ਮਹਾਰਾਸ਼ਟਰ : ਸ਼ਿਵ ਸੈਨਾ ਦੇ ਤਿੱਖੇ ਤੇਵਰਾਂ ਦੌਰਾਨ ਐਨ ਸੀ ਪੀ ਨੇ ਵਧਾਈ ਭਾਜਪਾ ਦੀ ਸਿਰਦਰਦੀ

ਐਨ ਐਨ ਬੀ

ਮੁੰਬਈ – ਭਾਜਪਾ ਦੀ ਮਹਾਰਾਸ਼ਟਰ ’ਚ  ਇਤਿਹਾਸਕ ਜਿੱਤ ਪੈਰ-ਪੈਰ ’ਤੇ ਨਮੋਸ਼ੀ ਦੀ ਵਜ੍ਹਾ ਬਣਦੀ ਜਾ ਰਹੀ ਹੈ। ਚੋਣਾਂ ਤੋਂ ਤੁਰੰਤ ਬਾਅਦ ਐਨ ਸੀ ਪੀ ਨੇ ਤੁਰੰਤ ਬਾਹਰੋਂ ਹਮਾਇਤ ਦਾ ਐਲਾਨ ਕਰ ਦਿੱਤਾ ਸੀ, ਜਦਕਿ ਸ਼ਿਵ ਸੈਨਾ ਸ਼ਰਤਾਂ ਲਗਾ ਰਹੀ ਸੀ। ਭਾਜਪਾ ਨੇ ਕੇਂਦਰੀ ਵਜ਼ਾਰਤ ਵਿੱਚ ਭਾਈਵਾਲ ਸ਼ਿਵ ਸੈਨਾ ਨੂੰ ਮੰਤਰੀ ਮੰਡਲ ਦੇ ਵਿਸਥਾਰ ਨਾਲ ਸ਼ਾਂਤ ਕਰਨ ਦਾ ਯਤਨ ਕੀਤਾ, ਪਰ ਜਦ ਨਾ ਮੰਨੀ ਤਾਂ ਸਾਬਕਾ ਸ਼ਿਵ ਸੈਨਾ ਆਗੂ ਨੂੰ ਮੰਤਰੀ ਥਾਪਣ ਲਈ ਭਾਜਪਾ ਵਿੱਚ ਸ਼ਾਮਲ ਕਰਕੇ ਜ਼ਖ਼ਮਾਂ ’ਤੇ ਨਮਕ ਛਿੜਕ ਦੇਣ ਦੀ ਕਾਰਵਾਈ ਕਰ ਦਿੱਤੀ। ਉਸਨੇ ਵਜ਼ਾਰਤੀ ਵਾਧੇ ਵਿੱਚ ਰਾਜਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਜੇ ਸ਼ਰਦ ਪਵਾਰ ਦੀ ਐਨ ਸੀ ਪੀ ਦੀ ਬਾਹਰੋਂ ਹਮਾਇਤ ਮੰਨੀ ਗਈ ਤਾਂ ਸ਼ਿਵ ਸੈਨਾ ਮਹਾਰਾਸ਼ਟਰ ਸਰਕਾਰ ਵਿੱਚ ਭਾਈਵਾਲ ਨਹੀਂ ਬਣੇਗੀ। ਹੁਣ ਐਨ ਸੀ ਪੀ ਨੇ ਵੀ ਭਾਜਪਾ ਨੂੰ ਦੁਬਿਧਾ ’ਚ ਪਾ ਦਿੱਤਾ ਹੈ। ਉਸਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਹਮਾਇਤ ਦੇਣ ਬਾਰੇ ਢੁੱਕਵੇਂ ਸਮੇਂ ’ਤੇ ਕੋਈ ਫੈਸਲਾ ਲੈਣਗੇ, ਹਾਲਾਂਕਿ ਇਹ ਵੀ ਆਖ ਰੱਖਿਆ ਹੈ ਕਿ ਐਨ ਸੀ ਪੀ ਮਹਾਰਾਸ਼ਟਰ ’ਚ ਸਥਿਰ ਸਰਕਾਰ ਚਾਹੁੰਦੀ ਹੈ। ਸ਼ਿਵ ਸੈਨਾ ਦੀ ਚੇਤਾਵਨੀ ਵੀ ਹਿੰਦੁਤਵਵਾਦੀ ਸ਼ਕਤੀਆਂ ਦੇ ਸਹਿਯੋਗ ਦੀ ਲੋੜ ਦੇ ਦਾਇਰੇ ਵਿੱਚ ਹੈ। ਹੁਣ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਭਾਜਪਾ ਸਰਕਾਰ 12 ਨਵੰਬਰ ਨੂੰ ਭਰੋਸੇ ਦਾ ਵੋਟ ਹਾਸਲ ਕਰੇਗੀ। ਉਸ ਦਿਨ ਹੀ ਸਹੀ ਸਥਿਤੀ ਸਾਹਮਣੇ ਆ ਸਕਦੀ ਹੈ।

