ਅਕਾਲੀ-ਭਾਜਪਾ ਗਠਜੋੜ ਲਈ ਦਿੱਲੀ ਦੀ ਜ਼ਿਮਨੀ ਚੋਣ ਬਣ ਸਕਦੀ ਹੈ ਸਖ਼ਤ ਇਮਤਿਹਾਨ

ਸ਼ਬਦੀਸ਼

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਣਦਾ ਮਾਣ-ਤਾਣ ਨਾ ਮਿਲ਼ਣ ਨੂੰ ਨਵਜੋਤ ਸਿੰਘ ਸਿੱਧੂ ਤੱਕ ਸੀਮਤ ਕੀਤਾ ਜਾ ਰਿਹਾ ਸੀ, ਹਾਲਾਂਕਿ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਖ ਨਹੀਂ ਸੀ ਮਿਲ਼ਾਈ। ਫਿਰ ਚੰਡੀਗੜ੍ਹ ਵਿੱਚ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀ ਪੀ ਏ) ਦੀ ਤਿੰਨ ਰੋਜ਼ਾ ਕਾਨਫਰੰਸ ਦੌਰਾਨ ਵੀ ਖੱਟਰ ਨੇ ਦੂਰੀ ਬਣਾਈ ਰੱਖੀ ਅਤੇ ਬਾਦਲ ਦੇ ਨਾਲ ਖਾਣੇ ਦੀ ਟੇਬਲ ’ਤੇ ਬੈਠੇ ਪੰਜਾਬ ਭਾਜਪਾ ਪ੍ਰਧਾਨ ਵੀ ਉਠ ਕੇ ਹਰਿਆਣਾ ਦੇ ਮੁੱਖ ਮੰਤਰੀ ਕੋਲ਼ ਜਾ ਬੈਠੇ ਸਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਦਿੱਲੀ ਵਿੱਚ ਦੀਆਂ ਸੰਭਾਵੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ। ਇਹ ਰੁਖ਼ ਫ਼ਿਲਹਾਲ਼ ਤਿੰਨ ਸੀਟਾਂ ਲਈ ਜ਼ਿਮਨੀ ਚੋਣ ਤੱਕ ਸੀਮਤ ਹੈ, ਪਰ ਇਹ ਅਕਾਲੀ ਦਲ ਲਈ ਗੰਭੀਰ ਸੰਕੇਤ ਹੈ, ਜਿਸਨੇ ਹਰਿਆਣਾ ਵਿੱਚ ਅਕਾਲੀ-ਭਾਜਪਾ ਗਠਜੋੜ ਤੋੜ ਕੇ ਇਨੈਲੋ ਨਾਲ਼ ਸਾਂਝ ਪਾ ਲਈ ਸੀ।

ਸੂਤਰ ਦੱਸਦੇ ਹਨ ਕਿ ਭਾਜਪਾ ਮਹਿਰੌਲੀ, ਤੁਗਲਕਾਬਾਦ ਤੇ ਕ੍ਰਿਸ਼ਨਾ ਨਗਰ ਦੀ ਜ਼ਿਮਨੀ ਚੋਣ ਆਪਣੇ ਦਮ ’ਤੇ ਲੜਨ ਦੇ ਮੂਡ ਵਿੱਚ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਦੌਰਾਨ ਜਿੱਤੀਆਂ ਸੀਟਾਂ ’ਤੇ ਮੁੜ ਕਬਜ਼ਾ ਆਸਾਨ ਲਗਦਾ ਹੈ, ਜਦੋਂ ਆਪ ਦੀ ਫੂਕ ਨਿਕਲ਼ੀ ਹੋਈ ਹੈ। ਭਾਜਪਾ ਦੇ ਕੌਮੀ ਸਕੱਤਰ ਆਰ ਪੀ ਸਿੰਘ ਨੇ ਜ਼ਿਮਨੀ ਚੋਣ ‘ਚ ਦੋਵੇਂ ਭਾਈਵਾਲਾਂ ਵੱਲੋਂ ਰਲ ਕੇ ਚੋਣ ਪ੍ਰਚਾਰ ਕਰਨ ਬਾਰੇ ਕੀਤੇ ਸੁਆਲ ‘ਤੇ ਕਿਹਾ ਕਿ ਜਦੋਂ ਅਕਾਲੀਆਂ ਦੀ ਲੋੜ ਪਏਗੀ, ਉਨ੍ਹਾਂ ਨੂੰ ਬੁਲਾ ਲਿਆ ਜਾਏਗਾ ਇਨ੍ਹਾਂ ਤਿੰਨ ਸੀਟਾਂ ‘ਤੇ ਅਕਾਲੀਆਂ ਦਾ ਬਹੁਤਾ ਪ੍ਰਭਾਵ ਨਹੀਂ ਹੈ। ਓਧਰ

