ਹੁਣ ਘਰਾਂ ਨੂੰ ਪਰਤਣਾ ਚਾਹੁੰਦੇ ਨੇ ਆਈ ਐਸ ਆਈ ਐਸ ’ਚ ਜਾ ਰਲੇ ਬਰਤਾਨਵੀ ਨੌਜਵਾਨ

ਐਨ ਐਨ ਬੀ

ਲੰਡਨ – ਸੀਰੀਆ ਅਤੇ ਇਰਾਕ ਵਿੱਚ ਇਸਲਾਮਿਕ ਸਟੇਟ ਦੀਆਂ ਸਫ਼ਾਂ ’ਚ ਸ਼ਾਮਲ ਹੋਏ ਬਰਤਾਨਵੀ ਨੌਜਵਾਨ ਹੁਣ ਘਰ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਜਹਾਦੀ ਗਰੁੱਪ ਦੇ ਆਗੂਆਂ ਤੋਂ ਜਾਨ ਦਾ ਖ਼ਤਰਾ ਹੈ। ਸੀਰੀਆ ਦੇ ਅਤਿਵਾਦੀ ਗਰੁੱਪਾਂ ਨਾਲ ਵਾਹ-ਵਾਸਤਾ ਰੱਖਣ ਵਾਲੇ ਇਕ ਸੂਤਰ ਦੇ ਹਵਾਲੇ ਨਾਲ ‘ਗਾਰਡੀਅਨ’ ਅਖ਼ਬਾਰ ਵੱਲੋਂ  ਛਾਪੀ ਗਈ ਰਿਪੋਰਟ ਵਿੱਚ ਆਖਿਆ ਗਿਆ ‘ਵਾਪਸ ਜਾਣ ਦੇ ਖਾਹਸ਼ਮੰਦ ਕੁਝ ਬਰਤਾਨਵੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਮੌਤ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ’’ ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਪੋਰਟਸਮਾਊਥ ਇਲਾਕੇ ਤੋਂ ਗਏ ਇਕ ਮੁਸਲਿਮ ਨੌਜਵਾਨ ਸੀਰੀਆ ਵਿੱਚ ਮੋਰਚੇ ’ਤੇ ਮਾਰਿਆ ਗਿਆ ਹੈ। ਉਹ ਉਨ੍ਹਾਂ ਯੁਵਕਾਂ ਦੀ ਟੋਲੀ ’ਚ ਸ਼ਾਮਲ ਸੀ ਜੋ ਆਈਐਸਆਈਐਸ ਦੀ ਮਦਦ ਲਈ ਲੜਨ ਗਏ ਸਨ। ਸਮਝਿਆ ਜਾਂਦਾ ਹੈ ਕਿ 19 ਸਾਲਾ ਮੁਹੰਮਦ ਮੇਂਹਦੀ ਹਸਨ ਲੰਘੇ ਸ਼ੁੱਕਰਵਾਰ ਸੀਰੀਆ ਦੀ ਸਰਹੱਦ ’ਤੇ ਪੈਂਦੇ ਕੋਬਾਨੀ ਸ਼ਹਿਰ ’ਤੇ ਕਬਜ਼ੇ ਲਈ ਚੱਲ ਰਹੀ ਲੜਾਈ ਦੌਰਾਨ ਮਾਰਿਆ ਗਿਆ ਸੀ।
ਹਸਨ ਇਸ ਪੰਜ ਮੈਂਬਰੀ ਟੋਲੀ ਵਿੱਚ ਸ਼ਾਮਲ ਸੀ, ਜਿਸ ਨੂੰ ਬ੍ਰਿਟੇਨੀ ਬ੍ਰਿਗੇਡ ਬੰਗਲਾਦੇਸ਼ੀ ਬੈਡ ਬੁਆਏਜ਼ ਆਖਿਆ ਜਾਂਦਾ ਹੈ। ਇਸ ਗਰੁੱਪ ਦੇ ਤਿੰਨ ਨੌਜਵਾਨ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਆਈ ਐਸ ਆਈ ਐਸ ਅਲ-ਕਾਇਦਾ ਤੋਂ ਵੱਖ ਹੋ ਕੇ ਬਣਿਆ ਇਕ ਗਰੁੱਪ ਹੈ, ਜਿਸ ਨੇ ਅਬੂ-ਬਦਰ-ਅਲ-ਬਗ਼ਦਾਦੀ ਨੂੰ ਆਪਣਾ ਖਲੀਫਾ ਐਲਾਨਿਆ ਹੋਇਆ ਹੈ। ਅਲ-ਕਾਇਦਾ ਨੇ ਇਸ ਗਰੁੱਪ ਦੀ ਖ਼ੌਫ਼ਨਾਕ ਚੜ੍ਹਤ ਨੂੰ ਦੇਖਦਿਆਂ ਇਸ ਤੋਂ ਆਪਣਾ ਨਾਤਾ ਤੋੜ ਲਿਆ ਸੀ।
