ਨਾਨਕਸ਼ਾਹੀ ਕੈਲੰਡਰ ਵਿਵਾਦ ਹੱਲ ਕਰਨ ਲਈ ਸੱਦੀ ਵਿਸ਼ਵ ਸਿੱਖ ਕਨਵੈਨਸ਼ਨ ਮੁਲਤਵੀ

ਐਨ ਐਨ ਬੀ

ਅੰਮ੍ਰਿਤਸਰ – ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਦੇ ਮੰਤਵ ਨਾਲ ਪਾਕਿਸਤਾਨ ਵਿੱਚ ਹੋਣ ਵਾਲੀ ਵਿਸ਼ਵ ਸਿੱਖ ਕਨਵੈਨਸ਼ਨ ਨਵੰਬਰ ਦੇ ਦੂਜੇ ਹਫ਼ਤੇ ਕਰਨ ਦੇ ਐਲਾਨ ਨਾਲ ਮੁਲਤਵੀ ਹੋ ਗਈ ਹੈ। ਪਹਿਲਾਂ ਇਹ ਕਨਵੈਨਸ਼ਨ 3 ਤੋਂ 5 ਨਵੰਬਰ ਤੱਕ ਹੋਣੀ ਸੀ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਮੁੜ ਚਰਚਾ ਸ਼ੁਰੂ ਹੋਣ ਜਾ ਰਹੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ 2010 ਵਿੱਚ ਕੀਤੀ ਗਈ ਸੋਧ ਤੋਂ ਬਾਅਦ ਸਿੱਖ ਜਗਤ ਦੋ ਧਿਰਾਂ ਵਿੱਚ ਵੰਡਿਆ ਗਿਆ ਹੈ। ਇੱਕ ਧਿਰ ਵੱਲੋਂ ਸੋਧੇ ਹੋਏ ਕੈਲੰਡਰ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਜਦੋਂਕਿ ਦੂਜੀ ਧਿਰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨਗੀ ਦੇ ਰਹੀ ਹੈ ਅਤੇ ਉਸ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਅਪ੍ਰਵਾਨ ਕਰ ਦਿੱਤਾ ਗਿਆ ਸੀ। ਇਸ ਕਾਰਨ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਵੱਲੋਂ ਕਈ ਗੁਰਪੁਰਬ ਦੋ-ਦੋ ਵਾਰ ਵੱਖ-ਵੱਖ ਤਰੀਕਾਂ ‘ਤੇ ਮਨਾਏ ਜਾ ਰਹੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਲਈ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਤੋਂ ਪੰਜ ਨਵੰਬਰ ਤੱਕ ਵਿਸ਼ਵ ਸਿੱਖ ਕਨਵੈਨਸ਼ਨ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜੋ ਹੁਣ ਅਗਾਂਹ ਪਾ ਦਿੱਤਾ ਗਿਆ ਹੈ। ਇਹ ਕਨਵੈਨਸ਼ਨ ਹੁਣ ਨਵੰਬਰ ਦੇ ਦੂਜੇ ਹਫਤੇ ਵਿੱਚ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਪੀ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਆਖਿਆ ਕਿ ਇਹ ਕਨਵੈਨਸ਼ਨ ਨਵੰਬਰ ਦੇ ਪਹਿਲੇ ਹਫਤੇ ਨਿਰਧਾਰਤ ਕੀਤੀ ਗਈ ਸੀ ਪਰ ਹੁਣ ਇਸਨੂੰ ਕੁਝ ਅਗਾਂਹ ਪਾ ਦਿੱਤਾ ਗਿਆ ਹੈ, ਕਿਉਂਕਿ ਹੁਣ ਤੱਕ ਪੀ ਜੀ ਪੀ ਸੀ ਦੇ ਅਹੁਦੇਦਾਰ ਨਾਮਜ਼ਦ ਨਹੀਂ ਹੋਏ ਹਨ। ਉਨ੍ਹਾਂ ਦੱਸਿਆ ਕਿ ਪੀ ਜੀ ਪੀ ਸੀ ਦਾ ਕੰਮਕਾਜ ਇਸ ਵੇਲੇ ਔਕਾਫ਼ ਬੋਰਡ ਦੇਖ ਰਿਹਾ ਹੈ ਅਤੇ ਅਹੁਦੇਦਾਰਾਂ ਦੀ ਨਾਮਜ਼ਦਗੀ ਸਬੰਧੀ ਜਲਦੀ ਹੀ ਸੂਚਨਾ ਜਾਰੀ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਪੀ ਜੀ ਪੀ ਸੀ ਦੇ ਅਹੁਦੇਦਾਰਾਂ ਤੋਂ ਬਿਨਾਂ ਇਹ ਕਨਵੈਨਸ਼ਨ ਕਰਾਉਣਾ ਉਚਿਤ ਨਹੀਂ ਹੈ। ਉਹ ਸਰਕਾਰ ਵੱਲੋਂ ਨਾਮਜ਼ਦਗੀ ਦੀ ਸੂਚੀ ਜਾਰੀ ਕਰਨ ਦੀ ਉਡੀਕ ਕਰ ਰਹੇ ਹਨ ਅਤੇ ਇਹ ਸੂਚੀ  ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਜਾਰੀ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ‘ਤੇ ਆਉਣ ਵਾਲੀ ਸੰਗਤ ਨਾਲ ਇਸ ਸਬੰਧ ਵਿੱਚ ਚਰਚਾ ਕੀਤੀ ਜਾਵੇਗੀ ਅਤੇ ਸਰਬਸੰਮਤੀ ਨਾਲ ਕਨਵੈਨਸ਼ਨ ਦੀ ਅਗਲੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਪੰਜ ਸਿੰਘ ਸਾਹਿਬਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਵੀ ਸੱਦਾ ਭੇਜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਭਾਵੇਂ ਸ਼ੋ੍ਰਮਣੀ ਕਮੇਟੀ ਅਤੇ ਦਿੱਲੀ ਕਮੇਟੀ ਨਾਲ ਮਤਭੇਦ ਹਨ ਪਰ ਉਨ੍ਹਾਂ ਦੇ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ।

