ਐਨ ਐਨ ਬੀ ਨਵਾਂਸ਼ਹਿਰ – ਹਰਿਆਣਾ ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸੀਟਾਂ ਦੇ ਦੋਹਰੇ ਅੰਕੜੇ ਤੱਕ ਵੀ ਨਹੀਂ ਪੁੱਜ ਸਕੇਗੀ ਅਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਰਾਜ ਕਾਲ ਦੇ ਆਖਰੀ ਸਮੇਂ ਦੌਰਾਨ ਪਾਣੀ ਵਾਂਗ ਡੋਲ੍ਹਿਆ ਖਜ਼ਾਨਾ ਵੀ ਕਾਂਗਰਸ ਦਾ ਪਾਰ ਉਤਾਰਾ ਕਰਨ ਵਿੱਚ ਅਸਫ਼ਲ ਰਹੇਗਾ। ਇਹ ਪ੍ਰਗਟਾਵਾ ਨਵਾਂ ਸ਼ਹਿਰ ਵਿਖੇ ਪਟਵਾਰ ਵਰਕ ਸਟੇਸ਼ਨਾਂ ਦਾ ਉਦਘਾਟਨ ਕਰਨ ਉਪਰੰਤ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਉਹਨਾਂ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਰਿਸ਼ਤਿਆਂ ਵਿੱਚ ਕੋਈ ਕੁੜੱਤਣ ਨਹੀਂ ਅਤੇ ਨਾ ਹੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਪੰਜਾਬ ਪ੍ਰਤੀ ਕੋਈ ਨਾਂਹ ਪੱਖੀ ਪਹੁੰਚ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਦੁਨੀਆਂ ਦੇ ਧਾਰਮਿਕ ਸੈਰ-ਸਪਾਟਾ ਕੇਂਦਰ ਵਜੋਂ ਉਭਾਰਨ ਵਾਸਤੇ 100 ਕਰੋੜ ਰੁਪਏ ਬਜਟ ਵਿੱਚ ਰੱਖਣ ਦਾ ਐਲਾਨ ਉਨ੍ਹਾਂ ਦੀ ਸੂਬੇ ਪ੍ਰਤੀ ਉੱਚੀ ਸੋਚ ਨੂੰ ਉਭਾਰਦਾ ਹੈ।
ਨਵਾਂ ਸ਼ਹਿਰ ਦਾ ਵਰਕ ਸਟੇਸ਼ਨ ’ਤੇ 151.7 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ ਅਤੇ ਇਸ ’ਚ 82 ਪਟਵਾਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ, ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ, ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬੰਗਾ ਸਮੇਤ ਹੋਰ ਆਗੂ ਤੇ ਅਧਿਕਾਰੀ ਮੌਜੂਦ ਸਨ।