ਨੱਥੂ ਰਾਮ ਗੌਡਸੇ ਵੱਲੋਂ ਗਾਂਧੀ ਦੀ ਥਾਂ ਨਹਿਰੂ ਨੂੰ ਨਿਸ਼ਾਨਾ ਬਣਾਉਂਦੇ ਲੇਖ ’ਤੇ ਵਿਵਾਦ

ਆਰ ਐਸ ਐਸ ਨੇ ਆਪਣੀ ਪ੍ਰਤਿਕਾ ਵਿੱਚ ਛਪੇ ਲੇਖ ਨਾਲੋਂ ਨਾਤਾ ਤੋੜਿਆ

ਐਨ ਐਨ ਬੀ

ਨਵੀਂ ਦਿੱਲੀ/ਤਿਰੂਵਨੰਤਪੁਰਮ – ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਆਪਣੀ ਇਕ ਮਲਿਆਲਮ ਪੱਤ੍ਰਿਕਾ ਵਿੱਚ ਛਪੇ ਵਿਵਾਦਗ੍ਰਸਤ ਲੇਖ ਤੋਂ ਨਾਤਾ ਤੋੜ ਲਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਨਾਥੂਰਾਮ ਗੋਡਸੇ ਨੂੰ ਮਹਾਤਮਾ ਗਾਂਧੀ ਦੀ ਬਜਾਏ ਜਵਾਹਰ ਲਾਲ ਨਹਿਰੂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਸੀ, ਕਿਉਂਕਿ ਦੇਸ਼ ਦੀ ਵੰਡ ਲਈ ਉਹੀ ਜ਼ਿੰਮੇਵਾਰ ਸੀ। ਇਸ ਲੇਖ ਦੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਸੀ।
ਆਰ.ਐਸ.ਐਸ. ਦੇ ਕੌਮੀ ਪ੍ਰਚਾਰ ਪ੍ਰਮੁੱਖ ਮਨਮੋਹਨ ਵੈਦਿਆ ਨੇ ਇਕ ਬਿਆਨ ਵਿੱਚ ਕਿਹਾ, ‘‘ਆਰ.ਐਸ.ਐਸ. 17 ਅਕਤੂਬਰ 2014 ਨੂੰ ਮਲਿਆਲਮ ਪੱਤ੍ਰਿਕਾ ‘ਕੇਸਰੀ’ ਵਿੱਚ ਪ੍ਰਕਾਸ਼ਿਤ ਹੋਏ ਵਿਵਾਦਪੂਰਨ ਲੇਖ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਸ ਵਿੱਚ ਜ਼ਾਹਰ ਕੀਤੇ ਗਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ ਅਤੇ ਆਰ.ਐਸ.ਐਸ. ਦਾ ਇਨ੍ਹਾਂ ਨਾਲ ਕੋਈ ਲਾਗਾ-ਦੇਗਾ ਨਹੀਂ ਹੈ।
ਭਾਜਪਾ ਆਗੂ ਗੋਪਾਲ ਕ੍ਰਿਸ਼ਨਨ, ਜਿਸ ਨੇ ਕੇਰਲਾ ਵਿੱਚ ਲੋਕ ਸਭਾ ਦੀ ਚੋਣ ਵੀ ਲੜੀ ਸੀ, ਵੱਲੋਂ ਲਿਖੇ ਇਸ ਲੇਖ ਬਾਰੇ ਇਕ ਅਖਬਾਰੀ ਰਿਪੋਰਟ ਆਉਣ ਤੋਂ ਬਾਅਦ ਇਹ ਵਿਵਾਦ ਤੇਜ਼ ਹੋ ਗਿਆ। ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਹਿਰੂ ਨੂੰ ਆਪਣੇ ਸਿਆਸੀ ਮਕਸਦਾਂ ਲਈ ਹੀ ਗਾਂਧੀ ਟੋਪੀ ਦੀ ਲੋੜ ਸੀ, ਹੋਰ ਉਸ ਨੂੰ ਰਾਸ਼ਟਰਪਿਤਾ ਨਾਲ ਕੋਈ ਤੇਹ ਨਹੀਂ ਸੀ। ਵੈਦਿਆ ਨੇ ਇਹ ਵੀ ਕਿਹਾ ਕਿ ਆਰ.ਐਸ.ਐਸ. ਵਿਚਾਰ ਜਾਂ ਕਰਮ ਪੱਖੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਹਮੇਸ਼ਾ ਨਿੰਦਾ ਕਰਦੀ ਹੈ।
ਉਧਰ, ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੂਰਾਨੰਦ ਰਾਜਸ਼ੇਖਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਰਾਜ ਦੇ ਗ੍ਰਹਿ ਮੰਤਰੀ ਰਮੇਸ਼ ਚੋਨੀਥਲਾ ਨੇ ਡੀ.ਜੀ.ਪੀ. ਕੇ.ਐਸ. ਬਾਲਾ ਸੁਬਰਾਮਣੀਅਮ ਨੂੰ ਇਸ ਮਾਮਲੇ ਦੀ ਘੋਖ ਕਰਕੇ ਲੋੜ ਮੂਜਬ ਕਾਰਵਾਈ ਕਰਨ ਲਈ ਕਿਹਾ ਹੈ। ਹਫਤਾਵਾਰੀ ਪੱਤ੍ਰਿਕਾ ਦੇ ਸੰਪਾਦਕ ਐਨ.ਆਰ. ਮਧੂ ਨੇ ਲੇਖ ਦਾ ਬਚਾਅ ਕਰਦਿਆਂ ਕਾਂਗਰਸ ਆਗੂਆਂ ’ਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਮਧੂ ਨੇ ਪੀ.ਟੀ.ਆਈ. ਨੂੰ ਦੱਸਿਆ, ‘‘ਵੰਡ ਸਮੇਤ ਅਹਿਮ ਮੁੱਦਿਆਂ ਪ੍ਰਤੀ ਨਹਿਰੂ ਦੀਆਂ ਨੀਤੀਆਂ ਅਤੇ ਪਹੁੰਚ ਦੀ ਅਸੀਂ ਕੋਈ ਪਹਿਲੀ ਵਾਰ ਆਲੋਚਨਾ ਨਹੀਂ ਕਰ ਰਹੇ। ਉਂਜ ਲੇਖ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ ਨਹਿਰੂ ਨੂੰ ਜਿਸਮਾਨੀ ਤੌਰ ’ਤੇ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਸੀ।’’
ਕੇਰਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ.ਐਸ. ਸੁਧੀਰਨ ਨੇ ਲੇਖ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਸੀ ਕਿ ਦੇਸ਼ ਦੇ ਇਤਿਹਾਸ ਨੂੰ ਤੋੜਨ ਅਤੇ ਨਹਿਰੂ ਦੀ ਦੇਣ ਨੂੰ ਛੁਟਿਆਉਣ ਦੀ ਆਰ.ਐਸ.ਐਸ. ਦੀ ਇਹ ਇਕ ਹੋਰ ਕੋਸ਼ਿਸ਼ ਹੈ।

Shabdeesh:
Related Post
Disqus Comments Loading...
Recent Posts