ਸਰਹੱਦ ’ਤੇ ਗੋਲਾਬਾਰੀ : 5 ਭਾਰਤੀ ਤੇ 4 ਪਾਕਿਸਤਾਨੀ ਹਲਾਕ

ਵਾਹਗਾ ਸਰਹੱਦ ’ਤੇ  ਈਦ ਦੀ ਖੁਸ਼ੀ ਵੀ ਸਾਂਝੀ ਨਹੀਂ ਹੋਈ

 

ਐਨ ਐਨ ਬੀ

ਜੰਮੂ – ਭਾਰਤ-ਪਾਕਿਸਤਾਨ ਸਰਹੱਦ ’ਤੇ ਗੋਲੀਬਾਰੀ ’ਚ ਪੰਜ ਭਾਰਤ ਵਾਸੀ ਹਲਾਕ ਹੋ ਗਏ ਅਤੇ 34 ਦੇ ਜ਼ਖਮੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਦਕਿ 4 ਪਾਕਿਸਤਾਨ ਦੀ ਤਰਫ਼ ਵੀ ਹਲਾਕ ਹੋਏ ਹਨ। ਭਾਰਤੀ ਸੂਤਰਾਂ ਮੁਤਾਬਕ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ ’ਚ ਕੰਟਰੋਲ ਰੇਖਾ ਅਤੇ ਪੁਣਛ ਸੈਕਟਰਾਂ ’ਚ ਮੋਰਟਾਰ ਗੋਲੇ ਦਾਗੇ ਹਨ ਅਤੇ ਜ਼ਬਰਦਸਤ ਗੋਲੀਬਾਰੀ ਕੀਤੀ ਹੈ। ਓਧਰ ਜਵਾਬੀ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਸਿਆਲਕੋਟ ਸਰਹੱਦ ਨੇੜੇ ਪਾਕਿਸਤਾਨ ਦੇ ਚਾਰ ਬਾਸ਼ਿੰਦੇ ਮਾਰੇ ਗਏ ਹਨ ਅਤੇ ਤਿੰਨ ਜ਼ਖਮੀ ਜ਼ਖ਼ਮੀ ਹੋਣ ਦੀ ਹੈ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈ ਐਸ ਪੀ ਆਰ) ਦੇ ਬਿਆਨ ’ਚ ਅੱਜ ਕਿਹਾ ਗਿਆ ਹੈ ਕਿ ਮ੍ਰਿਤਕਾਂ ‘ਚ ਦੋ ਬੱਚੇ ਅਤੇ ਇਕ ਮਹਿਲਾ ਸ਼ਾਮਲ ਹਨ।

ਤੰਗਧਾਰ ਸੈਕਟਰ ਵਿੱਚ  ਤਿੰਨ ਘੁਸਪੈਠੀਏ ਹਲਾਕ

ਇਸੇ ਦੌਰਾਨ ਭਾਰਤ ਨੇ ਜੰਮੂ ਅਤੇ ਕਸ਼ਮੀਰ ਦੇ ਤੰਗਧਾਰ ਸੈਕਟਰ ‘ਚ ਕੰਟਰੋਲ ਰੇਖਾ ਉਪਰ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਤਿੰਨ ਘੁਸਪੈਠੀਏ ਹਲਾਕ ਹੋ ਗਏ, ਜਦਕਿ ਦੋ ਹੋਰ ਬਚ ਕੇ ਪਾਕਿਸਤਾਨ ਸਰਹੱਦ ‘ਚ ਦਾਖਲ ਹੋ ਗਏ। ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪੰਜ ਅਤੇ ਛੇ ਅਕਤੂਬਰ ਦੀ ਦਰਮਿਆਨੀ ਰਾਤ ਦੀ ਹੈ।

