੋਸੀਏਸ਼ਨ ਦੇ ਜਨਰਲ ਇਜਲਾਸ ਨੇ ਲਿਆ ਹੈ। ਉਂਜ, ਜੇਕਰ ਕੋਈ ਬਾਹਰਲਾ ਵਕੀਲ ਜਾਂ ਲੀਗਲ ਏਡ ਸੈੱਲ ਦਾ ਨੁਮਾਇੰਦਾ ਰਾਮਪਾਲ ਦੀ ਪੈਰਵੀ ਲਈ ਆਉਂਦਾ ਹੈ ਤਾਂ ਉਸ ਦਾ ਵਿਰੋਧ ਨਹੀਂ ਕੀਤਾ ਜਾਵੇਗਾ।

ਯਾਦ ਰਹੇ ਕਿ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ’ਚ ਸਖਤ ਸੁਰੱਖਿਆ ਹੇਠ ਪੇਸ਼ ਕਰਨ ਬਾਅਦ 28 ਨਵੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਇਸੇ ਦੌਰਾਨ 2008 ਦੇ ਕਤਲ ਕੇਸ ’ਚ ਰਾਮਪਾਲ ਨੂੰ ਮਿਲੀ ਜ਼ਮਾਨਤ ਰੱਦ ਕਰ ਦਿੱਤੀ ਸੀ। ਅਦਾਲਤ ’ਚ ਜਦੋਂ ਰਾਮਪਾਲ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੇ ‘ਸ਼ਰਮ ਕਰੋ, ਸ਼ਰਮ ਕਰੋ’ ਦੇ ਨਾਅਰੇ ਵੀ ਲਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮਪਾਲ ਨੇ ਆਸ਼ਰਮ ’ਚ ਬੰਕਰ ਹੋਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅੰਦਰ ਸਭ ਕੁਝ ਠੀਕ ਠਾਕ ਸੀ। ਉਸ ਨੇ ਕਿਹਾ, ‘‘ਮੇਰਾ ਸਮਾਂ ਖਰਾਬ ਚਲ ਰਿਹਾ ਹੈ।’’
ਅਦਾਲਤ ਦੀ ਕਾਰਵਾਈ ਦੌਰਾਨ ਰਾਮਪਾਲ ਕਟਹਿਰੇ ’ਚ ਚੁੱਪਚਾਪ ਨੀਵੀਂ ਪਾਈ ਖੜ੍ਹਾ ਰਿਹਾ। ਉਸ ਨੇ ਵਕੀਲ ਐਸ ਕੇ ਗਰਗ ਨਰਵਾਣਾ ਨੇ ਬੈਂਚ ਮੂਹਰੇ ਪੇਸ਼ ਨਾ ਹੋਣ ਦਾ ਕਾਰਨ ਦੱਸਿਆ ਕਿ ਰਾਮਪਾਲ ਨੂੰ ਆਸ਼ਰਮ ਅੰਦਰ ਬੰਦੀ ਬਣਾਇਆ ਹੋਇਆ ਸੀ। ਰਾਮਪਾਲ ਨੂੰ ਸਾਊ ਬੰਦਾ ਕਰਾਰ ਦਿੰਦਿਆਂ ਨਰਵਾਣਾ ਨੇ ਉਸ ਦੇ ਨਕਸਲੀਆਂ ਨਾਲ ਸਬੰਧਾਂ ਤੋਂ ਇਨਕਾਰ ਕੀਤਾ। ਜਸਟਿਸ ਐਮ ਜਯਾਪਾਲ ਅਤੇ ਜਸਟਿਸ ਦਰਸ਼ਨ ਸਿੰਘ ਦੀ ਬੈਂਚ ਨੇ ਸਪਸ਼ਟ ਕੀਤਾ ਕਿ ਡੀ ਜੀ ਪੀ ਦੀ ਰਿਪੋਰਟ ਹਲਫਨਾਮੇ ਦੇ ਰੂਪ ’ਚ ਹੋਵੇ ਅਤੇ ਉਸ ’ਚ ਰਾਮਪਾਲ ਦੇ ਹਮਾਇਤੀਆਂ ਵੱਲੋਂ ਹਮਲਾ ਕਰਨ ਨਾਲ ਹੋਏ ਨੁਕਸਾਨ, ਅਪਰੇਸ਼ਨ ’ਚ ਜ਼ਖਮੀ ਹੋਣ ਵਾਲਿਆਂ, ਮ੍ਰਿਤਕਾਂ ਅਤੇ ਆਸ਼ਰਮ ’ਚੋਂ ਮਿਲੇ ਹਥਿਆਰਾਂ ਤੇ ਗੋਲੀ ਸਿੱਕੇ ਦਾ ਵਿਸਤ੍ਰਿਤ ਵੇਰਵਾ ਦਰਜ ਹੋਵੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਅਪਰੇਸ਼ਨ ਦੌਰਾਨ ਹੋਏ ਖਰਚੇ ਦੀ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ।ਡਿਵੀਜ਼ਨ ਬੈਂਚ ਨੇ ਹਰਿਆਣਾ ਦੇ ਮੁੱਖ ਸਕੱਤਰ ਤੋਂ ਰਾਮਪਾਲ ਦੀਆਂ ਜਾਇਦਾਦਾਂ ਦੀ ਰਿਪੋਰਟ ਵੀ ਮੰਗੀ ਹੈ। ਬੈਂਚ ਨੇ ਅਦਾਲਤ ਨੂੰ ਸਹਿਯੋਗ ਦੇ ਰਹੇ ਸੀਨੀਅਰ ਵਕੀਲ ਅਨੁਪਮ ਗੁਪਤਾ ਨੂੰ ਕਿਹਾ ਕਿ ਉਹ ਰਾਮਪਾਲ ਅਤੇ ਹੋਰਾਂ ਖ਼ਿਲਾਫ਼ ਕਤਲ ਦੇ ਕੇਸ ਨੂੰ ਚਲਾਉਣ ਲਈ ਢੁਕਵੇਂ ਸਥਾਨ ਦੀ ਜਾਣਕਾਰੀ ਦੇਣ।

