ਖੱਟਰ ਦੇ ਹਲਫ਼ਦਾਰੀ ਸਮਾਗਮ ਵਿੱਚ ਨਾ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਪਾਇਆ ਭੋਗ
ਐਨ ਐਨ ਬੀ
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਟੁੱਟਣ ਦਾ ਕੋਈ ਖਤਰਾ ਨਹੀਂ ਹੈ। ਇਹ ਦਾਅਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਜਮਹੂਰੀ ਗਠਜੋੜ (ਐਨ ਡੀ ਏ) ਨਾਲ ਭਾਈਵਾਲੀ ਨੂੰ ਚਿਰ ਸਦੀਵੀਂ ਕਰਾਰ ਦਿੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹਰ ਹੀਲੇ ਬਰਕਰਾਰ ਰਹੇਗਾ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਇਨੈਲੋ ਦਾ ਸਾਥ ਦਿੱਤਾ ਸੀ ਅਤੇ ਭਾਜਪਾ ਆਗੂਆਂ ਵੱਲੋਂ ਉਥੇ ਅਕਾਲੀ ਦਲ ‘ਤੇ ਸ਼ਬਦੀ ਹਮਲਿਆਂ ਨਾਲ ਦੋਹਾਂ ਪਾਰਟੀਆਂ ਦੇ ਸਬੰਧਾਂ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਸੀ। ਹੁਣ ਪੰਜਾਬ ਭਾਜਪਾ ਨੇ ਰਾਜੀਵ-ਲੌਂਗੋਵਾਲ ਸਮਝੌਤੇ ਦੀਆਂ ਕੁਝ ਮੱਦਾਂ ਦਾ ਸਮਰਥਨ ਕਰਕੇ ਵੀ ਨਵਾਂ ਸਿਆਸੀ ਪੈਂਤੜਾ ਖੇਡਿਆ ਹੈ।
ਗੁਰੂ ਨਾਨਕ ਦੇਵ ਭਵਨ ਵਿਖੇ ਅੱਜ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਉਤਸਵ ਸਬੰਧੀ ਮਨਾਏ ਗਏ ਰਾਜ ਪੱਧਰੀ ਸਮਾਗਮ ਤੋਂ
ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਮੈਂ ਸਾਰੀ ਜ਼ਿੰਦਗੀ ਉਨ੍ਹਾਂ ਪਾਰਟੀਆਂ ਜਾਂ ਧਿਰਾਂ ਨਾਲ ਸਬੰਧ ਬਣਾਉਣ ਦੇ ਲੇਖੇ ਲਗਾ ਦਿੱਤੀ ਹੈ, ਜਿਸ ਨਾਲ ਪੰਜਾਬ ਅਤੇ ਪੰਜਾਬੀਅਤ ਦੇ ਵਿਕਾਸ ਨੂੰ ਹੁਲਾਰਾ ਜਾਂ ਨਵੀਂ ਦਿਸ਼ਾ ਮਿਲਦੀ ਹੋਵੇ।”
ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 26 ਅਕਤੂਬਰ ਨੂੰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਲਫ਼ਦਾਰੀ ਸਮਾਗਮ ਵਿੱਚ ਹਾਜ਼ਰੀ ਨਾ ਭਰਨ ਸਬੰਧੀ ਅਫ਼ਵਾਹਾਂ ਰੱਦ ਕਰ ਦਿੱਤੀਆਂ ਹਨ। ਮੁੱਖ ਮੰਤਰੀ ਦਫ਼ਤਰ ਨੇ ਸਪਸ਼ਟ ਕੀਤਾ ਕਿ ਬਾਦਲ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੇ। ਉਨ੍ਹਾਂ ਨੂੰ ਇਸ ਸਬੰਧ ਵਿੱਚ ਸੱਦਾ ਪੱਤਰ ਮਿਲ ਚੁੱਕਾ ਹੈ।
ਉਨ੍ਹਾਂ ਹਰਿਆਣਾ ‘ਚ ਭਾਜਪਾ ਸਰਕਾਰ ਬਣਨ ’ਤੇ ਵੀ ਖੁਸ਼ੀ ਪ੍ਰਗਟਾਈ ਅਤੇ ਮਹਾਰਾਸ਼ਟਰ ਵਿੱਚ ਭਾਜਪਾ-ਸ਼ਿਵ ਸੈਨਾ ਵਿਚਕਾਰ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਇੱਕ ਹੈ ਅਤੇ ਸੂਬੇ ਦੇ ਵਿਕਾਸ ਨੂੰ ਧਿਆਨ ਵਿੱਚ ਰਖਦਿਆਂ ਗਠਜੋੜ ਸਰਕਾਰ ਬਣਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਬਾਬਾ ਵਿਸ਼ਵਕਰਮਾ ਨੂੰ ਸ਼ਿਲਪ ਕਲਾ ਦਾ ਜਨਮਦਾਤਾ ਕਹਿੰਦਿਆਂ ਵਿਸ਼ਵ ਦੇ ਚਹੁੰਮੁਖੀ ਵਿਕਾਸ ਨੂੰ ਬਾਬਾ ਜੀ ਦੀ ਦੇਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਹੁਨਰ (ਸਕਿੱਲ) ਤੋਂ ਬਿਨਾ ਨਹੀਂ ਹੋ ਸਕਦੀ। ਵਿਸ਼ਵਕਰਮਾ ਨੇ ਇਸ ਵਿਸ਼ਵ ਅਤੇ ਲੋਕਾਈ ਦੇ ਵਿਕਾਸ ਲਈ ਲੋੜੀਂਦੇ ਹੁਨਰ ਦੀ ਤਲਾਸ਼ ਕੀਤੀ ਅਤੇ ਇਸ ਨੂੰ ਹੋਰ ਨਿਖ਼ਾਰਨ ਅਤੇ ਪ੍ਰਚਾਰਨ ਦਾ ਸੱਦਾ ਦਿੱਤਾ। ਉਨ੍ਹਾਂ ਜਿੱਥੇ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ, ਉਥੇ ਸਰਬਪੱਖੀ ਵਿਕਾਸ ਲਈ ਨਵੀਂਆਂ ਤਕਨੀਕਾਂ ਅਪਨਾਉਣ ‘ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸ਼ਿਲਪ ਕਲਾ ਅਤੇ ਕਿਰਤ ਨੂੰ ਬੜਾਵਾ ਦੇਣ ਵਾਲੀਆਂ 41 ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।