ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦੀ ਹਮਾਇਤ ਦਾ ਹੱਕਦਾਰ ਨਹੀਂ : ਸਿੱਧੂ

ਹਰਿਆਣਾ ਵਿੱਚ ਭਾਜਪਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਲਾਇਆ ਦੋਸ਼

 

ਸ਼ਬਦੀਸ਼

ਚੰਡੀਗੜ੍ਹ – ਸਿੰਘ ਸਿੱਧੂ ਨੇ ਅਕਾਲੀ ਭਾਜਪਾ ਗਠਜੋੜ ਦੀ ਪ੍ਰਵਾਹ ਕਰਨ ਦੀ ਰਸਮ ਪੁਗਾਊਣੀ ਵੀ ਛੱਡ ਦਿੱਤੀ ਹੈ ਅਤੇ ਹਰਿਆਣਾ ਚੋਣਾਂ ਵਿੱਚ ਇਨੈਲੋ ਦੇ ਨਾਲ ਖੜੇ ਭਾਈਵਾਲ ਬਾਰੇ ਸ਼ਰੇਆਮ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ  “ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦੀ ਹਮਾਇਤ ਦਾ ਹੱਕਦਾਰ ਨਹੀਂ ਹੈ।”  ਸਿੱਧੂ ਹਰਿਆਣਾ ਵਿੱਚ ਭਾਜਪਾ ਨੂੰ ਰਾਜਸੀ ਨੁਕਸਾਨ ਪਹੁੰਚਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੋਲੋਂ ਪੁੱਛ ਰਹੇ ਹਨ,  ਜੋ ਲੋਕ ਆਪਣੇ-ਆਪ ਨੂੰ ਹਿੰਦੂ-ਸਿੱਖ ਏਕਤਾ ਦਾ ਮੁਦਈ ਕਹਿ ਕੇ ਵੋਟਾਂ ਹਾਸਲ ਕਰਦੇ ਰਹੇ ਹਨ, ਹੁਣ ਕਿਹੜੇ ਮੂੰਹ ਨਾਲ ਹਰਿਆਣਾ ਵਿੱਚ ਭਾਜਪਾ ਦਾ ਵਿਰੋਧ ਕਰਦੇ ਹਨ? ਉਨ੍ਹਾਂ ਕਿਹਾ ਕਿ ਇਹ ਸਚਾਈ ਹੈ ਕਿ 1966 ਤੋਂ ਕਾਂਗਰਸ ਨੇ ਕਦੇ ਵੀ ਅਕਾਲੀ ਦਲ ਦੇ ਮੁੱਖ ਮੰਤਰੀ ਨੂੰ ਪੰਜ ਸਾਲ ਪੂਰੇ ਨਹੀਂ ਕਰਨ ਦਿੱਤੇ ਤੇ ਜਦੋਂ 1990ਵੇਂ ਦਹਾਕੇ ਦੇ ਆਖਰੀ ਪਲਾਂ ਵਿੱਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਪਹਿਲੀ ਵਾਰ 1997 ਤੋਂ 2002 ਤੱਕ ਅਕਾਲੀ ਦਲ ਦੀ ਸਰਕਾਰ ਨੂੰ ਆਪਣੀ ਮਿਆਦ ਪੂਰੀ ਕਰਨ ਵਿੱਚ ਕੋਈ ਸਮੱਸਿਆ ਨਾ ਆਈ ਤੇ ਭਾਜਪਾ ਦੀ ਹਮਾਇਤ ਸਦਕਾ ਹੀ  ਅਕਾਲੀ ਦਲ 2007 ਅਤੇ 2012 ਵਿੱਚ ਸਰਕਾਰ ਬਣਾ ਸਕਿਆ ਹੈ, “ਪਰ ਇਹ ਬੇਹੱਦ ਬਦਕਿਸਮਤੀ ਹੈ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਭਾਜਪਾ ਨੂੰ ‘ਖੁੱਡੇ ਲਾਈਨ’ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਜਪਾ ਆਗੂਆਂ ਵਿਰੁੱਧ ਕੇਸ ਦਰਜ ਹੋਏ ਤੇ ਭਾਜਪਾ ਨੂੰ ਨੀਵਾਂ ਦਿਖਾਉਣ ਲਈ ਹਰ ਹਰਬਾ ਵਰਤਿਆ ਗਿਆ।” ਸਿੱਧੂ ਨੇ ਕਿਹਾ ਕਿ ਉਹ ਅਕਾਲੀ  ਲੀਡਰਸ਼ਿਪ ਨੂੰ ਵੱਖ-ਵੱਖ  ਮਸਲਿਆਂ ਉੱਤੇ ਸਵਾਲ ਕਰਨੇ  ਜਾਰੀ ਰੱਖਣਗੇ। ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਸ਼ਕਤੀ ਨੂੰ ਹੀ ਭਾਜਪਾ ਵਿਰੁੱਧ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਕਿਤੇ ਵੀ ਕਿਸੇ ਵੀ ਮੰਚ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਬਹਿਸ ਕਰਨ ਨੂੰ ਤਿਆਰ ਹਨ, ਪਰ ਉਹ ਹੋਰਨਾਂ ਅਕਾਲੀ ਆਗੂਆਂ ਦੇ ਨਾਵਾਂ ਉੱਤੇ ਜਾਰੀ ਕੀਤੇ ਜਾ ਰਹੇ ਬਿਆਨਾਂ ਦਾ ਜਵਾਬ ਨਹੀਂ ਦੇਣਗੇ। ਉਹ ਕਿਸੇ ਵੀ ਦਬਾਅ ਥੱਲੇ ਆ ਕੇ ਕਿਸੇ ਵੀ ਹਾਲਤ ਵਿੱਚ ਚੁੱਪ ਨਹੀਂ ਬੈਠੇਗਾ ਤੇ ਭਾਜਪਾ ਵਰਕਰਾਂ ਉੱਤੇ ਤਸ਼ੱਦਦ ਦੇ  ਮਾਮਲਿਆਂ ਨੂੰ ਉਭਾਰਦਾ ਰਹੇਗਾ। ਉਨ੍ਹਾਂ ਕਿਹਾ ਕਿ ਉਹ ਰਾਜ ਵਿੱਚ  ‘ਡੰਡੇ’ ਦੇ ਜ਼ੋਰ  ’ਤੇ ਰਾਜ ਕਰਨ ਦੇ ਖ਼ਿਲਾਫ਼ ਹਨ ਤੇ ਅਜਿਹੇ ਸਭਿਆਚਾਰ ਦੇ ਸਖਤ ਵਿਰੁੱਧ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਪਤਨੀ ਅਸਤੀਫਾ ਦੇਵੇਗੀ ਤਾਂ ਸਿੱਧੂ ਨੇ ਕਿਹਾ, “ਉਹ ਸਰਕਾਰ ਵਿੱਚ ਭਾਜਪਾ ਦੀ ਨੁਮਾਇੰਦਾ ਹੈ, ਨਾ ਕਿ ਅਕਾਲੀ ਕਰਕੇ ਹੈ। ਉਹ ਅਸਤੀਫਾ ਕਿਉਂ ਦੇਵੇ? ਮੈਂ ਸੂਬੇ ਦੀ ਸਥਿਤੀ ਤੋਂ ਭਾਜਪਾ ਦੇ ਆਗੂਆਂ ਨੂੰ ਜਾਣੂੰ ਕਰਵਾਇਆ ਹੈ ਤੇ ਸਾਰਾ ਕੁਝ ਭਾਜਪਾ ਲੀਡਰਸ਼ਿਪ ਦੇ ਧਿਆਨ ਵਿੱਚ ਹੈ।” ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਇਨੈਲੋ ਦੀ ਹਮਾਇਤ ਕਰਕੇ ਅਕਾਲੀ ਦਲ ਰਾਜ ਧਰਮ ਦੀ ਥਾਂ ਮਿੱਤਰ ਧਰਮ ਨਿਭਾਅ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੇ ਨਿੱਜੀ ਮੁਫਾਦਾਂ ਕਾਰਨ ਇਨੈਲੋ ਦੀ ਹਮਾਇਤ ਕਰ ਰਹੇ ਹਨ।

 

Shabdeesh:
Related Post
Disqus Comments Loading...
Recent Posts