ਵਿਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ਤ ਕਰਨ ਲਈ ਪ੍ਰਵਾਨਗੀ ਮੰਗੀ

ਐਨ ਐਨ ਬੀ
ਅੰਮ੍ਰਿਤਸਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਵਿਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਪ੍ਰਕਾਸ਼ਨਾ ਕਰਨ ਵਾਸਤੇ ਪ੍ਰਵਾਨਗੀ ਦਿੱਤੀ ਜਾਵੇ। ਇਹ ਪ੍ਰਵਾਨਗੀ ਮਿਲਣ ਮਗਰੋਂ ਦਿੱਲੀ ਕਮੇਟੀ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਾਲ ਹੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਸਬੰਧੀ ਕੈਨੇਡਾ ਅਤੇ ਲੰਡਨ ਦਾ ਦੌਰਾ ਕੀਤਾ ਗਿਆ ਹੈ, ਜਿਥੇ ਉਨ੍ਹਾਂ ਸਿੱਖ ਸੰਗਤ ਵੱਲੋਂ ਇਸ ਮੰਤਵ ਲਈ ਭੇਟ ਕੀਤੀ ਜਾ ਰਹੀ ਜ਼ਮੀਨ ਦਾ ਜਾਇਜ਼ਾ ਲਿਆ। ਦਿੱਲੀ ਕਮੇਟੀ ਵੱਲੋਂ ਕੈਨੇਡਾ ਅਤੇ ਲੰਡਨ ਵਿੱਚ ਪ੍ਰਿੰਟਿੰਗ ਮਸ਼ੀਨ ਲਾਉਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ। ਜੀ.ਕੇ. ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਕੈਨੇਡਾ ਦਾ ਦੌਰਾ ਕਰਕੇ ਪਰਤੇ ਹਨ ਅਤੇ ਉਨ੍ਹਾਂ ਕੈਨੇਡਾ ਸਥਿਤ ਵੈਨਕੂਵਰ ਵਿਖੇ ਜ਼ਮੀਨ ਦਾ ਜਾਇਜ਼ਾ ਲਿਆ। ਇਸ ਸਬੰਧ ਵਿੱਚ ਪੰਜ ਸਿੰਘ ਸਾਹਿਬਾਨ ਨੂੰ ਪੱਤਰ ਭੇਜ ਕੇ ਸਮੁੱਚੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਇਸ ਯੋਜਨਾ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਵਿੱਚ ਪ੍ਰਿੰਟਿੰਗ ਮਸ਼ੀਨ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਦਿੱਲੀ ਕਮੇਟੀ ਇਸ ਸਬੰਧੀ ਕੈਨੇਡਾ ਅਤੇ ਲੰਡਨ ਵਿੱਚ ਵੀ ਯਤਨ ਕਰੇਗੀ। ਉਨ੍ਹਾਂ ਆਖਿਆ ਕਿ ਸਿੱਖ ਭਾਈਚਾਰਾ ਵਿਸ਼ਵ ਦੇ ਕਈ ਮੁਲਕਾਂ ਵਿੱਚ ਵਸਿਆ ਹੋਇਆ ਹੈ ਅਤੇ ਸਿੱਖ ਸ਼ਰਧਾਲੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮੰਗ ਕੀਤੀ ਜਾਂਦੀ ਹੈ ਪਰ ਸੜਕ ਰਸਤੇ ਸਰੂਪ ਭੇਜਣ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਮਰਿਆਦਾ ਨੂੰ ਕਾਇਮ ਰੱਖਣਾ ਔਖਾ ਹੋ ਰਿਹਾ ਹੈ। ਮਰਿਆਦਾ ਨੂੰ ਕਾਇਮ ਰੱਖਣ ਲਈ ਹੀ ਵੱਖ ਵੱਖ ਦੇਸ਼ਾਂ ਵਿੱਚ ਇਹ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਗਈ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਸਿਰਸਾ ਨੇ ਆਖਿਆ ਕਿ ਸਿੱਖ ਜਥੇਬੰਦੀਆਂ ਦਾ ਮੁੱਖ ਮੰਤਵ ਪਾਵਨ ਸਰੂਪਾਂ ਨੂੰ ਪੂਰੀ ਮਰਿਆਦਾ ਸਹਿਤ ਸਿੱਖ ਸ਼ਰਧਾਲੂਆਂ ਤੱਕ ਪਹੁੰਚਾਉਣਾ ਹੈ। ਇਸੇ ਲਈ ਵਿਸ਼ਵ ਦੇ ਵੱਖ ਵੱਖ ਮੁਲਕਾਂ ਵਿੱਚ ਪ੍ਰਿੰਟਿੰਗ ਮਸ਼ੀਨਾਂ ਲਾਉਣ ਦੀ ਲੋੜ ਹੈ।

