ਐਨ ਐਨ ਬੀ
ਸ਼ੇਰਪੁਰ – ਸ਼ੋ੍ਰਮਣੀ ਅਕਾਲੀ ਦਲ ਵੱਲੋਂ ਐਸ ਜੀ ਪੀ ਸੀ ਦੀ ਚੋਣ ਲੜ ਚੁੱਕੇ ਪਾਰਟੀ ਦੇ ਸਾਬਕਾ ਕੌਮੀ ਜਥੇਬੰਦਕ ਸਕੱਤਰ ਬਾਬਾ ਹਾਕਮ ਸਿੰਘ ਗੰਡੇਵਾਲ ਦੇ ਕਬਜ਼ੇ ਵਾਲੀ 165 ਵਿੱਘੇ ਜ਼ਮੀਨ ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਐਸ ਜੀ ਪੀ ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲ ਵੀ ਪੁੱਜ ਗਿਆ ਹੈ। ਇਸ ਤਰ੍ਹਾਂ ਆਪਣੀ ਹੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ ਨਾਲ ਚੱਲ ਰਹੀ ਅੰਦਰੂਨੀ ਜੱਗ ਜ਼ਾਹਰ ਹੋ ਗਈ ਹੈ।
ਯਾਦ ਰਹੇ ਕਿ ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਉਸਦੇ ਸਮਰਥਕਾਂ ਨੇ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਧਰਨਾ ਲਗਾਕੇ ਉਕਤ ਜਾਇਦਾਦ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਲਿਆਉਣ ਲਈ 11 ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਸੀ। ਇਸਦੇ ਵਿਰੁੱਧ ਜਥੇਦਾਰ ਗੰਡੇਵਾਲ ਨੇ ਵੀ ਭਾਰੀ ਇਕੱਠ ਕਰਕੇ ਮੋੜਵਾਂ ਜਵਾਬ ਦਿੱਤਾ ਸੀ।
ਇਸ ਮਾਮਲੇ ਸਬੰਧੀ ਬਣਾਈ ਐਕਸ਼ਨ ਕਮੇਟੀ ਨੇ ਐਸ ਜੀ ਪੀ ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਤੇ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਕਮੇਟੀ ਦੇ ਸਬੰਧਤ ਅਮਲੇ ਨੂੰ ਹਦਾਇਤ ਕੀਤੀ ਕਿ ਸਮੁੱਚੇ ਮਾਮਲੇ ਨੂੰ ਤੁਰੰਤ ਜਾਂਚ ਕਰਕੇ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਜਥੇਦਾਰ ਗੰਡੇਵਾਲ ਥਾਣੇ ਜਾ ਪਹੁੰਚੇ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਬਾਬਾ ਹਾਕਮ ਸਿੰਘ ਗੰਡੇਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ ਵਿਰੁੱਧ ਥਾਣਾ ਸ਼ੇਰਪੁਰ ਵਿੱਚ ਸ਼ਿਕਾਇਤ ਕਰਕੇ ਦੋਸ਼ ਲਾਇਆ ਹੈ ਕਿ ਉਸ ਨੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਉਨ੍ਹਾਂ ਖ਼ਿਲਾਫ਼ ਅਸ਼ਲੀਲ ਟਿੱਪਣੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਮਾਨਸਿਕ ਪੀੜਾ ਹੋਈ ਹੈ। ਇਸ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਧਰ ਮਹਿਤਾਬ ਸਿੰਘ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਹੈ ਕਿ ਉਸਦਾ ਪਾਸਵਰਡ ਚੋਰੀ ਹੋ ਗਿਆ ਸੀ ਅਤੇ ਉਹ ਟਿੱਪਣੀ ਕਿਸੇ ਨੇ ਸਾਜਿਸ਼ ਤਹਿਤ ਕੀਤੀ ਹੈ। ਉਹ ਨਿੰਦਣਯੋਗ ਹੈ ਅਤੇ ਇਸਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ। ਐਸ ਐਚ ਓ ਸ਼ੇਰਪੁਰ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਹ ਜਥੇਦਾਰ ਹਾਕਮ ਸਿੰਘ ਗੰਡੇਵਾਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਦੀ ਉਹ ਪੜਤਾਲ ਕਰ ਰਹੇ ਹਨ, ਉਨ੍ਹਾਂ ਇਸ ਮਾਮਲੇ ’ਚ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।