ਐਨ ਸੀ ਪੀ ਆਗੂ ਸ਼ਰਦ ਪਵਾਰ ਨੇ ਸ਼ਿਵ ਸੈਨਾ ਨੂੰ ਕਿਹਾ ਕਿ ਹਮਾਇਤ ਦੇਣ ਜਾਂ ਨਾ ਦੇਣ ਬਾਰੇ ਸਲਾਹਾਂ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ, ‘‘ਕੋਈ ਵੀ ਸਾਨੂੰ ਨਹੀਂ ਦੱਸ ਸਕਦਾ ਕਿ ਕਿਸ ਨੂੰ ਵੋਟ ਦਈਏ ਜਾਂ ਨਾ ਦਈਏ। ਅਸੀਂ ਮਹਾਰਾਸ਼ਟਰ ’ਚ ਸਿਆਸੀ ਸਥਿਰਤਾ ਲਈ ਇਸ ਸਰਕਾਰ ਨੂੰ ਸਮਰਥਨ ਦੇ ਰਹੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਮੁੱਦਿਆਂ ’ਤੇ ਉਨ੍ਹਾਂ ਦਾ ਪੱਖ ਪੂਰਾਂਗੇ।’’
ਪਵਾਰ ਨੇ ਕਿਹਾ ਕਿ ਭਾਜਪਾ ਨੇ ਹਾਲੇ ਤੱਕ ਐਨ ਸੀ ਪੀ ਦੀ ਹਮਾਇਤ ਨਹੀਂ ਮੰਗੀ ਹੈ। ਉਨ੍ਹਾਂ ਹਾਸੇ-ਠੱਠੇ ’ਚ ਕਿਹਾ ਕਿ ਘੱਟ ਗਿਣਤੀ ਸਰਕਾਰ ਚਲਾਉਣਾ ਇਕ ਕਲਾ ਹੈ ਅਤੇ ਜਿਸਨੂੰ ਇਸ ’ਚ  ਮਾਸਟਰੀ ਹਾਸਲ ਹੈ, ਉਹ ਹੀ ਅਜਿਹੀ ਸਰਕਾਰ ਚਲਾ ਸਕਦਾ ਹੈ। ਉਧਰ ਸ਼ੈਨਾ ਨੇ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ’ਚ ਬੈਠਣ ਦਾ ਫੈਸਲਾ ਲੈ ਲਿਆ ਹੈ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਵਿਧਾਨ ਸਭਾ ਦੇ ਸਕੱਤਰ ਅਨੰਤ ਕਲਸੇ ਨੂੰ ਚਿੱਠੀ ਲਿਖ ਕੇ ਪਾਰਟੀ ਆਗੂ ਏਕਨਾਥ ਸ਼ਿੰਦੇ ਨੂੰ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ ਦੇਣ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਵਿਧਾਨਕਾਰ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਆਗੂ ਚੁਣਿਆ ਹੈ।  ਪਾਰਟੀ ਤਰਜ਼ਮਾਨ ਨੀਲਮ ਗੋਰੇ ਨੇ ਕਿਹਾ ਕਿ ਸ਼ਿਵ ਸੈਨਾ ਵਿਧਾਨ ਸਭਾ ’ਚ 63 ਵਿਧਾਇਕਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਉਹ ਵਿਰੋਧੀ ਧਿਰ ਦੇ ਆਗੂ ਦੇ ਰੁਤਬੇ ਦੀ ਹੱਕਦਾਰ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਐਤਵਾਰ ਨੂੰ ਕੇਂਦਰੀ ਵਜ਼ਾਰਤ ’ਚ ਪਾਰਟੀ ਦੇ ਆਗੂ ਨੂੰ ਢੁੱਕਵਾਂ ਅਹੁਦਾ ਨਾ ਦਿੱਤੇ ਜਾਣ ’ਤੇ ਰੋਸ ਪ੍ਰਗਟ ਕਰਦਿਆਂ ਭਾਜਪਾ ਨੂੰ ਮਹਾਰਾਸ਼ਟਰ ’ਚ ਹਮਾਇਤ ਲੈਣ ਬਾਰੇ ਦੋ ਦਿਨਾਂ ਅੰਦਰ ਰੁਖ਼ ਸਪਸ਼ਟ ਕਰਨ ਲਈ ਕਿਹਾ ਸੀ।

Shabdeesh:
Related Post
Disqus Comments Loading...
Recent Posts