ਅਰੁਣ ਜੇਤਲੀ ਦਾ ਫੋਨੋ ਭਰੋਸਾ : ਪੰਜਾਬ ਵਿੱਚ ਕਾਇਮ ਰਹੇਗਾ ਅਕਾਲੀ-ਭਾਜਪਾ

ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਨਗਰ ਨਿਗਮ ਚੋਣਾਂ ਰਲ਼ ਕੇ ਲੜਨ ਦਾ ਐਲਾਨ

ਸ਼ਬਦੀਸ਼
ਚੰਡੀਗੜ੍ਹ – ਹਰਿਆਣਾ ਚੋਣਾਂ ਦੌਰਾਨ ਭਰਵੀਂ ਵੋਟਿੰਗ ਤੋਂ ਉਤਸ਼ਾਹਤ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਦੀ ਤਲਖ਼ ਕਲਾਮੀ ਕਾਰਨ ਸ਼੍ਰੋਮਣੀ ਅਕਾਲੀ ਦਲ ਨਾਲ ਚਲਦੀ ਕੁੜਤਣ ’ਤੇ ਮਿੱਟੀ ਪਾਉਣ ਦਾ ਮਨ ਬਣਾ ਲਿਆ ਹੈ ਅਤੇ ਹੁਣ ਅਕਾਲੀ-ਭਾਜਪਾ ਗਠਜੋੜ ਪਹਿਲਾਂ ਵਾਂਗ ਕਾਇਮ ਰਹੇਗਾ। ਇਹ ਸ਼ੰਕਾ ਗੱਲ ਭਾਜਪਾ ਪ੍ਰਧਾਨ ਨਾਲ ਗੱਲਬਾਤ ਪਿੱਛੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਏ ਅਰੁਣ ਜੇਤਲੀ ਦੇ ਫੋਨ ਤੋਂ ਨਵਿਰਤ ਹੋ ਗਿਆ ਹੈ। ਕੇਂਦਰੀ ਮੰਤਰੀ ਦੇ ਫ਼ੋਨ ਤੋਂ ਜ਼ਾਹਰ ਹੋ ਗਿਆ ਕਿ ਭਾਜਪਾ ਮਹਾਰਾਸ਼ਟਰ ਤੇ ਹਰਿਆਣਾ ਵਾਂਗ ਪੰਜਾਬ ਵਿੱਚ ਵੀ ‘ਏਕਲਾ ਚਲੋ ਰੇ’ ਦੀ ਸੁਰ ਛੇੜਨ ਦੇ ਮੂਡ ਵਿੱਚ ਨਹੀਂ ਹੈ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨਾਲ ਫ਼ੋਨ ’ਤੇ ਗੱਲ ਕਰਨ ਤੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਨਾਲ 45 ਮਿੰਟਾਂ ਤੱਕ ਆਹਮੋ-ਸਾਹਮਣੇ ਗੱਲਬਾਤ ਵੀ ਕੀਤੀ।

ਇਸੇ ਦੌਰਾਨ ਭਾਜਪਾ ਪ੍ਰਧਾਨ ਨੇ ‘ਏਕਲਾ ਚਲੋ ਰੇ’ ਤੋਂ ਮੁਕਤ ਰਹਿਣ ਦੇ ਸਿਆਸੀ ਸਾਰ ਨੂੰ ਸਪੱਸ਼ਟ ਕਰਦਿਆਂ ਕਿਹਾ, “ਹਰਿਆਣਾ, ਮਹਾਰਾਸ਼ਟਰ ਤੇ ਪੰਜਾਬ ਦੇ ਹਾਲਾਤ ਵੱਖੋ-ਵੱਖਰੇ ਹਨ। ਭਾਜਪਾ ਕਿਸੇ ਵੀ ਕੀਮਤ ’ਤੇ ਸ਼੍ਰੋਮਣੀ ਅਕਾਲੀ ਦਲ ਨਾਲ ਚਲਦਾ ਗਠਜੋੜ ਨਹੀਂ ਤੋੜੇਗੀ।” ਇਧਰ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਵੀ 24 ਘੰਟੇ ਦੇ ਅੰਦਰ-ਅੰਦਰ ਆਪਣੇ ਰੋਹ ’ਤੇ ਸੱਤ ਘੜੇ ਪਾਣੀ ਪਾਉੰਦੇ ਹੋਏ ਨਵਜੋਤ ਸਿੱਧੂ ਦੀ ਵਾਪਸ ਲਈ ਸੁਰੱਖਿਆ ਛਤਰੀ ਬਹਾਲ ਕਰ ਦਿੱਤੀ ਹੈ।

