ਦਿੱਲੀ ਕਮੇਟੀ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ਾਂ ਵਿੱਚ ਛਾਪੇਗੀ

ਐਨ ਐਨ ਬੀ

ਅੰਮ੍ਰਿਤਸਰ – ਜੇ ਪ੍ਰਵਾਸੀ ਸ਼ਰਧਾਲੂਆਂ ਨੂੰ ਮੰਗ ਮੁਤਾਬਕ ਪਾਵਨ ਸਰੂਪ ਨਹੀਂ ਭੇਜੇ ਜਾਂਦੇ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਜੇਕਰ ਕਿਸੇ ਢੰਗ-ਤਰੀਕੇ ਨਾਲ ਭੇਜਦੇ ਹਨ ਤਾਂ ਉਸ ਨਾਲ ਮਰਿਆਦਾ ਨੂੰ ਢਾਹ ਲੱਗਦੀ ਹੈ। ਇਸ ਲਈ ਵਿਦੇਸ਼ ਵਿੱਚ ਮਰਿਆਦਾ ਸਹਿਤ ਪਾਵਨ ਸਰੂਪ ਭੇਜਣਾ ਚੁਣੌਤੀ ਬਣਿਆ ਹੋਇਆ ਹੈ। ਇਸ ਸਮੱਸਿਆ ਦੇ ਹੱਲ ਲਈ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਵਿੱਚ ਪ੍ਰਕਾਸ਼ਨ ਦੀ ਰਣਨੀਤੀ ਬਣਾਈ ਸੀ। ਹੁਣ ਓਸੇ ਤਰਜ਼ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਿਦੇਸ਼ ਵਿੱਚ ਛਪਾਈ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਪ੍ਰਿੰਟਿੰਗ ਮਸ਼ੀਨਰੀ ਲਾਈ ਜਾ ਸਕਦੀ ਹੈ। ਪਾਵਨ ਸਰੂਪਾਂ ਦਾ ਪ੍ਰਕਾਸ਼ਨ ਭਾਰਤ ਤੋਂ ਬਾਹਰ ਨਾ ਹੋਣ ਕਰਕੇ ਬਹੁਤੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਵੱਲੋਂ ਹੀ ਵਿਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਇਹ ਪਾਵਨ ਸਰੂਪ ਕਈ ਵਾਰ ਹਵਾਈ ਮਾਰਗ ਤੇ ਕਈ ਵਾਰ ਸਮੁੰਦਰੀ ਰਸਤੇ ਭੇਜੇ ਜਾਂਦੇ ਹਨ। ਦੋਵਾਂ ਹੀ ਮਾਰਗਾਂ ਰਾਹੀਂ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਅਸਫ਼ਲ ਰਹਿਣ ਕਾਰਨ ਪਾਵਨ ਸਰੂਪ ਭੇਜਣ ਦੇ ਢੰਗ-ਤਰੀਕਿਆਂ ਦੀ ਨਿੰਦਾ ਹੁੰਦੀ ਰਹਿੰਦੀ ਹੈ। ਇਸ ਮਗਰੋਂ ਹੀ ਸ਼੍ਰੋਮਣੀ ਕਮੇਟੀ ਨੇ ਅਮਰੀਕਾ ਵਿੱਚ ਪਾਵਨ ਸਰੂਪਾਂ ਦੇ ਪ੍ਰਕਾਸ਼ਨ ਲਈ ਸੋਚਿਆ ਸੀ ਅਤੇ ਲੋੜੀਂਦੀ ਜ਼ਮੀਨ ਵੀ ਪ੍ਰਾਪਤ ਕਰ ਲਈ ਹੈ। ਇਸੇ ਤਰਜ਼ ’ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ੀ ਧਰਤੀ ’ਤੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਲਈ ਪ੍ਰਿੰਟਿੰਗ ਮਸ਼ੀਨ ਲਾਉਣ ਦੀ ਯੋਜਨਾ ਬਣਾਈ ਗਈ ਹੈ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਕੈਨੇਡਾ ਸਮੇਤ ਯੂਰਪ ਦੇ ਦੇਸ਼ਾਂ ਵਿੱਚ ਪ੍ਰਿੰਟਿੰਗ ਸਹੂਲਤਾਂ ਦੀ ਯੋਜਨਾ ਬਣਾ ਰਹੀ ਹੈ। ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਕੈਨੇਡਾ ਦੌਰੇ ’ਤੇ ਗਏ ਹੋਏ ਹਨ।  ਉਹ ਇਕ ਸਕੂਲ ਦਾ ਉਦਘਾਟਨ ਕਰਨਗੇ ਅਤੇ ਉਸ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਹੀ ਪ੍ਰਿੰਟਿੰਗ ਸਹੂਲਤਾਂ ਲਈ ਦੋ ਏਕੜ ਜ਼ਮੀਨ ਦਿੱਤੀ ਹੈ। ਇਸੇ ਤਰ੍ਹਾਂ ਫਰਾਂਸ ਅਤੇ ਲੰਡਨ ਵਿੱਚ ਵੀ ਪ੍ਰਿੰਟਿੰਗ ਮਸ਼ੀਨਾਂ ਲਾਉਣ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਹੋ ਚੁੱਕੀ ਹੈ। ਉਹ ਕੈਨੇਡਾ ਅਤੇ ਯੂਰਪ ਵਿੱਚ ਦੋ ਥਾਵਾਂ ’ਤੇ ਪ੍ਰਿੰਟਿੰਗ ਮਸ਼ੀਨਾਂ ਲਾਉਣ ਬਾਰੇ ਵਿਚਾਰ ਕਰ ਰਹੇ ਹਨ, ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੇ ਇਕ ਸ਼ਹਿਰ ਵਿੱਚ ਪ੍ਰਕਾਸ਼ਨ ਘਰ ਬਣਾਉਣ ਦੀ ਯੋਜਨਾ ਬਣਾਈ ਜਾ ਚੁੱਕੀ ਹੈ।

ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਪ੍ਰਕਾਸ਼ਨ ਦਾ ਮੰਤਵ ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਤੱਕ ਮਰਿਆਦਾ ਨਾਲ ਪਾਵਨ ਸਰੂਪ ਪੁੱਜਦੇ ਕਰਨਾ ਹੈ। ਇਸ ਲਈ ਜ਼ਿਆਦਾਤਰ ਉਨ੍ਹਾਂ ਮੁਲਕਾਂ ਵਿੱਚ ਪ੍ਰਿੰਟਿੰਗ ਮਸ਼ੀਨਾਂ ਲਾਉਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਸੜਕ ਰਾਹੀਂ ਹੋਰਨਾਂ ਮੁਲਕਾਂ ਵਿੱਚ ਵੀ ਪਾਵਨ ਸਰੂਪ ਭੇਜੇ ਜਾ ਸਕਣ। ਦਿੱਲੀ ਕਮੇਟੀ ਨੂੰ ਵਿਦੇਸ਼ਾਂ ਵਿੱਚ ਪਾਵਨ ਸਰੂਪ ਭੇਜਣ ਦੀਆਂ ਕਈ ਬੇਨਤੀਆਂ ਆ ਚੁੱਕੀਆਂ ਹਨ।

This post was last modified on October 4, 2014 10:06 am

Shabdeesh:
Related Post
Disqus Comments Loading...
Recent Posts