ਸ੍ਰੀਨਗਰ ਦੀ ਪੁਰਾਤਨ ਹਵੇਲੀ ’ਚ ਟਿਕੇ 73 ਸਿੱਖ ਪਰਿਵਾਰ ਮੁਸ਼ਕਲ ’ਚ ਫਸੇ

ਢਹਿ ਰਹੇ ਘਰਾਂ ਦੇ ਕਿਰਾਏਦਾਰ ਹੋਣ ਕਰਕੇ ਮਦਦ ਨਹੀਂ ਤੇ ਖਰੀਦ ਵੀ ਨਹੀਂ ਸਕਦੇ

 

ਐਨ ਐਨ ਬੀ
ਸ੍ਰੀਨਗਰ – ਸ੍ਰੀਨਗਰ ਦੇ ਸ੍ਰੀ ਗੁਰੂ ਸਿੰਘ ਸਭਾ ਰਾਮ ਬਾਗ ਕੈਂਪ ਵਿੱਚ ਰਹਿੰਦੇ 73 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਹੜ੍ਹਾਂ ਨਾਲ ਨੁਕਸਾਨ ਪੁੱਜਾ ਹੈ ਅਤੇ ਉਨ੍ਹਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਹੈ। ਹੁਣ ਉਨ੍ਹਾਂ ਦੀ ਟੇਕ ਸਿਰਫ਼ ਸਿੱਖ ਸੰਸਥਾਵਾਂ ਤੇ ਲੱਗੀ ਹੋਈ ਹੈ। ਇਹ ਇਲਾਕਾ ਲਗਭਗ ਤਿੰਨ ਤੋਂ ਚਾਰ ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਇਸ ਵੇਲੇ 73 ਸਿੱਖ ਪਰਿਵਾਰ ਕਿਰਾਏਦਾਰ ਵਜੋਂ ਰਹਿ ਰਹੇ ਹਨ। ਇਹ ਪਰਿਵਾਰ ਦੇਸ਼ ਦੀ ਵੰਡ ਵੇਲੇ 1947 ਵਿੱਚ ਇਥੇ ਆ ਕੇ ਵਸੇ ਸਨ ਅਤੇ ਉਸ ਵੇਲੇ ਤੋਂ ਹੀ ਇਥੇ ਰਹਿ ਰਹੇ ਹਨ। ਇਹ ਜਗ੍ਹਾ ਰਾਜ ਸਭਾ ਦੇ ਸਾਬਕਾ ਮੈਂਬਰ ਡਾਕਟਰ ਕਰਨ ਸਿੰਘ ਦੇ ਪਰਿਵਾਰ ਨਾਲ ਸਬੰਧਤ ਰਹੀ ਹੈ, ਜੋ ਉਨ੍ਹਾਂ ਦੇ ਪੁਰਖਿਆਂ ਮਹਾਰਾਜਾ ਗੁਲਾਬ ਸਿੰਘ ਅਤੇ ਮਹਾਰਾਜਾ ਪ੍ਰਤਾਪ ਸਿੰਘ ਆਦਿ ਕੋਲ ਹੁੰਦੀ ਸੀ। ਨਾਨਕਸ਼ਾਹੀ ਇੱਟ ਦੀ ਬਣੀ ਇਸ ਇਮਾਰਤ ਦੇ ਚੁਫੇਰੇ ਚਾਰਦਿਵਾਰੀ ਦੇ ਨਾਲ ਕਮਰੇ ਬਣੇ ਹੋਏ ਹਨ। ਹਰੇਕ ਕਮਰੇ ਵਿੱਚ ਇਕ ਸਿੱਖ ਪਰਿਵਾਰ ਵਸਿਆ ਹੋਇਆ ਹੈ। ਜਿਵੇਂ ਜਿਵੇਂ ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵਧੀ ਤਾਂ ਉਨ੍ਹਾਂ ਕਮਰੇ ਦੇ ਬਾਹਰ ਕੁਝ ਥਾਂ ‘ਤੇ ਕਬਜ਼ਾ ਕਰਦੇ ਹੋਏ ਲੋਹੇ ਦੀਆਂ ਟੀਨਾਂ ਨਾਲ ਦੀਵਾਰ ਖੜੀ ਕਰ ਲਈ।