ਕਨਵੈਨਸ਼ਨ ਲਈ ਵੱਖ ਵੱਖ ਮੁਲਕਾਂ ਤੋਂ ਸਿੱਖ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ। ਉਨ੍ਹਾਂ ਆਖਿਆ ਕਿ ਜੇਕਰ ਨਾਨਕਸ਼ਾਹੀ ਕੈਲੰਡਰ ਬਾਰੇ ਸਰਬਸੰਮਤੀ ਬਣ ਗਈ ਤਾਂ ਫਿਰ ਪੂਰੇ ਵਿਸ਼ਵ ਵਿੱਚ ਸਿੱਖ ਜਗਤ ਇੱਕੋ ਦਿਨ ਅਤੇ ਇੱਕੋ ਤਰੀਕ ਨੂੰ ਸਾਰੇ ਗੁਰਪੁਰਬ ਮਨਾਏਗਾ। ਇਸੇ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਕੁਝ ਕਾਰਨਾਂ ਕਰਕੇ ਕਨਵੈਨਸ਼ਨ ਅੱਗੇ ਪਾ ਦਿੱਤੀ ਗਈ ਹੈ ਅਤੇ ਹੁਣ ਇਹ ਨਵੰਬਰ ਦੇ ਦੂਜੇ ਹਫ਼ਤੇ 11 ਜਾਂ 12 ਨਵੰਬਰ ਨੂੰ ਹੋਵੇਗੀ। ਇਸ ਸਬੰਧੀ ਮਿਤੀ ਜਲਦੀ ਹੀ ਨਿਰਧਾਰਤ ਹੋ ਜਾਵੇਗੀ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਇਮਾਰਤ ਦੀ ਕਾਰਸੇਵਾ ਸ਼ੁਰੂ ਕਰਨ ਬਾਰੇ ਉਨ੍ਹਾਂ ਆਖਿਆ ਕਿ ਪੁਰਾਤਤਵ ਵਿਭਾਗ ਵੱਲੋਂ ਇਸ ਮਾਮਲੇ ‘ਤੇ ਫਿਲਹਾਲ ਰੋਕ ਲਾਈ ਗਈ ਹੈ, ਜਿਸ ਕਾਰਨ ਇਹ ਕਾਰਸੇਵਾ ਵੀ ਕੁਝ ਸਮੇਂ ਲਈ ਅੱਗੇ ਪਾ ਦਿੱਤੀ ਗਈ ਹੈ। ਪ੍ਰਵਾਨਗੀ ਮਿਲਣ ਮਗਰੋਂ ਕਾਰਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਪ੍ਰਵਾਨਗੀ ਲੈਣ ਲਈ ਚਾਰਾਜੋਈ ਜਾਰੀ ਹੈ।

Shabdeesh:
Related Post
Disqus Comments Loading...
Recent Posts