ਜਯਾ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲਦੇ-ਮਿਲਦੇ ਰਹਿ ਗਈ

ਐਨ ਐਨ ਬੀ

ਬੰਗਲੌਰ – ਕਰਨਾਟਕ ਹਾਈ ਕੋਰਟ ਵੱਲੋਂ ਅੰਨਾ ਡੀ ਐਮ ਕੇ ਦੀ ਮੁਖੀ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ.ਜੈਲਲਿਤਾ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਸਰਕਾਰੀ ਵਕੀਲ (ਐਸ ਐਸ ਪੀ) ਭਵਾਨੀ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਜੇ ਜੈਲਲਿਤਾ ਨੂੰ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵਗਾ, ਪਰ ਜਸਟਿਸ ਏ.ਵੀ. ਚੰਦਰਸ਼ੇਖਰ ਨੇ ਆਪਣੇ ਫੈਸਲੇ ’ਚ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ ਅਤੇ ਆਖਿਆ ਕਿ ਭ੍ਰਿਸ਼ਟਾਚਾਰ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਸਗੋਂ ਇਸ ਨਾਲ ਆਰਥਿਕ ਅਸਾਵਾਂਪਣ ਵੀ ਪੈਦਾ ਹੁੰਦਾ ਹੈ।
ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਲੰਘੀ 27 ਸਤੰਬਰ ਨੂੰ ਬੰਗਲੌਰ ਦੀ ਵਿਸ਼ੇਸ਼ ਅਦਾਲਤ ਵੱਲੋਂ ਜੈਲਲਿਤਾ, ਉਸ ਦੀ ਸਹਿਯੋਗੀ ਸ਼ਸ਼ੀਕਲਾ, ਕਰੀਬੀ ਰਿਸ਼ਤੇਦਾਰ ਵੀ.ਐਨ. ਸੁਧਾਕਰਨ, ਜੈਲਲਿਤਾ ਵੱਲੋਂ ਬੇਦਖਲ ਕੀਤੇ ਮੁਤਬੰਨੇ ਪੁੱਤਰ ਇਲਾਵਾਰਸੀ ਨੂੰ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। 66 ਸਾਲਾ ਜੈਲਲਿਤਾ ਦਾ ਪੱਖ ਪੂਰਨ ਲਈ ਉਚੇਚੇ ਤੌਰ ’ਤੇ ਆਏ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੇ ਸੁਪਰੀਮ ਕੋਰਟ ਵੱਲੋਂ ਚਾਰਾ ਘੁਟਾਲੇ ਦੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਦੇਣ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ। ਜਸਟਿਸ ਚੰਦਰਸ਼ੇਖਰ ਨੇ ਇਹ ਦਲੀਲ ਰੱਦ ਕਰਦਿਆਂ ਕਿਹਾ ਕਿ ਲਾਲੂ ਪ੍ਰਸਾਦ ਨੂੰ 10 ਮਹੀਨੇ ਕੈਦ ਭੁਗਤਣ ਤੋਂ ਬਾਅਦ ਜ਼ਮਾਨਤ ਮਿਲੀ ਸੀ। ਜੇਠਮਲਾਨੀ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 389 ਤਹਿਤ ਜੈਲਲਿਤਾ ਦੀ ਅਪੀਲ ਸੁਣਵਾਈ ਅਧੀਨ ਹੋਣ ਕਰਕੇ ਉਸ ਦੀ ਸਜ਼ਾ ਹੀ ਮੁਲਤਵੀ ਕਰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜੈਲਲਿਤਾ ਦੇ ਦੇਸ਼ ’ਚੋਂ ਫਰਾਰ ਹੋਣ ਦਾ ਖਤਰਾ ਨਹੀਂ ਹੈ ਅਤੇ ਆਮ ਤੌਰ ’ਤੇ ਅਜਿਹੇ ਕੇਸਾਂ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ਦੇ  ਦਿੱਤੀ ਜਾਂਦੀ ਹੈ। ਉਨ੍ਹਾਂ ਅਪੀਲਾਂ ’ਤੇ ਜਲਦੀ ਸੁਣਵਾਈ ਦੀ ਬੇਨਤੀ ਵੀ ਕੀਤੀ। ਇਸ ਤੋਂ ਪਹਿਲਾਂ ਅੰਨਾ ਡੀ ਐਮ ਕੇ ਦੇ ਕਾਰਕੁਨ ਬੰਗਲੌਰ ਦੀ ਪਾਰਾਪੰਨਾ ਅਗਰਗਰਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ’ਚ ਇਕੱਤਰ ਹੋਏ ਸਨ ਪਰ ਜਦੋਂ ਜ਼ਮਾਨਤ ਅਰਜ਼ੀ ਰੱਦ ਹੋਣ ਦੀ ਖਬਰ ਆਈ ਤਾਂ ਉਹ ਮਾਯੂਸ ਹੋ ਗਏ। ਜਦੋਂ ਜੇਠਮਲਾਨੀ ਤੋਂ ਪੁੱਛਿਆ ਗਿਆ ਕਿ ਕੀ ਉਹ ਸੁਪਰੀਮ ਕੋਰਟ ਦਾ ਰੁਖ਼ ਕਰਨਗੇ ਤਾਂ ਉਨ੍ਹਾਂ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ ਕਿ, ‘‘ਇਹ ਫੈਸਲਾ ਮੇਰੇ ਮੁਵੱਕਿਲ ਵੱਲੋਂ ਕੀਤਾ ਜਾਵੇਗਾ।’’