ਇਹ ਪਰਿਵਾਰ ਇਸੇ ਤਰ੍ਹਾਂ ਪਿਛਲੇ 6 ਦਹਾਕਿਆਂ ਤੋਂ ਆਪਣਾ ਜੀਵਨ ਬਸਰ ਕਰ ਰਹੇ ਹਨ। ਹੁਣ  ਅਚਨਚੇਤੀ ਆਏ ਹੜ੍ਹ ਕਰਕੇ ਇਹ ਇਲਾਕਾ ਵੀ ਮਾਰ ਹੇਠ ਆ ਗਿਆ। ਲੋਕਾਂ ਦੇ ਘਰਾਂ ਵਿੱਚ 5 ਤੋਂ 7 ਫੁੱਟ ਤਕ ਪਾਣੀ ਚਲਾ ਗਿਆ। ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਨੇੜੇ ਹੀ ਬਣੇ ਇਕ ਸ਼ਾਪਿੰਗ ਪਲਾਜ਼ਾ ਦੀ ਉੱਚੀ ਇਮਾਰਤ  ਵਿੱਚ ਸ਼ਰਨ ਲਈ, ਜਿਥੇ ਉਹ 20 ਤੋਂ  25 ਦਿਨ ਠਹਿਰੇ। ਹੁਣ ਇਹ ਲੋਕ ਪਾਣੀ ਉਤਰਨ ਤੋਂ ਬਾਅਦ ਆਪਣੇ ਘਰਾਂ ਵਿੱਚ ਪਰਤ ਆਏ ਹਨ ਪਰ ਘਰਾਂ ਦੇ ਫਰਸ਼ ਬੈਠ ਗਏ ਹਨ, ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਸਾਮਾਨ ਵੀ ਨੁਕਸਾਨਿਆ ਗਿਆ ਹੈ।
ਇੰਦਰਜੀਤ ਸਿੰਘ, ਦਿਲਬਾਗ ਸਿੰਘ, ਸ਼ਰਨ ਸਿੰਘ ਤੇ ਹੋਰ ਵਾਸੀਆਂ ਨੇ ਦੱਸਿਆ ਕਿ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਾਲ ਸਬੰਧਤ ਹੈ। ਜਦੋਂ ਹਰੀ ਸਿੰਘ ਨਲਵਾ ਨੇ ਇਥੇ ਜੰਗਾਂ ਲੜੀਆਂ ਸਨ ਤਾਂ ਉਨ੍ਹਾਂ ਦੀਆਂ ਫ਼ੌਜਾਂ ਅਤੇ ਘੋੜੇ ਇਸ ਹਵੇਲੀਨੁਮਾ ਵਿਹੜੇ ਵਿੱਚ ਠਹਿਰਦੇ ਸਨ। ਮਗਰੋਂ ਡੋਗਰਿਆਂ ਦੇ ਰਾਜ ਵੇਲੇ ਇਹ ਥਾਂ ਡਾਕਟਰ ਕਰਨ ਸਿੰਘ ਦੇ ਪੁਰਖਿਆਂ ਕੋਲ ਚਲੀ ਗਈ ਅਤੇ ਹੁਣ ਤੱਕ ਇਸੇ ਪਰਿਵਾਰ ਕੋਲ ਹੈ। ਇਹ ਸਾਰੇ ਕਿਰਾਏਦਾਰ ਸਿੱਖ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਇਸ ਥਾਂ ਦਾ ਕੁਝ ਹਿੱਸਾ ਉਨ੍ਹਾਂ ਨੂੰ ਮੁੱਲ ਦੇ ਦਿੱਤਾ ਜਾਵੇ ਤਾਂ ਜੋ ਉਹ ਇਥੇ ਉਸਾਰੀ ਕਰਵਾ ਕੇ ਚੰਗੇ ਢੰਗ ਨਾਲ ਜੀਵਨ ਬਸਰ ਕਰ ਸਕਣ। ਉਨ੍ਹਾਂ ਦੱਸਿਆ ਕਿ ਡਾਕਟਰ ਕਰਨ ਸਿੰਘ ਦੇ ਪਰਿਵਾਰ ਨੇ ਇਹ ਥਾਂ ਇਕ ਧਰਮਾਰਥ ਟਰੱਸਟ ਨੂੰ ਦਿੱਤੀ ਹੋਈ ਹੈ, ਜਿਸ ਵੱਲੋਂ ਸਿੱਖ ਭਾਈਚਾਰੇ ਦੀ ਮੰਗ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ। ਇਸ ਹਵੇਲੀ ਤੋਂ ਬਾਹਰ ਹੋਰਨਾਂ ਲੋਕਾਂ ਨੇ ਵੀ ਕਬਜ਼ਾ ਕਰਕੇ ਉਸਾਰੀ ਕਰ ਲਈ ਹੈ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਘਰਾਂ ਦੀਆਂ ਛੱਤਾਂ ਡਿੱਗਣ ਅਤੇ ਕੰਧਾਂ ਟੁੱਟਣ ਦੀ ਸੰਭਾਵਨਾ ਹੈ, ਜਿਸ ਕਾਰਨ ਉਹ ਰਾਤ ਨੂੰ ਘਰ ਦੇ ਬਾਹਰ ਖੁਲ੍ਹੀ ਥਾਂ ਵਿੱਚ ਸੌਂਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸ਼੍ਰੋਮਣੀ ਕਮੇਟੀ ਜਿਵੇਂ ਹੋਰ ਪ੍ਰਭਾਵਿਤ ਸਿੱਖਾਂ ਨੂੰ ਘਰ ਬਣਾਉਣ ਲਈ ਮੁਆਵਜ਼ਾ ਦੇਣ ਦੀ ਯੋਜਨਾ ਬਣਾ ਰਹੀ ਹੈ, ਉਨ੍ਹਾਂ ਨੂੰ ਵੀ ਇਸੇ ਸ਼੍ਰੇਣੀ ਵਿੱਚ ਰੱਖ ਕੇ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਹੋਰ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਵੀ ਦੌਰਾ ਕੀਤਾ ਹੈ ਪਰ ਫਿਲਹਾਲ ਇਸ ਬਾਰੇ ਮਦਦ ਲਈ ਕਿਸੇ ਨੇ ਕੋਈ ਹੁੰਗਾਰਾ ਨਹੀਂ ਭਰਿਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ਼ ਉਨ੍ਹਾਂ ਪ੍ਰਭਾਵਿਤ ਸਿੱਖਾਂ ਨੂੰ ਮੁਆਵਜ਼ਾ ਦੇਣ ਦੀ ਯੋਜਨਾ ਹੈ, ਜਿਨ੍ਹਾਂ ਦੇ ਆਪਣੇ ਮਕਾਨ ਸਨ ਅਤੇ ਉਹ ਡਿੱਗ ਪਏ ਹਨ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਿਰਵੈਲ ਸਿੰਘ ਜੌਲਾਂ, ਚੰਡੀਗੜ੍ਹ ਸਥਿਤ ਦਫ਼ਤਰ ਦੇ ਸਕੱਤਰ ਅਵਤਾਰ ਸਿੰਘ ਅਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਧਿਆਨ ਵਿੱਚ ਲਿਆਉਣਗੇ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਉਪਰਾਲੇ ਵਾਸਤੇ ਢੰਗ ਤਰੀਕਾ ਲੱਭਿਆ ਜਾਵੇਗਾ। ਫਿਲਹਾਲ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਪ੍ਰਭਾਵਿਤ ਸਿੱਖ ਪਰਿਵਾਰਾਂ ਦੇ ਤਿੰਨ ਬੱਚਿਆਂ, ਜੋ ਸ਼ੋ੍ਰਮਣੀ ਕਮੇਟੀ ਦੇ ਪੰਜਾਬ ਸਥਿਤ ਵਿਦਿਅਕ ਅਦਾਰਿਆਂ ਵਿੱਚ ਉਚੇਰੀ ਪੜ੍ਹਾਈ ਕਰ ਰਹੇ ਹਨ, ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚਾ ਦੇਣ ਦਾ ਫ਼ੈਸਲਾ ਕੀਤਾ ਹੈ।
ਇਨ੍ਹਾਂ ਪਰਿਵਾਰਾਂ ਦੇ ਇਹ ਤਿੰਨ ਬੱਚੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਪੜ੍ਹ ਰਹੇ ਹਨ। ਇਨ੍ਹਾਂ ਪਰਿਵਾਰਾਂ ਵਿੱਚੋਂ ਵਧੇਰੇ ਪ੍ਰਾਈਵੇਟ ਨੌਕਰੀ ਕਰਨ ਵਾਲੇ ਹਨ। ਕੁਝ ਇਕ ਦਾ ਆਪਣਾ ਕਾਰੋਬਾਰ ਵੀ ਹੈ, ਜੋ ਹੜ੍ਹਾਂ ਕਾਰਨ ਹੁਣ ਤੱਕ ਠੱਪ ਹਨ।

Shabdeesh:
Related Post
Disqus Comments Loading...
Recent Posts