ਵਾਹਗਾ ਸਰਹੱਦ ’ਤੇ  ਈਦ ਦੀ ਖੁਸ਼ੀ ਵੀ ਸਾਂਝੀ ਨਹੀਂ ਹੋਈ

ਜੰਮੂ/ਅੰਮ੍ਰਿਤਸਰ : ਸਰਹੱਦ ’ਤੇ ਹੋ ਰਹੀ ਗੋਲੀਬਾਰੀ ਨੇ ਪੰਜਾਬ ਦੀ ਵਾਹਗਾ ਸਰਹੱਤ ‘ਤੇ ਭਾਰਤੀ ਸੀਮਾ ਸੁਰੱਖਿਆ ਬਲਾਂ ਤੇ ਪਾਕਿ ਰੇਂਜਰਾਂ ਵਿਚਾਲੇ ਰਵਾਇਤੀ ਤੌਰ ‘ਤੇ ਮਠਿਆਈਆਂ ਤੇ ਸ਼ੁਭਇੱਛਾਵਾਂ ਦੇ ਤਬਾਦਲੇ ਨੂੰ ਭੰਗ ਕਰ ਦਿੱਤਾ ਹੈ, ਜਦਕਿ ਪ੍ਰਭਾਵਤ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਦੋਵੇਂ ਮੁਲਕਾਂ ਦੀਆਂ ਸੈਨਾਵਾਂ ਨੇ ਇਕ-ਦੂਜੇ ਨੂੰ ਈਦ ਮੁਬਾਰਕ ਆਖੀ ਹੈ ਅਤੇ ਮਠਿਆਈਆਂ ਦਾ ਲੈਣ-ਦੇਣ ਵੀ ਕੀਤਾ ਹੈ। ਵਾਹਗਾ ਸਰਹੱਦ ’ਤੇ ਬੀ ਐਸ ਐਫ ਤੇ ਪਾਕਿ ਰੇਂਜਰਜ਼ ਦੇ ਸੈਕਟਰ ਕਮਾਂਡਰਾਂ ਵਿਚਾਲੇ ਝੰਡਾ ਮੀਟਿੰਗ ’ਚ ਪਾਕਿਸਤਾਨ ਨੇ ਮਠਿਆਈਆਂ ਤੇ ਵਧਾਈਆਂ ਦੇ ਅਦਾਨ-ਪ੍ਰਦਾਨ ਲਈ ਸਮਾਂ ਨਿਸ਼ਚਿਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਈਦ ਮੌਕੇ ਅਪਣਾਏ ਅਜਿਹੇ ਰੁਖ਼ ਦਾ ਕੋਈ ਕਾਰਨ ਨਹੀਂ ਦੱਸਿਆ, ਪਰ ਸਪੱਸ਼ਟ ਹੈ ਕਿ ਇਹਦੀ ਵਜ੍ਹਾ ਜੰਮੂ-ਕਸ਼ਮੀਰ ਸਰਹੱਦ ‘ਤੇ ਦੁਵੱਲੀ ਫਾਇਰਿੰਗ ਕਾਰਨ ਬਣਿਆ ਤਣਾਅ ਹੀ ਜ਼ਿੰਮੇਵਾਰ ਹੈ।
ਸਰਹੱਦ ’ਤੇ ਹੋ ਰਹੀ ਗੋਲੀਬਾਰੀ ਬਾਬਤ ਬੀ ਐਸ ਐਫ ਦੇ ਤਰਜ਼ਮਾਨ ਨੇ ਕਿਹਾ ਕਿ ਪਾਕਿਸਤਾਨੀ ਫੌਜਾਂ ਨੇ ਬਿਨਾਂ ਕਿਸੇ ਭੜਕਾਹਟ ਦੇ 10 ਸਰਹੱਦੀ ਚੌਕੀਆਂ ਅਤੇ ਅਰਨੀਆ ਪੱਟੀ ’ਚ ਸਿਵਲੀਅਨ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਹੈ। ਇਹ ਗੋਲੀਬਾਰੀ ਰਾਤ 10 ਵਜੇ ਤੋਂ ਸ਼ੁਰੂ ਹੋਈ ਜੋ ਅੱਜ ਸਵੇਰੇ ਤੱਕ ਜਾਰੀ ਰਹੀ। ਬੀ ਐਸ ਐਫ ਦੇ ਜਵਾਨਾਂ ਨੇ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ ਹੈ ਅਤੇ  ਆਖਰੀ ਰਿਪੋਰਟਾਂ ਮਿਲਣ ਤੱਕ ਇਲਾਕੇ ਰੁਕ-ਰੁਕ ਕੇ ਗੋਲੀਬਾਰੀ ਜਾਰੀ ਸੀ। ਆਰ.ਐਸ. ਪੁਰਾ ਤਹਿਸੀਲ ਦੇ ਸਬ-ਡਵੀਜ਼ਨਲ ਪੁਲੀਸ ਅਧਿਕਾਰੀ ਦਵਿੰਦਰ ਸਿੰਘ ਨੇ ਗੋਲੀਬਾਰੀ ਦੌਰਾਨ ਪੰਜ ਪਿੰਡ ਵਾਸੀਆਂ ਦੇ ਹਲਾਕ ਅਤੇ 34 ਜਣਿਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਖਮੀ ਹੋਏ 25 ਵਿਅਕਤੀਆਂ ਨੂੰ ਜੰਮੂ ਦੇ ਜੀ ਐਮ ਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਡੰਗਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਸਰਹੱਦ ਉੱਪਰ ਨਾਜ਼ੁਕ ਸਥਾਨਾਂ ’ਤੇ ਰਹਿੰਦੇ ਲੋਕਾਂ ਨੂੰ ਸੁਰੱਖਿਆ ਟਿਕਾਣਿਆਂ ਉਪਰ ਭੇਜਿਆ ਜਾਵੇਗਾ।
ਊਧਮਪੁਰ ਆਧਾਰਤ ਰੱਖਿਆ ਤਰਜ਼ਮਾਨ ਕਰਨਲ ਐਸ. ਡੀ.ਗੋਸਵਾਮੀ ਨੇ ਕਿਹਾ ਕਿ ਪਾਕਿਸਤਾਨ ਅੰਦਰਲੇ ਦਹਿਸ਼ਤਗਰਦ ਜੰਮੂ-ਕਸ਼ਮੀਰ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਅੜਿੱਕਾ ਡਾਹੁਣਾ ਚਾਹੁੰਦੇ ਹਨ। ਉਨ੍ਹਾਂ ਦਾ ਜ਼ਿਆਦਾਤਰ ਕੇਡਰ ਖਤਮ ਹੋ ਗਿਆ ਹੈ ਅਤੇ ਉਹ ਸਰਹੱਦ ਪਾਰ ਭਾਰਤੀ ਇਲਾਕੇ ‘ਚ ਹੋਰ ਦਹਿਸ਼ਤਗਰਦ ਭੇਜਣਾ ਚਾਹੁੰਦੇ ਹਨ।
ਕਾਂਗਰਸ ਅਤੇ ਭਾਜਪਾ ਨੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਨੂੰ ਗੰਭੀਰ ਮੁੱਦਾ ਕਰਾਰ ਦਿੱਤਾ ਹੈ ਅਤੇ ਉਸ ਨੂੰ ਅਜਿਹੀਆਂ ਨਾਪਾਕ ਕਾਰਵਾਈਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਈਦ ਮੌਕੇ ਪਾਕਿਸਤਾਨ ਦੀ ਇਹ ਨਾਪਾਕ ਹਰਕਤ ਠੀਕ ਨਹੀਂ। ਸੀਨੀਅਰ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ? ਯਾਦ ਰਹੇ ਕਿ ਵਿਰੋਧੀ ਧਿਰ ’ਚ ਹੋਣ ਵੇਲੇ ਭਾਜਪਾ ਕਾਂਗਰਸ ਦੀ ਨੂੰ ‘ਕਮਜੋਰ ਸਰਕਾਰ’ ਚਲਾਉਣ ਦਾ ਮਿਹਣਾ ਦਿਆ ਕਰਦੀ ਸੀ।

