ਬਾਦਲ ਦੀ ‘ਸ਼ਾਂਤੀ ਲਈ ਗਠਜੋੜ’ ਨੇ ਬਾਜਵਾ ਤੇ ਕੈਪਟਨ ਨੂੰ ਇਕਸੁਰ ਕੀਤਾ

ਸ਼ਬਦੀਸ਼

ਚੰਡੀਗੜ੍ਹ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ-ਭਾਜਪਾ ਗਠਜੋੜ ਨੂੰ ਅਮਨ-ਸ਼ਾਂਤੀ ਦੀ ਗਾਰੰਟੀ ਦੱਸਦੇ ਬਿਆਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੂੰ ਇਕਸੁਰ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮਾਨਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਲੈਕਮੇਲਿੰਗ ਦੀ ਸਿਆਸਤ ‘ਤੇ ਉਤਰ ਆਏ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਦਲ ਦੇ ਬਿਆਨ ਦਾ ਇਹ ਅਰਥ ਕੱਢਿਆ ਜਾਵੇ ਕਿ ਅਕਾਲੀ-ਭਾਜਪਾ ਗਠਜੋੜ ਟੁੱਟਣ ‘ਤੇ ਪੰਜਾਬ ਵਿਚ ਫਿਰਕੂ ਦੰਗੇ ਹੋਣਗੇ? ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਬਾਦਲ ਦੇ ਬਿਆਨ ‘ਤੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿਚ ਲਗਾਤਾਰ ਸ਼ਸ਼ੋਪੰਜ ਦਾ ਦੌਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕੱਲੇ ਸਿੱਖਾਂ ਦੀ ਅਗਵਾਈ ਕਰਨ ਵਾਲੇ ਵਜੋਂ ਬਿਆਨ ਦੇ ਰਹੇ ਹਨ, ਹਾਲਾਂਕਿ ਹੁਣ ਤਾਂ ਸਿੱਖ ਭਾਈਚਾਰਾ ਵੀ ਬਾਦਲ ਨਾਲੋਂ ਨਾਤਾ ਤੋੜਨ ਜਾ ਰਿਹਾ ਹੈ। ਅਕਾਲੀ ਦਲ ਤੇ ਭਾਜਪਾ ਦੀ ਚਲ ਰਹੀ ਲੜਾਈ ਵਿਚ ਪੰਜਾਬ ਵਿਚ ਸਰਕਾਰੀ ਤੰਤਰ ਵਿਚ ਸ਼ਸ਼ੋਪੰਜ ਦਾ ਵਾਤਾਵਰਣ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜੇ ਵੀ ਅੱਤਵਾਦ ਦਾ ਦੌਰ ਨਹੀਂ ਭੁੱਲਿਆ, ਜੋ ਅਕਾਲੀ ਦਲ ਦੀ ਦੇਣ ਸੀ। ਹਰ ਪੰਜਾਬੀ ਜਾਣਦਾ ਹੈ ਕਿ  ਡਰੱਗ ਕਾਰੋਬਾਰ ਨੂੰ ਅਕਾਲੀ  ਸਰਕਾਰ ਸਮਰਥਨ ਦੇ ਰਹੀ ਹੈ, ਜਿਸ ਕਾਰਨ ਪੰਜਾਬ ਦੀ ਜਵਾਨੀ ਤਬਾਹ-ਬਰਬਾਦ ਹੋ ਰਹੀ ਹੈ।

ਉਨ੍ਹਾਂ ਬਾਦਲ ਨੂੰ ਸੁਆਲ ਕੀਤਾ, ‘‘ਕੀ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਦੋਵੇਂ ਸੰਪ੍ਰਦਾਇਕ ਹੋ ਅਤੇ ਦੋ ਸੰਪ੍ਰਦਾਇਕ ਸੰਗਠਨਾਂ ਦੀ ਨੁਮਾਇੰਦਗੀ ਕਰਦੇ ਹਨ ਤੇ ਤੁਸੀਂ ਦੋਵੇਂ ਸੂਬੇ ਦੇ ਹਿੱਤ ’ਚ ਇਕੱਠੇ ਹੋ?’’ ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੂੰ ਅਜਿਹੀ ਗਲਤਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿ ਸਿਰਫ ਉਹ ਹੀ ਸਿੱਖਾਂ ਦੀ ਅਗਵਾਈ ਕਰਦੇ ਹਨ ਕਿਉਂਕਿ ਆਪਣੀ ਬਿਆਨਬਾਜ਼ੀ ਰਾਹੀਂ ਉਹ ਅਜਿਹਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਕਿਉਂਕਿ ਦੋਵੇਂ ਪਾਰਟੀਆਂ ਵੱਲੋਂ ਜਾਰੀ ਅਜਿਹੇ ਬਿਆਨ ਪੰਜਾਬ ਵਿੱਚ ਅਨਿਸ਼ਚਿਤਤਾ ਪੈਦਾ ਕਰਦੇ ਹਨ ਅਤੇ ਸੂਬੇ ਦੀ ਸ਼ਾਂਤੀ ਲਈ ਖ਼ਤਰਾ ਪੈਦਾ ਕਰਦੇ ਹਨ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਤੋੜ-ਵਿਛੋੜੇ ਨੂੰ ਗਿਣੇ ਮਿਥੇ ਢੰਗ ਨਾਲ ਫਿਰਕਾਪ੍ਰਸਤੀ ਫੈਲਾਉਣ ਲਈ ਇਸਤੇਮਾਲ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਅਕਾਲੀ ਦਲ ਅਤੇ ਭਾਜਪਾ ਕੋਲ਼ ਲੋਕਾਂ ਦੀ ਭਲਾਈ ਕਰਨ ਲਈ ਕੋਈ ਵੀ ਏਜੰਡਾ ਨਹੀਂ ਹੈ ਅਤੇ ਉਹ ਫਿਰਕਾਪ੍ਰਸਤੀ ਫੈਲਾ ਕੇ ਹੀ ਵੋਟਰ ਨੂੰ ਉਲਝਾਈ ਰੱਖਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਦੋ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਸੂਬਾ ਸਰਕਾਰ ਨੂੰ ਆਪਣੇ ਰੋਜ਼ਾਨਾ ਦੇ ਖਰਚ ਚਲਾਉਣੇ ਅਤੇ ਲੋਕ ਭਲਾਈ ਦੀਆਂ ਸਕੀਮਾਂ ਜਾਰੀ ਰੱਖਣਾ ਅਸੰਭਵ ਬਣ ਗਿਆ ਹੈ ਤਾਂ ਹੀ ਸਰਕਾਰ ਅੱਕੀ ਪਲਾਹੀ ਹੱਥ ਮਾਰ ਰਹੀ ਹੈ। ਉਨ੍ਹਾਂ ਦੇਸ਼ ਵਿੱਚ ਭਾਜਪਾ ਵਿਰੋਧੀ ਪਾਰਟੀਆਂ ਦੇ ਇੱਕ ਪਲੇਟਫਾਰਮ ’ਤੇ ਆਉਣ ਦੀ ਹਾਲਤ ਵਿੱਚ ਕਾਂਗਰਸ ਵੱਲੋਂ ਅਕਾਲੀ ਦਲ ਨਾਲ ਗਠਜੋੜ ਕਰਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਨਾਲ ਗੱਠਜੋੜ ਕਰਨ ਨਾਲੋਂ ਜ਼ਹਿਰ ਖਾਣ ਨੂੰ ਪਹਿਲ ਦੇਣਗੇ।

Shabdeesh:
Related Post
Disqus Comments Loading...
Recent Posts