ਚੋਣ ਕਮਿਸ਼ਨ ਵੱਲੋਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਪ੍ਰਸਾਰਨ ਲਈ ਸਮਾਂ ਅਲਾਟ

ਐਨ ਐਨ ਬੀ ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਛੇ ਕੌਮੀ ਅਤੇ ਦੋ ਖੇਤਰੀ ਸਿਆਸੀ ਪਾਰਟੀਆਂ  ਨੂੰ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ’ਤੇ  ਮੁਫਤ ਪ੍ਰਸਾਰਨ ਲਈ ਸਮੇਂ ਦੀ ਵੰਡ ਕੀਤੀ ਹੈ।  ਰਾਜਨੀਤਕ ਪਾਰਟੀਆਂ ਨੂੰ ਕੁੱਲ 1440 ਮਿੰਟ ਚੋਣ ਮੁਹਿੰਮ ਲਈ ਦਿਤੇ ਜਾਣਗੇ। ਹਰਿਆਣਾ ਦੇ ਮੁੱਖ ਚੋਣ  ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਦੱਸਿਆ ਕਿ ਇਹ ਸਹੂਲਤ ਰਾਜ ਦੇ ਮੁੱਖ ਦਫ਼ਤਰ ਸਥਿਤ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਖੇਤਰੀ ਕੇਂਦਰਾਂ ਵਿਚ ਉਪਲੱਬਧ ਹੋਵੇਗੀ ਅਤੇ ਹਰਿਆਣਾ ਦੇ ਹੋਰ ਸਟੇਸ਼ਨਾਂ ’ਤੇ ਵੀ ਪ੍ਰਸਾਰਨ ਦੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕੌਮੀ ਪਾਰਟੀਆਂ ਵਿਚ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ ਪੀ ਆਈ, ਸੀ ਪੀ ਆਈ (ਐਮ), ਭਾਰਤੀ ਰਾਸ਼ਟਰੀ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ ਤੋਂ ਇਲਾਵਾ ਦੋ ਖੇਤਰੀ ਪਾਰਟੀਆਂ ਹਰਿਆਣਾ ਜਨਹਿਤ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਰਾਜ ਵਿਚ ਦੂਰਦਰਸ਼ਨ ਨੈਟਵਰਕ ਅਤੇ ਆਲ ਇੰਡੀਆ ਰੇਡੀਓ ਦੇ ਖੇਤਰੀ ਕੇਂਦਰਾਂ ਵਿਚ ਮਾਨਤਾ ਪ੍ਰਾਪਤ ਹਰੇਕ ਕੋਮੀ ਰਾਜਨੀਤਕ ਪਾਰਟੀਆਂ ਅਤੇ ਖੇਤਰੀ ਰਾਜਨੀਤਕ ਪਾਰਟੀਆਂ ਨੂੰ ਬਰਾਬਰ 45 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਵਾਧੂ ਸਮਾਂ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ। ਇਕ ਸੈਸ਼ਨ ਪ੍ਰਸਾਰਨ ਲਈ 15 ਮਿੰਟ ਤੋਂ ਜ਼ਿਆਦਾ ਕਿਸੇ ਵੀ ਪਾਰਟੀ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ। ਪ੍ਰਸਾਰਣ ਦਾ ਸਮਾਂ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਤੋਂ ਲੈ ਕੇ ਵੋਟਾਂ ਪਾਉਣ ਦੀ ਤਾਰੀਖ਼ ਦੇ ਦੋ ਦਿਨ ਪਹਿਲਾਂ ਤੱਕ ਹੋਵੇਗਾ। ਸਿਆਸੀ ਦਲਾਂ ਨੂੰ ਪ੍ਰਸਾਰ ਭਾਰਤੀ ਨੂੰ ਅਗਾਊਂ ਤੌਰ ’ਤੇ ਦਿਤੇ ਜਾਣ ਵਾਲੇ ਭਾਸ਼ਣ ਦੀ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ ਤੇ ਪ੍ਰਾਈਵੇਟ ਸਟੂਡੀਓ ਵਿਚ ਰਿਕਾਡਿੰਗ ਅਤੇ ਖਰਚ ਰਾਜਨੀਤਕ ਦਲਾਂ ਵੱਲੋਂ ਉਠਾਇਆ ਜਾਵੇਗਾ।

Shabdeesh:
Related Post
Disqus Comments Loading...
Recent Posts