ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ ਦਾ ਦੇਹਾਂਤ

ਐਨ ਐਨ ਬੀ
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ (82) ਦਾ ਸਥਾਨਕ ਦਿਆਨੰਦ ਹਸਪਤਾਲ ਵਿੱਚ ਬੀਮਾਰੀ ਕਾਰਨ ਦੇਹਾਂਤ ਹੋ ਗਿਆ। ਗਾਲਿਬ ਦੇ ਅਚਾਨਕ ਅਕਾਲ ਚਲਾਣੇ ’ਤੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਬਾੜੇਵਾਲ ਪੁੱਜੇ। ਇਸ ਮੌਕੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਸਰਕਾਰੀ ਅਧਿਕਾਰੀ, ਰਾਜਨੀਤਕ, ਧਾਰਮਕ ਤੇ ਵਿਦਿਅਕ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ’ਚ ਹਾਜ਼ਰ ਸਨ।

ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗਾਲਿਬ ਤਜ਼ਰਬੇਕਾਰ ਸਿਆਸੀ ਆਗੂ ਸਨ, ਜੋ ਹਮੇਸ਼ਾਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਰਹੇ ਹਨ। ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਗਾਲਿਬ ਦੀ ਮੌਤ ਨਾਲ ਸੂਬੇ ਤੋਂ ਇੱਕ ਤਜਰਬੇਕਾਰ ਆਗੂ ਖੁਸ ਗਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਗਾਲਿਬ ਦੇ ਚਲਾਣੇ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਉਮਰਭਰ ਕਾਂਗਰਸ ਵਿੱਚ ਸ਼ਾਮਲ ਰਹੇ ਗੁਰਚਰਨ ਸਿੰਘ ਗਾਲਿਬ ਨੇ ਲੋਕ ਸਭਾ (2009) ਚੋਣਾਂ ਦੇ ਕਰੀਬ ਜਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਜੋੜ ਲਿਆ ਸੀ ਅਤੇ ਪਾਰਟੀ ਦੇ ਉੱਚ ਅਹੁਦਿਆਂ ’ਤੇ ਕੰਮ ਕੀਤਾ ਸੀ। ਦਰਅਸਲ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸ਼ੈਲੀ ਵਿੱਚ ਸਿਆਸਤ ਕਰਨ ਵਾਲੇ ਆਗੂ ਨਹੀਂ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਤਿੰਨ ਧੀਆਂ ਛੱਡ ਗਏ ਹਨ। ਗੁਰਚਰਨ ਸਿੰਘ ਗਾਲਿਬ ਦਾ 1 ਜਨਮ ਦਸੰਬਰ 1932 ਨੂੰ ਪਿੰਡ ਗਾਲਿਬ ਵਿਖੇ ਪਿਤਾ ਜੋਗਿੰਦਰ ਸਿੰਘ ਦੇ ਘਰ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਸਰਕਾਰੀ ਕਾਲਜ, ਲੁਧਿਆਣਾ ਤੋਂ ਬੀ.ਏ. ਕੀਤੀ ਸੀ। ਉਹ ਸੰਨ 1964 ਵਿੱਚ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਪ੍ਰਧਾਨ ਤੇ 1967 ਵਿੱਚ ਜਗਰਾਉਂ ਤੋਂ ਐੱਮ.ਐੱਲ.ਏ. ਚੁਣੇ ਗਏ ਸਨ। ਸਾਲ 1990 ’ਚ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਅਤੇ 1992 ਅਤੇ 1999 ’ਚ ਕਾਂਗਰਸ ਦੀ ਟਿਕਟ ਤੋਂ ਦੋ ਵਾਰ ਲੁਧਿਆਣਾ ਤੋਂ ਜਿੱਤੇ ਸਨ।

Shabdeesh:
Related Post
Disqus Comments Loading...
Recent Posts