ਗੁਆਟਾਨੈਮੋ ਜੇਲ੍ਹ ’ਚ ਕੈਦ ਰਹਿ ਚੁੱਕੇ ਗੁਆਜ਼ੈਮ ਬੇਗ਼ ਨੇ ਆਖਿਆ ਕਿ ਉਹ ਅਜਿਹੇ ਦਰਜਨ ਭਰ ਬਰਤਾਨਵੀਆਂ ਬਾਰੇ ਜਾਣਦਾ ਹੈ ਜੋ ਘਰ ਪਰਤਣਾ ਚਾਹੁੰਦੇ ਹਨ ਪਰ ਹੁਣ ਸੀਰੀਆ ਤੇ ਇਰਾਕ  ਵਿੱਚ ਫਸੇ ਹੋਏ ਹਨ। ਦਰਅਸਲ ਇਕ ਗਰੁੱਪ ਨੇ ਉਨ੍ਹਾਂ ਨੂੰ ਰੋਕਿਆ ਹੋਇਆ ਹੈ। ਬੇਗ਼ ਨੇ ‘ਗਾਰਡੀਅਨ’ ਨੂੰ ਦੱਸਿਆ ਕਿ ਉਹ ਅਜਿਹੇ 30 ਤੋਂ ਵੱਧ ਬੰਦਿਆਂ ਨੂੰ ਜਾਣਦਾ ਹੈ। ਉਹ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਹਕੂਮਤ ਖ਼ਿਲਾਫ਼ ਲੜਨ ਗਏ ਸਨ ਪਰ ਬਾਅਦ ਵਿੱਚ ਆਈ ਐਸ ਆਈ ਐਸ ਦੇ ਹੱਥੇ ਚੜ੍ਹ ਗਈ। ਬੇਗ਼ ਨੇ ਕਿਹਾ, ‘‘ਜਦੋਂ ਇਸਲਾਮਿਕ ਸਟੇਟ ਦੀ ਨੀਂਹ ਰੱਖੀ ਗਈ, ਇਕ ਖ਼ਲੀਫ਼ਾ ਨਿਯੁਕਤ ਕਰ ਦਿੱਤਾ ਗਿਆ ਤਾਂ ਤੁਹਾਨੂੰ ਉਸ ਨਾਲ ਵਫ਼ਦਾਰੀ ਦੀ ਸਹੁੰ ਚੁੱਕਣੀ ਪੈਂਦੀ ਹੈ ਅਤੇ ਇਸ ਤੋਂ ਬਾਅਦ ਜੇ ਤੁਸੀਂ ਨਾਫ਼ੁਰਮਾਨੀ ਕਰਦੇ ਹੋ ਤਾਂ ਤੁਸੀਂ ਖਲੀਫ਼ੇ ਦੀ ਅਵੱਗਿਆ ਕਰਦੇ ਹੋ ਅਤੇ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਦਲੇ ਮੌਤ ਦੀ ਧਮਕੀ ਜਾਂ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।’’ ਇਕ ਅਨੁਮਾਨ ਮੁਤਾਬਕ ਸੀਰੀਆ ਤੇ ਇਰਾਕ ਵਿੱਚ ਅਤਿਵਾਦੀ ਸਫ਼ਾਂ ਵਿੱਚ 500 ਦੇ ਕਰੀਬ ਬਰਤਾਨਵੀ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ 24 ਮਾਰੇ ਜਾ ਚੁੱਕੇ ਹਨ।

 

 

This post was last modified on October 27, 2014 8:44 am

Shabdeesh:
Related Post
Disqus Comments Loading...
Recent Posts