ਹਰਿਆਣਾ ਚੋਣਾਂ : ਸਭ ਧਿਰਾਂ ਦਾ ਪ੍ਰਚਾਰ ਸਿਖ਼ਰ ਛੋਹਣ ਵੱਲ ਵਧਿਆ

ਇਨੈਲੋ-ਭਾਜਪਾ ਟੱਕਰ ਦੇ ਬਾਵਜੂਦ ਬਹੁਤੇ ਹਲਕਿਆਂ ਵਿੱਚ ਤਿਕੋਣੀ ਟੱਕਰ ਦੇ ਆਸਾਰ

ਸ਼ਬਦੀਸ਼

ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਲਈ ਚੋਣ ਪ੍ਰਚਾਰ ਅੱਜ ਸ਼ਾਮ ਤੱਕ ਖ਼ਤਮ ਹੋਣ ਜਾ ਰਿਹਾ ਹੈ ਅਤੇ ਕਾਂਗਰਸ, ਇਨੈਲੋ ਤੇ ਭਾਜਪਾ ਨੇ ਵੋਟਰਾਂ ਨੂੰ ਆਪਣੇ ਹੱਕ ਵਿਚ ਭਰਮਾਉਣ ਲਈ ਪੂਰੀ ਸ਼ਕਤੀ ਝੋਕਦੇ ਹੋਏ ਵਿਰੋਧੀਆਂ ਉਤੇ ਇਲਜਾਮਾਂ ਦੀ ਝੜੀ ਦਿੱਤੀ ਹੈ। ਇਸ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਗਿਰਦੇ ਗ੍ਰਾਫ਼ ਕਾਰਨ ਅਸਲ ਮੁਕਾਬਲਾ ਇਨੈਲੋ ਤੇ ਭਾਜਪਾ ਵਿਚਾਲੇ ਬਣਨ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ, ਤਾਂ ਵੀ ਬਹੁਤੇ ਹਲਕਿਆਂ ਵਿਚ ਤਿਕੋਨੀ ਟੱਕਰ ਹੋਵੇਗੀ, ਜਦਕਿ ਕੁਝ ਥਾਵਾਂ ’ਤੇ  ਚਹੁੰਕੋਨੇ ਤੇ ਬਹੁਕੋਨੇ ਮੁਕਾਬਲੇ ਜਿੱਤ-ਹਾਰ ਦੀ ਲੀਡ ਬਹੁਤ ਘਟਾ ਦੇਣਗੇ । ਇਨ੍ਹਾਂ ਚੋਣਾਂ ਕਾਰਨ  ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤਿਆਂ ਵਿਚ ਕੜਵਾਹਟ ਵਧ ਗਈ ਹੈ ਅਤੇ ਨਵਜੋਤ ਸਿੱਧੂ ਨੇ ਅਕਾਲੀ ਦਲ ਨੂੰ ਛੱਜ ਵਿੱਚ ਪਾ ਕੇ ਛੱਟਣ ਦਾ ਸਾਰਾ ਭਾਰ ਉਠਾ ਕੇ ਭਾਜਪਾ ਦੀ ਲੀਡਰਸ਼ਿੱਪ ਨੂੰ ਵਿਹਲੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ‘ਬਚ ਕੇ ਮੋੜ ਤੋਂ’ ਦੀ ਨੀਤੀ ਤਹਿਤ ‘ਭਾਜਪਾ ਲੀਡਰਸ਼ਿੱਪ ਨੂੰ ਸਾਡੇ ਸਟੈਂਡ ਦਾ ਪਤਾ ਹੈ’ ਆਖ ਕੇ ਗੱਲ ਟਾਲ ਰਹੇ ਹਨ, ਜਦਕਿ ਪੰਜਾਬ ਭਾਜਪਾ ਦੇ ਇੰਚਾਰਜ ਸ਼ਾਂਤਾ ਕੁਮਾਰ ‘ਬਦਲੇ ਹੋਏ ਹਾਲਾਤ ਵਿੱਚ ਭਾਜਪਾ ਨਾਲ ਖੜਨ’ ਨੂੰ ਲਾਜ਼ਮੀ ਸ਼ਰਤ ਵਾਂਗ ਉਭਾਰਦੇ ਆ ਰਹੇ ਹਨ।