ਨਿਰਾਸ਼ਾ ਚ ਬਦਲੀ ਜੈਲਲਿਤਾ ਸਮਰਥਕਾਂ ਦੀ ਖ਼ੁਸ਼ੀ

ਚੇਨਈ – ਵਿਸ਼ੇਸ਼ ਸਰਕਾਰੀ ਵਕੀਲ ਵੱਲੋਂ ਏ ਆਈ ਏ ਡੀ ਐਮ ਕੇ ਦੀ ਮੁਖੀ ਜੈਲਲਿਤਾ ਦੀ ਜ਼ਮਾਨਤ ’ਤੇ ਕਰਨਾਟਕਾ ਹਾਈ ਕੋਰਟ ਵਿੱਚ ਕੋਈ ਇਤਰਾਜ਼ ਪ੍ਰਗਟ ਨਾ ਕਰਨ ਦੀਆਂ ਰਿਪੋਰਟਾਂ ’ਤੇ ਪੂਰੇ ਤਾਮਿਲਨਾਡੂ ਭਰ ਵਿੱਚ ਪਾਰਟੀ ਵਰਕਰ ਜ਼ਸ਼ਨ ਦੇ ਰੌਂਅ ਵਿੱਚ ਆ ਗਏ ਸਨ ਤੇ ਉਨ੍ਹਾਂ ਨੂੰ ਪੱਕਾ ਸੀ ਪਾਰਟੀ ਮੁਖੀ ਜੇਲ੍ਹ ਵਿੱਚੋਂ ਬਾਹਰ ਆ ਜਾਏਗੀ। ਅਦਾਲਤ ਵੱਲੋਂ ਇਹ ਰਾਹਤ ਦੇਣ ਤੋਂ ਇਨਕਾਰ ਕਰਨ ’ਤੇ ਉਹ ਇਕਦਮ ਨਿਰਾਸ਼ ਹੋ ਗਏ ਅਤੇ ਸੂਬੇ ’ਚ ਵੱਖ-ਵੱਖ ਥਾਈਂ ਪਾਰਟੀ ਵਰਕਰਾਂ ਨੇ ਰਸਤੇ ਰੋਕੇ ਤੇ ਜਾਮ ਲਾਏ।

This post was last modified on October 9, 2014 9:13 am

Shabdeesh:
Related Post
Disqus Comments Loading...
Recent Posts