ਦੱਸਣਯੋਗ ਹੈ ਕਿ ਅਕਾਲ ਤਖ਼ਤ ਵੱਲੋਂ ਮਈ 1998 ਵਿੱਚ ਹੁਕਮਨਾਮਾ ਜਾਰੀ ਕਰਕੇ ਪਾਵਨ ਸਰੂਪਾਂ ਦੀ ਪ੍ਰਕਾਸ਼ਨਾ ਦੇ ਸਮੁੱਚੇ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਸੌਂਪੇ ਗਏ ਸਨ ਅਤੇ ਨਿੱਜੀ ਪ੍ਰਕਾਸ਼ਕਾਂ ਨੂੰ ਪਾਵਨ ਸਰੂਪਾਂ ਦੀ ਪ੍ਰਕਾਸ਼ਨਾ ਤੋਂ ਵਰਜ ਦਿੱਤਾ ਗਿਆ ਸੀ। ਇਸ ਹੁਕਮਨਾਮੇ ਤਹਿਤ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਸਮੇਤ ਅਕਾਲ ਤਖ਼ਤ ਤੋਂ ਪ੍ਰਵਾਨਗੀ ਪ੍ਰਾਪਤ ਪ੍ਰਕਾਸ਼ਕ ਹੀ ਪਾਵਨ ਸਰੂਪਾਂ ਦੀ ਪ੍ਰਕਾਸ਼ਨਾ ਕਰ ਸਕਦੇ ਹਨ।
ਵਿਦੇਸ਼ਾਂ ਵਿੱਚ ਪਾਵਨ ਸਰੂਪਾਂ ਦੀ ਮੰਗ ਨੂੰ ਪੂਰਾ ਕਰਨ ਲਈ ਹੁਣ ਤੱਕ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ ਹਵਾਈ ਮਾਰਗ ਅਤੇ ਸਮੁੰਦਰੀ ਮਾਰਗ ਰਾਹੀਂ ਸਰੂਪ ਭੇਜਣ ਦੇ ਉਪਰਾਲੇ ਕੀਤੇ ਗਏ ਹਨ ਪਰ ਇਨ੍ਹਾਂ ਉਪਰਾਲਿਆਂ ਤਹਿਤ ਮਰਿਆਦਾ ਨੂੰ ਕਾਇਮ ਰੱਖਣਾ ਕਠਿਨ ਸਾਬਤ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਾਲ ਹੀ ਵਿੱਚ ਅਮਰੀਕਾ ਸਥਿਤ ਨਾਰਥ ਕੈਰੋਲੀਨਾ ਵਿਖੇ ਪ੍ਰਿੰਟਿੰਗ ਮਸ਼ੀਨ ਸਥਾਪਤ ਕਰਨ ਲਈ ਢਾਈ ਏਕੜ ਜ਼ਮੀਨ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਸਬੰਧੀ ਪੰਜ ਕਰੋੜ ਰੁਪਏ ਦਾ ਇੱਕ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਲੋੜੀਂਦੇ ਐਨ.ਓ.ਸੀ. ਵੀ ਪ੍ਰਾਪਤ ਹੋ ਚੁੱਕੇ ਹਨ ਅਤੇ ਹੁਣ ਅਗਲੀ ਕਾਰਵਾਈ ਲਈ ਚਾਰਾਜੋਈ ਜਾਰੀ ਹੈ। ਇਸੇ ਯੋਜਨਾ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਵਿੱਚ ਸਿੱਖ ਮਿਸ਼ਨ ਸਥਾਪਤ ਕਰਨ ਦੀ ਯੋਜਨਾ ਹੈ।

Shabdeesh:
Related Post
Disqus Comments Loading...
Recent Posts