ਬਰੈਂਪਟਨ ਨਗਰਪਾਲਿਕਾ ਚੋਣਾਂ ’ਚ ਗੁਰਪ੍ਰੀਤ ਢਿੱਲੋਂ ਨੇ ਵਿੱਕੀ ਢਿੱਲੋਂ ਨੂੰ ਮਾਤ ਦਿੱਤੀ

ਐਨ ਐਨ ਬੀ

ਟੋਰਾਂਟੋ – ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੀ ਨਗਰਪਾਲਿਕਾ ਵਿੱਚ ਐਤਕੀਂ ਨਵਾਂ ਪੰਜਾਬੀ ਚਿਹਰਾ ਸ਼ਾਮਲ ਹੋਵੇਗਾ। ਸ਼ਹਿਰ ਦੇ ਦੋ ਲੱਖ 90 ਹਜ਼ਾਰ ਵੋਟਰਾਂ ਨੇ ਅਗਲੇ ਚਾਰ ਸਾਲਾਂ ਲਈ ਮੇਅਰ ਦੀ ਦਸ ਮੈਂਬਰੀ ਕੌਂਸਲ ਚੁਣ ਲਈ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਢਿੱਲੋਂ ਵੀ ਸ਼ਾਮਲ ਹੋਵੇਗਾ। ਉਨ੍ਹਾਂ ਆਪਣੇ ਮੁੱਖ ਵਿਰੋਧੀ ਸਾਬਕਾ ਕੌਂਸਲਰ ਵਿੱਕੀ ਢਿੱਲੋਂ ਨੂੰ ਦੋ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਸਾਬਕਾ ਮੇਅਰ ਬੀਬੀ ਸੂਜ਼ਨ ਫੈਨਲ ਵੀ ਆਪਣੀ ਕੁਰਸੀ ਨਹੀਂ ਬਚਾਅ ਸਕੀ। ਬੀਬੀ ਲਿੰਡਾ ਜੈਫਰੀ ਸ਼ਹਿਰ ਦੀ ਨਵੀਂ ਮੇਅਰ ਹੋਵੇਗੀ। ਬੇਨਿਯਮੀਆਂ ਦੇ ਦੋਸ਼ਾਂ ਕਾਰਨ ਆਡਿਟ ਵਿੱਚ ਜੱਗ-ਜ਼ਾਹਰ ਹੋਏ ਹਜ਼ਾਰਾਂ ਡਾਲਰਾਂ ਦੇ ਬੇਲੋੜੇ ਖਰਚਿਆਂ ਨੇ ਬੀਬੀ ਸੂਜ਼ਨ ਅਤੇ ਉਸ ਦੀ ਕੌਂਸਲ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਸੀ। ਸਾਬਕਾ ਕੌਂਸਲਰ ਵਿੱਕੀ ਢਿੱਲੋਂ ਦੀ ਸੂਜ਼ਨ ਨਾਲ ਨੇੜਤਾ ਨੇ ਉਸ ਦੀ ਸਾਖ ਦਾ ਵੀ ਨੁਕਸਾਨ ਕੀਤਾ, ਹਾਲਾਂਕਿ ਵਿੱਕੀ ਢਿੱਲੋਂ ਨੇ ਡੋਡਿਆਂ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਪਰ ਇਹ ਵੀ ਵੋਟਰਾਂ ਨੂੰ ਖਿੱਚਣ ਵਿੱਚ ਨਾਕਾਮਯਾਬ ਰਹੀ।

ਦੂਜੇ ਪਾਸੇ ਪਿਛਲੀਆਂ ਸੂਬਾਈ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੀ ਟਿਕਟ ਤੇ ਲੜਿਆ ਗੁਰਪੀਤ ਢਿੱਲੋਂ ਇਕ ਨਵੀਂ ਆਸ ਬਣ ਕੇ ਉਭਰਿਆ ਹੈ। ਗੁਰਪ੍ਰੀਤ ਨੂੰ 9543 ਜਦ ਕਿ ਵਿੱਕੀ ਨੂੰ 7517 ਵੋਟਾਂ ਪਈਆਂ। ਪਿਛਲੀਆਂ ਚੋਣਾਂ ’ਚ ਵਿੱਕੀ ਨੂੰ 12 ਹਜ਼ਾਰ ਵੋਟਾਂ ਪਈਆਂ ਸਨ। ਇਸ ਵਾਰ ਟੋਰਾਂਟੋ ਇਲਾਕੇ ਵਿੱਚ ਖੜ੍ਹੇ ਦੋ ਦਰਜਨ ਤੋਂ ਵੱਧ ਪੰਜਾਬੀ ਉਮੀਦਵਾਰਾਂ ’ਚੋਂ ਸਿਰਫ ਇੱਕੋ ਨਿੱਤਰਿਆ ਹੈ। ਵਾਰਡ 3-4 ਤੋਂ ਪ੍ਰਮਿੰਦਰ ਗਰੇਵਾਲ ਦੇ ਜਿੱਤਣ ਦੇ ਬਹੁਤ ਆਸਾਰ ਸਨ ਪਰ ਉਹ 3 ਕੁ ਸੌ ਵੋਟਾਂ ਨਾਲ ਪਛੜ ਗਿਆ। 17 ਸਕੂਲ ਟਰੱਸਟੀ ਉਮੀਦਵਾਰਾਂ ’ਚੋਂ ਸਿਰਫ ਹਰਕੀਰਤ ਸਿੰਘ ਕਾਮਯਾਬ ਹੋਇਆ ਹੈ। ਪਰਮਜੀਤ ਬਿਰਦੀ, ਸੁਖਮਿੰਦਰ ਹੰਸਰਾ, ਮਨਨ ਗੁਪਤਾ, ਗੁਰਪ੍ਰੀਤ ਪਾਬਲਾ, ਅਵਤਾਰ ਸੂਰ, ਹਰਕੰਵਲ ਥਿੰਦ, ਪੈਮ ਮਰਵਾਹਾ, ਮਨਜੀਤ ਭੋਂਦੀ ਅਤੇ ਕਈ ਹੋਰ ਪੰਜਾਬੀ ਉਮੀਦਵਾਰ ਹਾਰ ਗਏ। ਟੋਰਾਂਟੋ ਸ਼ਹਿਰ ਨੂੰ ਵੀ ਜੌਹਨ ਟੋਰੀ’ਅਤੇ ਮਿਸੀਸਾਗਾ ਨੂੰ ਬੀਬੀ ਬੌਨੀ ਕਰੌਂਬੀ ਨਵੇਂ ਮੇਅਰ ਮਿਲ ਗਏ ਹਨ। ਬੌਨੀ ਨੇ 93 ਸਾਲਾ ਹੇਜ਼ਲ ਮਕਾਲੀਅਨ ਦੀ ਕੁਰਸੀ ਹਥਿਆਈ ਹੈ।

Shabdeesh:
Related Post
Disqus Comments Loading...
Recent Posts