ਸਿੱਖ ਜਥੇਬੰਦੀਆਂ ਅਤੇ ਨੂਰਮਹਿਲੀਆਂ ਵਿਚਾਲੇ ਤਣਾਅ ਦੂਜੇ ਹਫ਼ਤੇ ਵੀ ਬਰਕਰਾਰ

ਐਨ ਐਨ ਬੀ

ਤਰਨ ਤਾਰਨ – ਕਰੀਬ ਦੋ ਹਫਤੇ ਪਹਿਲਾਂ ਸਿੱਖ ਜਥੇਬੰਦੀਆਂ ਅਤੇ ਦਿਵਸ ਜਯੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਆਂ) ਵਿਚਾਲੇ ਸ਼ਹਿਰ ਦੇ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਹੋਈਆਂ ਹਿੰਸਕ ਝੜਪਾਂ ਉਪਰੰਤ ਪੈਦਾ ਹੋਈ ਤਣਾਅ ਵਾਲੀ ਸਥਿਤੀ ਦਾ ਪ੍ਰਗਟਾਵਾ ਇਲਾਕੇ ਵਿੱਚ ਅਜੇ ਵੀ ਦੇਖਿਆ ਜਾ ਰਿਹਾ ਹੈ। ਇਨ੍ਹਾਂ ਝੜਪਾਂ ਵਿੱਚ ਸਿੱਖ ਜਥੇਬੰਦੀਆਂ ਦੇ ਕੋਈ 20 ਕਾਰਕੁੰਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ ਸਨ, ਜਦਕਿ ਨੂਰਮਹਿਲੀਆਂ ਦੇ ਪੈਰੋਕਾਰਾਂ ਨੂੰ ਵੀ ਸੱਟਾਂ ਲੱਗੀਆਂ ਸਨ। ਨੂਰਮਹਿਲੀਆਂ ਦਾ ਇਥੋਂ ਦੀ ਮੁਰਾਦਪੁਰ ਸੜਕ ‘ਤੇ ਇਕ ਆਲੀਸ਼ਾਨ ਭਵਨ ਹੈ, ਜਿੱਥੇ ਉਨ੍ਹਾਂ ਦੇ ਸ਼ਰਧਾਲੂ ਹਰ ਐਤਵਾਰ ਨੂੰ ਹਫਤਾਵਾਰੀ ਸਤਿਸੰਗ ਕਰਦੇ ਹਨ। ਇਹ ਮਨੁੱਖੀ ਤੇ ਧਾਰਮਕ ਹੱਕ ਵਰਤਣ ’ਤੇ ਗਰਮ ਖਿਆਲ ਸਿੱਖ ਜਥੇਬੰਦੀਆਂ ਇਤਰਾਜ਼ ਕਰਦੀਆਂ ਹਨ। ਇਸੇ ਕਾਰਨ ਤਣਾਅ ਪੈਦਾ ਹੁੰਦਾ ਹੈ, ਹਾਲਾਂਕਿ ਹਰ ਵਾਰ ਕੋਈ ਇਤਰਾਜ਼ਯੋਗ ਪ੍ਰਚਾਰ ਨਹੀਂ ਕੀਤਾ ਜਾਂਦਾ।

ਜੋਧਪੁਰ ਪਿੰਡ ਦੀਆਂ ਹਿੰਸਕ ਝੜਪਾਂ ਉਪਰੰਤ ਜਦੋਂ ਨੂਰਮਹਿਲੀਆਂ ਨੇ ਪਿਛਲੇ ਐਤਵਾਰ ਨੂੰ ਆਪਣਾ ਹਫਤਾਵਾਰੀ ਸਤਿਸੰਗ ਕਰਨਾ ਸੀ ਤਾਂ ਸਿੱਖ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨ ਰਵਾਇਤੀ ਹਥਿਆਰਾਂ (ਕਿਰਪਾਨਾਂ) ਆਦਿ ਨਾਲ ਲੈਸ ਹੋ ਕੇ ਸ਼ਹਿਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਥਾਨ (ਸਰਾਂ) ਵਿਖੇ ਇਕੱਠੇ ਹੋਏ ਸਨ ਤੇ ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਉਹ ਨੂਰਮਹਿਲੀਆਂ ਦਾ ਸਤਿਸੰਗ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦੇਣਗੇ। ਹਿੰਸਕ ਝੜਪਾਂ ਦੀ ਹੋਈ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੌਕੇ ਨੂਰਮਹਿਲੀਆਂ ਦੇ ਸਤਿਸੰਗ ਭਵਨ ਦੇ ਆਲੇ-ਦੁਆਲੇ ਸੁਰੱਖਿਆ ਦੇ ਕਰੜੇ ਪ੍ਰਬੰਧ ਕਰ ਦਿੱਤੇ ਸਨ। ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਤੇ ਐਸ ਐਸ ਪੀ ਮਨਮੋਹਨ ਲਾਲ ਸ਼ਰਮਾ ਆਪਣੇ ਹੋਰਨਾਂ ਅਧਿਕਾਰੀਆਂ ਸਮੇਤ ਖੁਦ ਮੌਕੇ ‘ਤੇ ਆ ਕੇ ਸਥਿਤੀ ਉਪਰ ਨਜ਼ਰ ਰੱਖਦੇ ਰਹੇ ਹਨ, ਜਿੱਥੇ ਇਹ ਤਣਾਅ ਇਸ ਐਤਵਾਰ ਵੀ ਨਜ਼ਰ ਆ ਰਿਹਾ ਸੀ। ਪੁਲੀਸ ਨੇ ਨੂਰਮਹਿਲੀਆਂ ਦੇ ਸਤਿਸੰਗ ਭਵਨ ਨੂੰ ਜਾਂਦੇ ਸਭ ਰਸਤਿਆਂ ਉਤੇ ਆਮ ਲੋਕਾਂ ਦਾ ਆਉਣਾ-ਜਾਣਾ ਰੋਕ ਰੱਖਿਆ ਸੀ, ਜਿਸ ਕਾਰਨ ਸਤਿਸੰਗ ਨਹੀਂ ਹੋ ਸਕਿਆ ਅਤੇ  ਇਲਾਕੇ ਦੇ ਕਈ ਸ਼ਰਧਾਲੂ ਨੂਰਮਹਿਲ (ਜਲੰਧਰ) ਵਿਖੇ ਹੁੰਦੇ ਪੰਦਰਾਂ-ਰੋਜ਼ਾ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਡੀ ਐਸ ਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਨੂਰਮਹਿਲੀਆਂ ਦਾ ਸਤਿਸੰਗ ਨਹੀਂ ਹੋਣ ਦੇਣਗੇ, ਪਰ ਉਹ ਚਾਰ-ਦੀਵਾਰੀ ਦੇ ਅੰਦਰ ਉਹ ਆਪਣੀ ਇੱਛਾ ਅਨੁਸਾਰ ਅਜਿਹਾ ਕਰ ਸਕਦੇ ਹਨ। ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂ ਡਾ. ਗੁਰਜਿੰਦ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਇਥੇ ਨੂਰਮਹਿਲੀਆਂ ਦਾ ਡੇਰਾ ਬੰਦ ਕਰਵਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ।

 

 

Shabdeesh:
Related Post
Disqus Comments Loading...
Recent Posts