ਤੂਫ਼ਾਨ ਪੀੜਤ ਆਂਧਰਾ ਵਾਸੀਆਂ ਲਈ ਇਕ ਹਜ਼ਾਰ ਕਰੋੜ ਦੀ ਕੇਂਦਰੀ ਰਾਹਤ

ਤਬਾਹੀ ਦਾ ਸ਼ਿਕਾਰ ਹੋਏ ਖੇਤਰਾਂ ਦਾ ਮੋਦੀ ਵੱਲੋਂ ਹਵਾਈ ਦੌਰਾ, ਹੋਰ ਇਮਦਾਦ ਦਾ ਭਰੋਸਾ

 

ਐਨ ਐਨ ਬੀ

ਵਿਸ਼ਾਖਾਪਟਨਮ – ਚੱਕਰਵਰਤੀ ਤੂਫਾਨ ‘ਹੁਦਹੁਦ’ ਕਰਕੇ ਮੱਚੀ ਤਬਾਹੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਮਾਲੀ ਇਮਦਾਦ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਹਤ ਕਾਰਜ ਚਲਾਉਣ ਲਈ ਅੰਤਰਿਮ ਸਹਾਇਤਾ ਹੈ ਅਤੇ ਪੂਰੇ ਸਰਵੇਖਣ ਬਾਅਦ ਹੋਰ ਸਹਾਇਤਾ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਵਿਸ਼ਾਖਾਪਟਨਮ ਦਾ ਦੌਰਾ ਕਰਕੇ ਉਥੇ ਤਬਾਹੀ ਦੇਖੀ ਅਤੇ ਕਿਹਾ ਕਿ ਉਹ ਤੂਫਾਨ ਪੀੜਤ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਮੋਦੀ ਨੇ ਤੂਫਾਨ ’ਚ ਮਾਰੇ ਗਏ ਲੋਕਾਂ ਦੇ ਨਜ਼ਦੀਕੀਆਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਮੁਸ਼ਕਲ ਦੀ ਇਸ ਘੜੀ ’ਚ ਕੇਂਦਰ ਆਂਧਰਾ ਪ੍ਰਦੇਸ਼ ਸਰਕਾਰ ਨਾਲ ਖੜਾ ਹੈ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ, ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਮੋਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਥਾਨਕ ਪੱਧਰ ’ਤੇ ਪ੍ਰਸ਼ਾਸਨ ਨੇ ਜ਼ਬਰਦਸਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਨੇ 6 ਅਕਤੂਬਰ ਨੂੰ ਤੂਫਾਨ ਦੀ ਭਵਿੱਖਬਾਣੀ ਕਰ ਦਿੱਤੀ ਸੀ ਅਤੇ ਤਕਨਾਲੋਜੀ ਦੀ ਸਹਾਇਤਾ ਨਾਲ ਬਹੁਤਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਵਿਸ਼ਾਖਾਪਟਨਮ ਦੇ ਲੋਕਾਂ ਦੀ ਤਾਰੀਫ ਕੀਤੀ। ਜਿਹੜੇ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਅਨੁਸ਼ਾਸਨ ’ਚ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੌਰੇ ਦੌਰਾਨ ਆਂਧਰਾ ਪ੍ਰਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਤੂਫ਼ਾਨ ਨਾਲ ਜਿੰਨਾ ਵੀ ਨੁਕਸਾਨ ਹੋਇਆ ਹੈ, ਉਸ ਦੀ ਬਾਕਾਇਦਾ ਭਰਪਾਈ ਹੋਵੇਗੀ।
 

Shabdeesh:
Related Post
Disqus Comments Loading...
Recent Posts