ਡੇਰਿਆਂ ’ਚ ਹਥਿਆਰਾਂ ਤੋਂ ਹਾਈ ਕੋਰਟ ਫ਼ਿਕਰਮੰਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੇਰਿਆਂ ’ਚ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਹੁੰਦੀ ਗੈਰ-ਕਾਨੂੰਨੀ ਵਰਤੋਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਬੈਂਚ ਨੇ ਐਡਵੋਕੇਟ ਜਨਰਲ ਬੀਆਰ ਮਹਾਜਨ ਨੂੰ ਹਰਿਆਣਾ ਦੇ ਹੋਰਨਾਂ ਡੇਰਿਆਂ ਅਤੇ ਆਸ਼ਰਮਾਂ ’ਚ ਗੈਰ-ਕਾਨੂੰਨੀ ਹਥਿਆਰਾਂ ਤੇ ਗੋਲੀ-ਸਿੱਕੇ ਬਾਰੇ ਜਾਣਕਾਰੀ ਦੇਣ ਲਈ ਕਿਹਾ। ਜੱਜਾਂ ਨੇ ਕਿਹਾ ਕਿ ਹੋਰਾਂ ਡੇਰਿਆਂ ਤੇ ਆਸ਼ਰਮਾਂ ਦੇ ਮੁਖੀਆਂ ਖ਼ਿਲਾਫ਼ ਚਲ ਰਹੇ ਕੇਸਾਂ ਅਤੇ ਗੈਰ-ਜ਼ਮਾਨਤੀ ਵਾਰੰਟਾਂ ਬਾਰੇ ਅਦਾਲਤ ਨੂੰ ਜਾਣਕਾਰੀ ਦਿੱਤੀ ਜਾਵੇ। ਅਦਾਲਤ ਦੇ ਸਹਿਯੋਗੀ ਅਨੁਪਮ ਗੁਪਤਾ ਨੇ ਕਿਹਾ ਕਿ ਧਾਰਮਿਕ ਅਸਥਾਨਾਂ ’ਚ ਸਤਲੋਕ ਆਸ਼ਰਮ ਵਰਗੇ ਹਾਲਾਤ ਪੈਦਾ ਹੋਣ ’ਤੇ ਉਨ੍ਹਾਂ ਨਾਲ ਨਜਿੱਠਣ ਲਈ ਹਾਈ ਕੋਰਟ ਨੂੰ ਹੀ ਕੋਈ ਉਪਾਅ ਦੱਸਣਾ ਚਾਹੀਦਾ ਹੈ ਅਤੇ ਅਗਲੀ ਸੁਣਵਾਈ ਦੌਰਾਨ ਉਹ ਇਹ ਮਾਮਲਾ ਅਦਾਲਤ ਸਾਹਮਣੇ ਰੱਖਣਗੇ।

Popular Articles