ਓਧਰ ਪਾਕਿਸਤਾਨ ਨੇ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਲਈ ਭਾਰਤ ਕੋਲ ਤਿੱਖਾ ਰੋਸ ਜਤਾਇਆ ਹੈ। ਪਾਕਿਸਤਾਨ ਵਿਦੇਸ਼ ਦਫਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਕੂਟਨੀਤਕ ਚੈਨਲਾਂ ਰਾਹੀਂ ਭਾਰਤ ਸਰਕਾਰ ਨੂੰ ਭਾਰਤੀ ਫੌਜ ਵੱਲੋਂ ਗੋਲੀਬੰਦੀ ਦੀ ਉਲੰਘਣਾ ਤੋਂ ਗੁਰੇਜ਼ ਕਰਨ ਲਈ ਆਖਿਆ ਹੈ।

ਪਾਕਿ ਗੋਲੀਬਾਰੀ ਤੋਂ ਗੁਰੇਜ਼ ਕਰੇ: ਰਾਜਨਾਥ


ਓਧਰ ਭਾਰਤ ਨੇ ਵੀ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਤੁਰੰਤ ਬੰਦ ਕਰਨ ਲਈ ਆਖ ਦਿੱਤਾ ਹੈ, ਕਿਉਂਕਿ ਹੁਣ ਭਾਰਤ ਦੇ ਹਾਲਾਤ ‘ਚ ਬਦਲਾਅ ਆ ਚੁੱਕਿਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਹਰੇਕ ਕਦਮ ਸੋਚ-ਵਿਚਾਰ ਕੇ ਚੁੱਕਣਾ ਚਾਹੀਦਾ ਹੈ, ਕਿਉਂਕਿ ਚੋਣਾਂ ਤੋਂ ਬਾਅਦ ਸਰਕਾਰ ਬਦਲਣ ਨਾਲ ਸੋਚ ਵੀ ਬਦਲੀ ਹੈ। ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਭਾਰਤ ਦੀ ਫੌਜ ਅਤੇ ਨੀਮ ਫੌਜੀ ਬਲ ਕਿਸੇ ਵੀ ਭੜਕਾਹਟ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਜ਼ਖਮੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਪਾਕਿਸਤਾਨੀ ਲੀਡਰਸ਼ਿਪ ਕੌਮਾਂਤਰੀ ਪੱਧਰ ‘ਤੇ ਕਸ਼ਮੀਰ ਦਾ ਰਾਗ ਅਲਾਪਦੀ ਰਹਿੰਦੀ ਹੈ। ਉਹ ਹਰ ਵਾਰ ਕਸ਼ਮੀਰ ਦਾ ਮੁੱਦਾ ਚੁੱਕਦੇ ਹਨ ਪਰ ਉਨ੍ਹਾਂ ਨੂੰ ਕੌਮਾਤਰੀ ਪੱਧਰ ‘ਤੇ ਕੋਈ ਤਰਜੀਹ ਨਹੀਂ ਦਿੱਤੀ ਜਾਂਦੀ।

 

This post was last modified on October 7, 2014 8:54 am

Shabdeesh:
Related Post
Disqus Comments Loading...
Recent Posts