ਭਾਜਪਾ ਲੀਡਰਸ਼ਿੱਪ ਦੇ ਮੂਡ ਦਾ ਅੰਦਾਜ਼ਾ ਸੂਬਾਈ ਪ੍ਰਧਾਨ ਕਮਲ ਸ਼ਰਮਾ ਦੇ ਬਿਆਨ ਤੋਂ ਵੀ ਲੱਗ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਅਗਾਮੀ ਨਗਰ ਨਿਗਮ ਚੋਣਾਂ ਰਲ ਕੇ ਲੜਨ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਸਾਬਕਾ ਡੀ ਜੀ ਪੀ ਰਾਜਦੀਪ ਸਿੰਘ ਗਿੱਲ ਅਤੇ ਪਰਮਦੀਪ ਸਿੰਘ ਗਿੱਲ ਦੀ ਮਾਤਾ ਸਰਦਾਰਨੀ ਗੁਰਦੀਪ ਕੌਰ ਗਿੱਲ ਦੇ ਸਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਟਾਊਨ ਹਾਲ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਸਾਂਝੀ ਕੀਤੀ।

ਯਾਦ ਰਹੇ ਕਿ ਪਰਮਦੀਪ ਸਿੰਘ ਗਿੱਲ ਅਕਾਲੀ ਦਲ ਦੀ ਟਿਕਟ ਲੈਣ ਦੇ ਚਾਹਵਾਨ ਸਨ ਅਤੇ ਉਨ੍ਹਾਂ ਪਾਰਟੀ ਲਈ ਸਰਗਰਮੀ ਵੀ ਕੀਤੀ ਸੀ, ਪਰ ਮੋਗਾ ਦੀ ਜ਼ਿਮਨੀ ਚੋਣ ਵਿੱਚ ਹਾਸ਼ੀਏ ’ਤੇ ਚਲੇ ਜਾਣ ਬਾਅਦ ਭਾਜਪਾ ਜੁਆਇੰਨ ਕਰ ਲਈ ਸੀ। ਉਹ ਚੁੱਪਚਾਪ ਦਿੱਲੀ ਗਏ ਅਤੇ ਭਾਜਪਾ ਵਿੱਚ ਸ਼ਮੂਲੀਅਤ ਦਾ ਐਲਾਨ ਕਰ ਦਿੱਤਾ। ਉਸ ਵਕਤ ਸ਼੍ਰੋਮਣੀ ਅਕਾਲੀ ਦਲ ਨੇ ਅੰਦਰਖਾਤੇ ਨਾਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਸੀ. ਪਰ ਗੱਲ ਆਈ-ਗਈ ਹੋ ਕੇ ਰਹਿ ਗਈ ਸੀ।
ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਚੱਲ ਰਹੇ ਸ਼ਬਦਬਾਣਾਂ ਬਾਬਤ ਖਾਮੋਸ਼ੀ ਧਾਰਨ ਕੀਤੀ ਹੋਈ ਸੀ। ਉਂਜ ਵੀ ਨਵਜੋਤ ਸਿੱਧੂ ਦੇ ਅਕਾਲੀਆਂ ਦੇ ਸਥਾਨਕ ਤੇ ਸੀਨੀਅਰ ਨੇਤਾਵਾਂ ਨਾਲ ਟਕਰਾਅ ਸਮੇਂ ਕਮਲ ਸ਼ਰਮਾ ਦਾ ਰੁਖ਼ ‘ਵੇਖੋ ਤੇ ਇੰਤਜ਼ਾਰ ਕਰੋ’ ਵਾਲਾ ਹੀ ਰਿਹਾ ਹੈ। ਉਨ੍ਹਾਂ ਤਾਜ਼ਾ ਵਿਵਾਦ ਬਾਰੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਇਸ ਮੁੱਦੇ ’ਤੇ ਹਾਈਕਮਾਂਡ ਵਿਚਾਰ ਕਰੇਗੀ।

ਉਨਝਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਨ ਦੇ ਸਵਾਲ ਨੂੰ ਵੀ  ‘ਸ਼ਾਨਦਾਰ ਜਿੱਤ’ ਦੇ ਦਾਅਵੇ ਵਿੱਚ ਲਪੇਟ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਸ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ। ਇਸ ਸ਼ਰਧਾਂਜਲੀ ਸਮਾਗਮ ਵਿੱਚ  ਸੀਨੀਅਰ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਨੇ ਵੀ ਸ਼ਿਰਕਤ ਕੀਤੀ, ਅਕਾਲੀ ਦਲ ਦਾ ਕੋਈ ਵੱਡਾ ਆਗੂ ਹਾਜ਼ਰ ਨਹੀਂ ਸੀ।

This post was last modified on October 16, 2014 8:04 am

Shabdeesh:
Related Post
Disqus Comments Loading...
Recent Posts