ਪਵਾਰ ਵਿੱਚ ਸ਼ਿਵਾਜੀ ਵਰਗਾ ਇਕ ਵੀ ਗੁਣ ਨਹੀਂ: ਮੋਦੀ

ਸ਼ਿਵ ਸੈਨਾ ਖਿਲਾਫ਼ ਬੋਲਣ ਤੋਂ ਕੀਤਾ ਇਨਕਾਰ

 

ਤਸਗਾਓਂ/ਕੋਲਹਾਪੁਰ – ਮਹਾਰਾਸ਼ਟਰ ਵਿੱਚ ਗਠਜੋੜ ਸਿਆਸਤ ਦੀਆਂ ਚੂਲਾਂ ਹਿੱਲ ਜਾਣ ਨੇ ਨਵੀਂ ਕਿਸਮ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਉਪਰੰਤ ਗਠਜੋੜ ਦੀ ਸੰਭਾਵਨਾ ਦੇ ਮੱਦੇਨਜ਼ਰ ਆਖ ਰਹੇ ਹਨ ਕਿ ਉਹ ਬਾਲਾ ਸਾਹਿਬ ਠਾਕਰੇ ਨੂੰ ਸ਼ਰਧਾਂਜਲੀ ਵਜੋਂ ਸ਼ਿਵ ਸੈਨਾ ਖਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਣਗੇ। ਸ਼ਿਵ ਸੈਨਾ ਦੇ ਸੰਜੈ ਰਾਉਤ ਮੋੜਵਾਂ ਵਾਰ ਕਰਦਿਆਂ ਆਖਦੇ ਹਨ ਕਿ ਜੇ ਨਰਿੰਦਰ ਮੋਦੀ ਸੱਚੇ ਹਨ ਤਾਂ ਬਾਲਾ ਸਾਹਿਬ ਦੀ ਯਾਦ ਵਿੱਚ ਗਠਜੋੜ ਕਾਇਮ ਰੱਖਣ ਦੀ ਕੋਸ਼ਿਸ਼ ਕਰਨ ਵੇਲੇ ਕਿੱਥੇ ਚਲੇ ਗਏ ਸਨ? ਉਨ੍ਹਾਂ ਦਾਅਵਾ ਕੀਤਾ ਕਿ ਸ਼ਿਵ ਸੈਨਾ ਆਪਣੇ ਦਮ ’ਤੇ ਸਰਕਾਰ ਬਣਾੳਣ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵੱਲ ਝੁਕਦੀ ਰਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ  (ਐਨ ਸੀ ਪੀ) ਦੇ ਮੁਖੀ ਸ਼ਰਦ ਪਵਾਰ ਨੂੰ ਨਿਸ਼ਾਨਾ ਬਣਾ ਲਿਆ ਹੈ ਤਾਂਕਿ ਸ਼ਿਵ ਸੈਨਾ ਲਾਹਾ ਨਾ ਲੈ ਸਕੇ। ਉਨ੍ਹਾਂ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਕੇਂਦਰੀ ਖੇਤੀ ਮੰਤਰੀ ਵਜੋਂ ਰਾਜ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ।

ਯਾਦ ਰਹੇ ਕਿ ਬੀਤੇ ਦਿਨੀਂ ਸ਼ਰਦ ਪਵਾਰ ਨੇ ਭਾਜਪਾ ਖਿਲਾਫ਼ ਜਜ਼ਬਾਤੀ ਫਾਇਰ ਕਰਦਿਆਂ ਕਿਹਾ ਸੀ, ਜਿਹੜੇ ਲੋਕਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ‘ਲੁਟੇਰਾ’ ਗਰਦਾਨਿਆ ਸੀ, ਉਹ ਹੁਣ ਉਨ੍ਹਾਂ ਦੇ ਨਾਂ ’ਤੇ ਹੀ ਵੋਟਾਂ ਮੰਗ ਰਹੇ ਹਨ। ਇਸ ਬਿਆਨ ਤੋਂ ਭੜਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ’ਚ ਛਤਰਪਤੀ ਸ਼ਿਵਾਜੀ ਵਰਗਾ ਇਕ ਵੀ ਗੁਣ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪਵਾਰ ਸਾਹਿਬ! ਤੁਸੀਂ ਸ਼ਿਵਾਜੀ ਦੀ ਗੱਲ ਕਰਦੇ ਹੋ, ਪਰ ਇਹ ਵਾਜਪਾਈ ਸਰਕਾਰ ਸੀ, ਜਿਸ ਨੇ ਮੁੰਬਈ ਹਵਾਈ ਅੱਡੇ ਦਾ ਨਾਮ ਸ਼ਿਵਾਜੀ ਦੇ ਨਾਮ ’ਤੇ ਰੱਖਿਆ ਸੀ। ਤੁਸੀਂ ਮੁੱਖ ਮੰਤਰੀ ਵੀ ਰਹੇ, ਪਰ ਤੁਹਾਡੇ ਦਿਮਾਗ ’ਚ ਅਜਿਹਾ ਕੁਝ ਨਹੀਂ  ਆਇਆ ਸੀ।’’
ਨਰਿੰਦਰ ਮੋਦੀ ਨੇ ਐਨ ਸੀ ਪੀ ਮੁਖੀ ਵੱਲੋਂ ਸ਼ਿਵਾਜੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਠੇਸ ਪਹੁੰਚਾਉਣ ਵਾਲੇ ਹਨ। ਉਨ੍ਹਾਂ ਕਿਹਾ, ‘ਤੁਹਾਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੈ। ਗੁਜਰਾਤ ਦੇ 1960 ’ਚ ਬਣਨ ਤੋਂ ਪਹਿਲਾਂ ਉਹ ਮਹਾਰਾਸ਼ਟਰ ਦਾ ਹਿੱਸਾ ਸੀ ਅਤੇ ਅਸੀਂ ਹਮੇਸ਼ਾ ਮਹਾਰਾਸ਼ਟਰ ਨੂੰ ਵੱਡਾ ਭਰਾ ਮੰਨਦੇ ਆਏ ਹਾਂ।’
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਸ਼ਿਵ ਸੈਨਾ ਨਾਲ ਹੋਏ ਤੋੜ-ਵਿਛੋੜੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ਼ਿਵ ਸੈਨਾ ਖ਼ਿਲਾਫ਼ ਇਕ ਵੀ ਸ਼ਬਦ ਨਹੀਂ ਉਚਾਰਣਗੇ ਅਤੇ ਇਹੀ ਬਾਲ ਠਾਕਰੇ ਨੂੰ ਸ਼ਰਧਾਂਜਲੀ ਹੋਵੇਗੀ, ਕਿਉਂਕਿ “ਕੁਝ ਗੱਲਾਂ ਸਿਆਸਤ ਤੋਂ ਉਪਰ ਹੁੰਦੀਆਂ ਹਨ। ਹਰ ਚੀਜ਼ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ ਹੈ।’’

 

This post was last modified on October 6, 2014 8:08 am

Shabdeesh:
Related Post
Disqus Comments Loading...
Recent Posts