ਸ਼ਬਦੀਸ਼
ਪਟਿਆਲਾ – ਪੰਜਾਬੀ ਫ਼ਿਲਮਾਂ ਤਾਂ ਬਣ ਰਹੀਆਂ ਹਨ, ਪਰ ਹਾਲੇ ਤੱਕ ਇਨ੍ਹਾਂ ਲਈ ਗੰਭੀਰ ਆਲੋਚਕ ਪੈਦਾ ਨਹੀਂ ਹੋ ਸਕੇ। ਇਸ ਸੱਚ ਨੂੰ ਸਵੀਕਾਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਡਵਾਂਸ ਸਟੱਡੀਜ਼, ਪੰਜਾਬੀ ਵਿਭਾਗ ਵੱਲੋਂ ਸੈਨੇਟ ਹਾਲ ਵਿੱਚ ‘ਸਿਨੇਮਾ ਤੇ ਸਾਹਿਤ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਇਸ ਦੋ ਦਿਨਾਂ ਚਰਚਾ ਦੌਰਾਨ ਕਈ ਦਿਸ਼ਾ ਨਿਰਦੇਸ਼ ਵੀ ਸਾਹਮਣੇ ਆਏ ਅਤੇ ਬਣ ਰਹੀਆਂ ਫ਼ਿਲਮਾਂ ਦੇ ਆਰਥਿਕ, ਸਭਿਆਚਾਰਕ, ਸਾਹਿਤਕ ਸੰਦਰਭਾਂ ਦੀ ਪੜਚੋਲ ਵੀ ਕੀਤੀ ਗਈ।
ਰਾਣਾ ਰਣਬੀਰ, ਜੋ ਅਦਾਕਾਰ ਤੇ ਲੇਖਕ ਵੀ ਹੈ, ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬਹੁਤੀਆਂ ਫ਼ਿਲਮ ਵਿੱਚੋਂ ਨਿਰਦੇਸ਼ਕ ਤੇ ਲੇਖਕ, ਦੋਵੇਂ ਹਾਸ਼ੀਏ ’ਤੇ ਚਲੇ ਜਾਂਦੇ ਹਨ, ਕਿਉਂਕਿ ਫ਼ਿਲਮ ਨਿਰਮਾਣ ’ਚ ਪ੍ਰਾਪਰਟੀ ਡੀਲਰਾਂ ਨੂੰ ਦੋਵਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਕਈ ਭਾਰਤੀ ਵਿੱਚ ਫਿਲਮਾਂ ਵਿੱਚ ਲੇਖਕ ਦਾ ਨਾਮ ਤੱਕ ਨਜ਼ਰਅੰਦਾਜ਼ ਹੁੰਦਾ ਹੈ।
ਇਸ ਸੈਮੀਨਾਰ ਨੇ ਸਿੰਗਲ ਸਕਰੀਨ ਦੀ ਸਮਾਪਤੀ ਬਾਅਦ ਨਵੇਂ ਮਾੱਲ ਕਲਚਰ ’ਚ ਆਮ ਆਦਮੀ ਨੂੰ ਫਿਲਮਾਂ ’ਚੋ ਗ਼ਾਇਬ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ। ਕਈ ਚੰਗੀਆਂ ਫਿਲਮਾਂ ਮਾਰਕੀਟਿੰਗ ਮਾਹਰਾਂ ਖੁਣੋਂ ਰਲ਼ ਜਾਂਦੀ ਹਨ। ਯੂਨੀਵਰਸਿਟੀ ਨੂੰ ਅਣਦੇਖੀਆਂ ਰਹਿ ਗਈਆਂ ਬਿਹਤਰ ਫ਼ਿਲਮਾਂ ਨੂੰ ਲੋਕਾਂ ਤੱਕ ਲਿਜਾਣ ਲਈ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉੱਘੇ ਫ਼ਿਲਮਕਾਰ ਅਤੇ ਸਾਬਕਾ ਪ੍ਰੋਫੈਸਰ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਡਾਮਦੀ-ਉਰ-ਰਹਿਮਾਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਹਿਤ ਅਤੇ ਸਿਨੇਮਾ ਇਕੋ ਪੱਧਰ ’ਤੇ ਸਮਾਜ ਦੇ ਸਾਹਮਣੇ ਪ੍ਰਸਤੁਤੀ ਕਰਦੇ ਹਨ ਪ੍ਰੰਤੂ ਭਾਰਤੀ ਸਿਨੇਮਾ ਵਿੱਚ ਲੇਖਕਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ਼ ਰਿਹਾ। ਸੈਮੀਨਾਰ ਦੇ ਅਕਾਦਮਿਕ ਸੈਸ਼ਨ ਵਿੱਚ ਉੱਘੇ ਵਿਚਾਰਕਾਂ ਨੇ ਸਾਹਿਤ ਅਤੇ ਸਿਨੇਮਾ ਸਬੰਧੀ ਵੱਖ-ਵੱਖ ਵਿਸ਼ਿਆਂ ‘ਤੇ ਆਪੋ ਆਪਣੇ ਪੱਤਰ ਪੜ੍ਹੇ। ਸੈਮੀਨਾਰ ਦੇ ਕੋ-ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਅਕਾਦਮਿਕ ਸੈਸ਼ਨਾਂ ਬਾਰੇ ਸੰਖੇਪ ਰੂਪ ਵਿੱਚ ਰਿਪੋਰਟ ਪੇਸ਼ ਕੀਤੀ।
ਸੈਮੀਨਾਰ ਦੇ ਕੋਆਰਡੀਨੇਟਰ ਡਾ. ਸਤੀਸ਼ ਕੁਮਾਰ ਵਰਮਾ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਚਾਰ ਵਿਭਾਗ ਫ਼ਿਲਮ ਖੇਤਰ ਦੀ ਅਕਾਦਮਿਕ ਅਤੇ ਤਕਨੀਕੀ ਪੜ੍ਹਾਈ ਕਰਵਾ ਰਹੇ ਹਨ ਪ੍ਰੰਤੂ ਪੰਜਾਬੀ ਵਿਭਾਗ ਨੇ ਪੰਜਾਬ ਦੇ ਸਾਹਿਤਕ ਸਰੋਕਾਰਾਂ ਨਾਲ ਜੋੜ ਕੇ ਸਿਨੇਮਾ ਬਾਰੇ ਖੋਜ ਚਰਚਾ ਜਾਰੀ ਕੀਤੀ ਹੋਈ ਹੈ। ਡਾ. ਸੁਰਜੀਤ ਸਿੰਘ, ਡਿਪਟੀ ਕੋਆਰਡੀਨੇਟਰ, ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ (ਪੰਜਾਬੀ) ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਿਨੇਮਾ ਤੇ ਸਾਹਿਤ ਦਾ ਆਪਸੀ ਰਿਸ਼ਤਾ ਬੜਾ ਡੂੰਘਾ ਹੈ, ਪਰ ਫ਼ਿਲਮ ਜਗਤ ਵਿੱਚੋਂ ਸਾਹਿਤ ਗ਼ਾਇਬ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਹਿਤ ਵਿੱਚੋਂ ਵੀ ਸੰਵੇਦਨਾ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਇਕ ਦੂਸਰੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।