ਜ਼ੀਰਕਪੁਰ ਸਬ-ਤਹਿਸੀਲ ਦੇ ਉਦਘਾਟਨੀ ਸਮਾਰੋਹ ਦਾ ਸੱਦਾ ਨਾ ਦੇਣ ’ਤੇ ਨਾਰਾਜ਼ ਹੋਈ ਭਾਜਪਾ
ਐਨ ਐਨ ਬੀ
ਜ਼ੀਰਕਪੁਰ – ‘ਅਕਾਲੀ ਦਲ ਦੀ ਭਾਜਪਾ ਨਾਲ ਉਸ ਵੇਲੇ ਦੀ ਸਾਂਝ ਹੈ ਜਿਸ ਵੇਲੇ ਸਿੱਧੂ ਰਾਜਨੀਤੀ ਵਿੱਚ ਦਾਖ਼ਲ ਨਹੀਂ ਸੀ ਹੋਏ।’ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਤੇ ਸੂਚਨਾ, ਮਾਲ ਤੇ ਮੁੜ ਵਸੇਬਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਜ਼ੀਰਕਪੁਰ ਵਿੱਚ ਸਬ ਤਹਿਸੀਲ ਦੇ ਉਦਘਾਟਨ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਤੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਨਗਰ ਕੌਂਸਲ ਵਿੱਚ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ੀਰਕਪੁਰ ਸਬ-ਤਹਿਸੀਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਮਾਲ ਮਹਿਕਮੇ ਵੱਲੋਂ ਈ-ਸਟੈਂਪ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਦਾ ਸਾਥ ਉਸ ਵੇਲੇ ਦਿੱਤਾ ਸੀ ਜਦੋਂ ਸਾਰੀਆਂ ਪਾਰਟੀਆਂ ਭਾਜਪਾ ਨੂੰ ਛੱਡ ਗਈਆਂ ਸਨ।
ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਦੇ ਬਿਆਨ ਕੋਈ ਭਾਜਪਾ ਦਾ ਪਲੈਟਫਾਰਮ ਨਹੀਂ ਹਨ। ਉਨ੍ਹਾਂ ਨੇ ਹਰਿਆਣਾ ਚੋਣਾਂ ਵਿੱਚ ਇਨੈਲੋ ਦੀ ਕਰਾਰੀ ਹਾਰ ਤੋਂ ਪੱਲਾ ਝਾੜਦੇ ਕਿਹਾ ਕਿ ਅਕਾਲੀ ਦਲ ਨੇ ਹਰਿਆਣਾ ਵਿੱਚ ਦੋ ਸੀਟਾਂ ’ਤੇ ਚੋਣ ਲੜੀ ਸੀ ਜਿਸ ਵਿੱਚੋਂ ਇਕ ਸੀਟ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਜ਼ੀਰਕਪੁਰ ਨੂੰ ਸਬ ਤਹਿਸੀਲ ਦੇ ਰੂਪ ’ਚ ਅਕਾਲੀ ਭਾਜਪਾ ਸਰਕਾਰ ਨੇ ਦਿਵਾਲੀ ਦਾ ਤੋਹਫਾ ਦਿੱਤਾ ਹੈ। ਇਸੇ ਦੌਰਾਨ ਵਿਧਾਇਕ ਐਨ.ਕੇ ਸ਼ਰਮਾ ਨੇ ਜ਼ੀਰਕਪੁਰ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਲਈ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਤੇ ਮਜੀਠੀਆ ਦਾ ਧੰਨਵਾਦ ਕੀਤਾ।
ਜ਼ੀਰਕਪੁਰ ਸਬ-ਤਹਿਸੀਲ ਦੇ ਉਦਘਾਟਨੀ ਸਮਾਰੋਹ ਦਾ ਸੱਦਾ ਨਾ ਦੇਣ ’ਤੇ ਨਾਰਾਜ਼ ਹੋਈ ਭਾਜਪਾ
ਜ਼ੀਰਕਪੁਰ ਸਬ-ਤਹਿਸੀਲ ਦੇ ਉਦਘਾਟਨੀ ਸਮਾਰੋਹ ਲਈ ਸੱਦਾ ਨਾ ਦੇਣਚ ’ਤੇ ਨਾਰਾਜ਼ ਹੋਈ ਭਾਜਪਾ