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਦਿੱਲੀ ਮਾਮਲਿਆਂ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਭਾਜਪਾ ਦੇ ਸੰਪਰਕ ’ਚ ਹੋਣ ਦੀ ਗੱਲ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਚੋਣ ਰਣਨੀਤੀ ਤੇ ਮੁੱਖ ਮੁਹਿੰਮਕਾਰਾਂ ਨਾਲ ਅਧਿਕਾਰਤ ਮੀਟਿੰਗ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨਾਲ ਸਬੰਧ ਪੱਕੇ ਹਨ ਤੇ ਦਿੱਲੀ ਤੇ ਪੰਜਾਬ ‘ਚ ਗਠਜੋੜ ਕਾਇਮ ਹੈ। ਅਕਾਲੀ ਦਲ, ਭਾਈਵਾਲ ਵਜੋਂ ਭਾਜਪਾ ਦੀ ਮਦਦ ਦਾ ਚਾਹਵਾਨ ਹੈ। ਅਕਾਲੀ-ਭਾਜਪਾ ਗਠਜੋੜ ਨੇ ਦਿੱਲੀ ਵਿਧਾਨ ਸਭਾ ਚੋਣ ਸਾਂਝੇ ਤੌਰ ‘ਤੇ ਲੜੀ ਸੀ। ਅਕਾਲੀ ਦਲ ਦੇ ਚਾਰ ਵਿੱਚੋਂ ਤਿੰਨ ਉਮੀਦਵਾਰ ਜਿੱਤ ਸਨ ਤੇ ਦੋ ਨੇ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜੀ ਸੀ। ਦਿੱਲੀ ’ਚ ਛੇ ਫੀਸਦੀ ਵੋਟਰ  ਸਿੱਖ ਹਨ, ਇਸ ਤੋਂ ਇਲਾਵਾ ਪੰਜਾਬੀ ਆਬਾਦੀ ਵੀ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਫਤਹਿਗੜ੍ਹ ਸਾਹਿਬ (ਪੰਜਾਬ) ਦੇ ਸਿੱਖ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਦਿੱਲੀ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ ਲਾ ਚੁੱਕੀ ਹੈ, ਜਿਨ੍ਹਾਂ ਦਾ ਅਕਸਰ ਅਕਾਲੀ ਦਲ ਨਾਲ਼ ਤਿੱਖਾ ਟਕਰਾਅ ਰਹਿੰਦਾ ਹੈ। ਉਨ੍ਹਾਂ ਦਾ ਦਿੱਲੀ ‘ਦੇ ਪੰਜਾਬੀ ਭਾਈਚਾਰੇ ਦਾ ਚੰਗਾ ਰਸੂਖ ਹੈ ਅਤੇ ਆਮ ਆਦਮੀ ਪਾਰਟੀ ਦਾ ਪਹਿਲਾਂ ਵਰਗਾ ਵੱਕਾਰ ਗਵਾਚਣ ਨਾਲ ਕਾਂਗਰਸ ਜ਼ੋਰ ਫੜਦੀ ਨਜ਼ਰ ਰਹੀ ਹੈ, ਹਾਲਾਂਕਿ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਦਾ ਨਰਿੰਦਰ ਮੋਦੀ ਪ੍ਰਤੀ ਬਦਲਦਾ ਰੁਖ਼ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਹੈ।

This post was last modified on October 30, 2014 11:35 am

Shabdeesh:
Related Post
Disqus Comments Loading...
Recent Posts