ਹਰਿਆਣਾ ਦੇ ਤਾਜਾ ਸਮੀਕਰਨਾਂ ਤੋਂ ਲਗਦਾ ਹੈ ਕਿ ਚੋਣਾਂ ਵਿਚ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਆਸ ਨਹੀਂ ਹੈ। ਇਸੇ ਲਈ ਚੋਣਾਂ ਉਪਰੰਤ ਅਣ-ਕਿਆਸੇ ਗਠਜੋੜ ਦੀਆਂ ਕਿਆਸ-ਅਰਾਈਆਂ ਲੱਗ ਰਹੀਆਂ ਹਨ। ਇਥੋਂ ਤੱਕ ਲੱਗ ਰਿਹਾ ਹੈ ਕਿ ਕਾਂਗਰਸ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਇਨੈਲੋ ਨੂੰ ਹਿਮਾਇਤ ਦੇ ਸਕਦੀ ਹੈ। ਇਹ ਹਾਲਾਤ ਪੰਜਾਬ ਦੇ ਅਕਾਲੀ-ਭਾਜਪਾ ਲਈ ਖ਼ਤਰਨਾਕ ਮੋੜ ਹੋ ਸਕਦੇ ਹਨ, ਜਿਸਨੇ ਕਾਂਗਰਸ ਦਾ ਸਫਾਇਆ ਕਰਨ ਦੀ ਦਲੀਲ ਦੇ ਕੇ ਇਨੈਲੋ ਨੇਤਾਵਾਂ ਨਾਲ ਪਰਿਵਾਰਕ ਸਾਂਝ ਨੂੰ ਸਿਆਸੀ ਰੁਖ਼ ਦਾ ਆਧਾਰ ਬਣਾ ਰੱਖਿਆ ਹੈ।

ਚੋਣ ਪ੍ਰਚਾਰ ਦੇ  ਸਿਖ਼ਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿਚ ਇਕ ਦਿਨ ਪਹਿਲਾਂ ਤਿੰਨ ਰੈਲੀਆਂ ਦੌਰਾਨ  ਭਾਜਪਾ ਨੂੰ ਸਪੱਸ਼ਟ ਫਤਵਾ ਦੇਣ ਦੀ ਅਪੀਲ ਕੀਤੀ ਹੈ। ਹਰਿਆਣਾ ਵਿੱਚ ਡੇਰਾ ਸਿਰਸਾ ਦੇ ਵੋਟਰ ਕਾਫੀ ਗਿਣਤੀ ਵਿਚ ਹਨ ਤੇ  ਲਗਦਾ ਹੈ ਕਿ ਭਾਜਪਾ ਲਾਹਾ ਲੈਣ ਦੇ ਕਰੀਬ ਜਾ ਪਹੁੰਚੀ ਹੈ। ਇਹ ਤੱਥ ਵੀ ਅਕਾਲੀ-ਭਾਜਪਾ ਗਠਜੋੜ ਵਿੱਚ ਤਰੇੜਾਂ ਪੈਦਾ ਕਰ ਸਕਦਾ ਹੈ, ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੇਰਾਵਾਦੀ ਵੋਟਾਂ ਨੂੰ ਧਾਰਮਕ ਨਜ਼ਰੀਏ ਦੀ ਥਾਂ ਸਿਆਸੀ ਸਮੀਕਰਨਾਂ ਵਜੋਂ ਵੇਖਦੇ ਆਏ ਹਨ। ਇਸ ਵੋਟ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਣ ਕਾਰਨ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਡੇਰਾ ਮੁਖੀ ਨੂੰ ਨਤਮਸਤਕ ਹੋ ਕੇ ਗਏ ਹਨ। ਕਾਂਗਰਸ ਪਾਰਟੀ ਦੇ ਕਈ ਆਗੂਆਂ ਨੇ ਡੇਰਾ ਮੁਖੀ ਕੋਲ ਹਾਜ਼ਰੀ ਲਗਵਾਈ ਹੈ ਤੇ ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਇਨੈਲੋ ਮੁਖੀ ਨੇ ਵੀ ਫੋਨ ’ਤੇ ਡੇਰਾ ਮੁਖੀ ਨਾਲ ਗੱਲਬਾਤ ਕਰਕੇ ਹਮਾਇਤ ਮੰਗੀ ਹੈ।

ਜਿੱਥੋਂ ਤੱਕ ਡੇਰੇ ਦੇ ਰੁਖ਼ ਦਾ ਸਬੰਧ ਹੈ, ਉਸਦੇ ਮੁਖੀ ਨੇ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਯੋਜਨਾ ਦੀ ਸ਼ਲਾਘਾ ਕਰਕੇ ਸੰਕੇਤ ਦੇ ਦਿੱਤੇ ਹਨ, ਜਿਸਨੂੰ ਵੋਟ ਵਿੱਚ ਅਨੁਵਾਦ ਕਰਨ ਲਈ ਭਾਜਪਾ ਸਖ਼ਤ ਮਿਹਨਤ ਕਰਨ ਜਾ ਰਹੀ ਦੱਸੀ ਜਾਂਦੀ ਹੈ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਡੇਰਾ ਕਿਸੇ ਇਕ ਪਾਰਟੀ ਦੀ ਹਮਾਇਤ ਦੀ ਥਾਂ ਵੱਖ ਵੱਖ ਸੀਟਾਂ ’ਤੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਰੁਖ਼ ਅਖ਼ਤਿਆਰ ਕਰ ਸਕਦਾ ਹੈ। ਇਹ ਰਣਨੀਤੀ ਲੰਮੇ ਸਮੇਂ ਦੀ ਪੁੱਗਤ ਵਾਲੀ ਹੈ, ਜਿਸ ਨਾਲ ਹਰ ਪਾਰਟੀ ਅੰਦਰ ਹਿਮਾਇਤ ਬਣੀ ਰਹਿੰਦੀ ਹੈ ਅਤੇ ਡੇਰਾ ਪ੍ਰੇਮੀ ਆਪਣੇ ਸਥਾਈ ਸਿਆਸੀ ਰੁਝਾਨਾਂ ਪ੍ਰਤੀ ਦੁਬਿੱਧਾ ਦੇ ਸ਼ਿਕਾਰ ਨਹੀਂ ਹੁੰਦੇ।
ਪ੍ਰਧਾਨ ਮੰਤਰੀ ਦੀ ਸਿਰਸਾ ਰੈਲੀ ਵਿਚ ਭਾਜਪਾ ਦੇ ਤਿੰਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਗਠਜੋੜ ਵਿਰੁੱਧ ਤਿੱਖੇ ਹਮਲੇ ਕੀਤੇ ਸਨ। ਨਵਜੋਤ ਸਿੱਧੂ ਨੇ ਇਨੈਲੋ ਤੇ ਅਕਾਲੀਆਂ ਦੇ ਗਠਜੋੜ ਨੂੰ ਲੁਟੇਰਿਆਂ ਦਾ ਗਠਜੋੜ ਤੱਕ ਆਖ ਦਿੱਤਾ ਹੈ। ਇਸ ਕਰਕੇ ਚੋਣ ਨਤੀਜੇ ਕੁਝ ਵੀ ਹੋਣ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦੇ ਸਬੰਧਾਂ ਵਿਚ ਕੁੜੱਤਣ ਹੋਰ ਵਧਣ ਦੇ ਆਸਾਰ ਹਨ। ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਪੱਚੀ ਸਾਲ ਪੁਰਾਣਾ ਗਠਜੋੜ ਤੋੜ ਸਕਦੀ ਹੈ ਤਾਂ ਪੰਜਾਬ ਵਿਚ  ਵੀ ਇਸ ਵੱਲੋਂ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਇਥੇ ਹਾਲਾਤ ਉਸ ਕਿਸਮ ਦੇ ਨਹੀਂ ਹਨ ਕਿ ਉਹ ਅਕਾਲੀ ਦਲ ਦੇ ਖਿਲਾਫ਼ ਆਪਣੀ ਸੁਤੰਤਰ ਸ਼ਕਤੀ ਨੂੰ ਚੈਲਿੰਜ ਬਣਾ ਕੇ ਪੇਸ਼ ਕਰ ਸਕੇ।

ਪੰਜਾਬ ਦੀ ਹੱਦ ਨਾਲ ਲਗਦੇ ਲਗਪਗ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਇਸ ਵਾਰ ਬਹੁਤ ਹੀ ਫਸਵੇਂ ਤੇ ਰੌਚਿਕ ਮੁਕਾਬਲੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਾਲਾਂਵਾਲੀ ਵਿਧਾਨ ਸਭਾ ਤੋਂ ਆਪਣੇ ਉਮੀਦਵਾਰ ਬਲਕੌਰ ਸਿੰਘ ਨੂੰ ਜਿੱਤਾਉਣ ਲਈ ਪੂਰੀ ਸ਼ਕਤੀ ਝੋਕ ਦਿੱਤੀ ਹੈ ਅਤੇ ਦਲ ਦੇ ਜਿਹੜੇ ਲੋਕਾਂ ਦੀਆਂ ਇਸ ਹਲਕੇ ਵਿਚ ਰਿਸ਼ਤੇਦਾਰੀਆਂ ਹਨ, ਉਨ੍ਹਾਂ ਦੀਆਂ ਵਿਸ਼ੇਸ਼ ਤੌਰ ’ਤੇ ਸੇਵਾਵਾਂ ਲਈਆਂ ਜਾ ਰਹੀਆਂ ਹਨ। ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਂਗਰਸ ਉਮੀਦਵਾਰਾਂ ਦੀ ਸਰਗਰਮ ਹਮਾਇਤ ਕੀਤੇ ਜਾਣ ਕਰਕੇ ਇਸ ਹਲਕੇ ਦਾ ਮੁਕਾਬਲਾ ਬਹੁਤ ਹੀ ਰੌਚਿਕ ਬਣ ਚੁੱਕਾ ਹੈ।  ਡਬਵਾਲੀ ਹਲਕੇ ਤੋਂ ਕਾਂਗਰਸ ਦੇ ਡਾ.ਕੇ.ਵੀ .ਸਿੰਘ ਅਤੇ ਇਨੈਲੋ ਦੇ ਸੀਨੀਅਰ ਆਗੂ ਅਜੇ ਚੌਟਾਲਾ ਦੀ ਪਤਨੀ ਤੇ ਚੌਟਾਲਾ ਪਰਿਵਾਰ ਦੀ ਨੂੰਹ ਨੈਨਾ ਸਿੰਘ ਵਿਚਾਲੇ ਵੀ ਤਕੜੀ ਟੱਕਰ ਹੈ।

 

Shabdeesh:
Related Post
Disqus Comments Loading...
Recent Posts