ਜ਼ੀਰਕਪੁਰ – ਹਰਿਆਣਾ ਤੇ ਮਹਾਰਾਸ਼ਟਰ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਇਤਿਹਾਸਕ ਜਿੱਤ ਮਗਰੋਂ ਜ਼ੀਰਕਪੁਰ ਵਿੱਚ ਭਾਜਪਾ ਆਗੂ ਜੋਸ਼ ਵਿੱਚ ਆ ਗਏ ਹਨ ਤੇ ਅਕਾਲੀ ਦਲ ਖ਼ਿਲਾਫ਼ ਖੁੱਲ੍ਹਕੇ ਬੋਲਣ ਲੱਗੇ ਹਨ। ਭਾਜਪਾ ਦੇ ਸਥਾਨਕ ਆਗੂਆਂ ਨੇ ਪ੍ਰੈਸ ਕਾਨਫਰੰਸ ਕਰ ਕੇ ਅਕਾਲੀ ਦਲ ਦੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਤੇ ਸੂਚਨਾ ਤੇ ਮਾਲ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਜ਼ੀਰਕਪੁਰ ਸਬ-ਤਹਿਸੀਲ ਦੇ ਉਦਘਾਟਨ ਸਮਾਰੋਹ ਦਾ ਸੱਦਾ ਨਾ ਦੇਣ ਦਾ ਦੋਸ਼ ਲਾਇਆ ਹੈ। ਇਸ ਮੌਕੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਮੰਡਲ ਦੇ ਪ੍ਰਧਾਨ ਨਰਿੰਦਰ ਗੋਇਲ, ਭਾਜਪਾ ਦੇ ਸੀਨੀਅਰ ਆਗੂ ਨੌਨਿਹਾਲ ਸਿੰਘ ਸੋਢੀ , ਭੁਪਿੰਦਰ ਸਿੰਘ ਵਾਲੀਆ, ਹਰਪ੍ਰੀਤ ਸਿੰਘ ਢਕੌਲੀ, ਜਤਿੰਦਰ ਸਿੰਘ ਕਾਠਗੜ੍ਹ, ਰਾਮ ਭੱਜ ਗਰਗ, ਵਿਨੋਦ ਸ਼ਰਮਾ, ਮੈਡਮ ਪਾਰੂਲ, ਪ੍ਰਿਤਮਾ ਸਿਨਹਾ,ਨਰੇਸ਼ ਸੋਨੀ, ਦੀਪਕ ਬਿਡਲਾ ਆਦਿ ਨੇ ਕਿਹਾ ਕਿ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਨਾਲ ਸਾਡਾ ਨਹੁੰ-ਮਾਸ ਵਾਲਾ ਰਿਸਤਤਾ ਹੈ ਤੇ ਦੂਜੇ ਪਾਸੇ ਅਕਾਲੀ ਦਲ ਸਮਾਗਮਾਂ ’ਚ ਭਾਜਪਾ ਨੂੰ ਕੋਈ ਸੱਦਾ ਨਾ ਦੇ ਕੇ ਨੀਵਾਂ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਜ਼ੀਰਕਪੁਰ ਦਾ ਸਬ-ਤਹਿਸੀਲ ਦਾ ਉਦਘਾਟਨੀ ਸਮਾਰੋਹ ਦਾ ਭਾਜਪਾ ਦੇ ਸਥਾਨਕ ਕਿਸੇ ਆਗੂ ਨੂੰ ਕੋਈ ਸੁਨੇਹਾ ਨਾ ਮਿਲਣ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਇਹ ਮਾਮਲਾ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਇਆ ਜਾਵੇਗਾ। ਉਨ੍ਹਾਂ ਹਲਕਾ ਵਿਧਾਇਕ ਸ਼ਰਮਾ ’ਤੇ ਹਮਲਾ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਭਾਜਪਾ ਨੂੰ ਕਿਸੇ ਵੀ ਸਮਾਗਮ ਵਿੱਚ ਕੋਈ ਸੁਨੇਹਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵੀ ਸਮਾਗਮ ’ਚ ਬਿਨਾਂ ਬੁਲਾਏ ਮਹਿਮਾਨ ਬਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਆਕਾਲੀ ਲੀਡਰਸ਼ਿਪ ਨੂੰ ਕਿਹਾ ਕਿ ‘ਬਰਾਬਰ ਦੇ ਭਾਈਵਾਲ ਨੂੰ ਬਰਾਬਰ ਦਾ ਮਾਣ ਸਨਮਾਨ’ ਦੇਣਾ ਬਣਦਾ ਹੈ, ਜਿਵੇਂ ਅਕਾਲੀ ਆਗੂ ਕੇਂਦਰ ’ਚ ਚਹੁੰਦੇ ਹਨ।