ਅੰਮ੍ਰਿਤਸਰ – ਆਲ ਇੰਡੀਆ ਅਤਿਵਾਦ ਪੀੜਤ ਐਸੋਸੀਏਸ਼ਨ ਨੇ ਦਹਿਸ਼ਤਗਰਦੀ ਦੇ ਪੀੜਤ ਪਰਿਵਾਰਾਂ ਦੇ ਬੇਰੁਜ਼ਗਾਰ ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਜਥੇਬੰਦੀ ਦੇ ਮੁਖੀ ਡਾ. ਬੀ.ਆਰ ਹਸਤੀਰ ਨੇ ਕਿਹਾ ਕਿ ਇਸ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਿਵੇਂ ਪੰਜਾਬ ਪੁਲੀਸ ਦੇ ਪੀੜਤ ਪਰਿਵਾਰਾਂ ਦੇ ਦੋ ਮੈਂਬਰਾਂ ਨੂੰ ਨੌਕਰੀ ਦਿੱਤੀ ਗਈ ਹੈ, ਉਸੇ ਤਰਜ ’ਤੇ ਇਨ੍ਹਾਂ ਪੀੜਤ ਪਰਿਵਾਰਾਂ ਦੇ ਦੋ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਸਮਾਂ ਪਹਿਲਾਂ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਇਸ ਸਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਰਿਵਾਰਾਂ ਦੇ ਦੋ ਮੈਂਬਰਾਂ ਨੂੰ ਨੌਕਰੀ ਦਿੱਤੀ ਗਈ ਸੀ।
ਉਨ੍ਹਾਂ ਆਖਿਆ ਕਿ ਅਤਿਵਾਦ ਵੇਲੇ ਦੇ ਪੀੜਤ ਪਰਿਵਾਰਾਂ ਦੇ ਕਈ ਮੈਂਬਰ ਅੱਜ ਵੀ ਨਿਆਂ ਪ੍ਰਾਪਤੀ ਲਈ ਜੱਦੋ ਜਹਿਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਅਰਸੇ ਦੌਰਾਨ ਅਤਿਵਾਦ ਪੀੜਤ ਪਰਿਵਾਰਾਂ ਦੇ ਬੱਚਿਆਂ ਅਤੇ ਵਿਧਵਾ ਔਰਤਾਂ ’ਤੇ ਫ਼ੌਜਦਾਰੀ ਕੇਸ ਦਰਜ ਹੋਏ ਹਨ, ਜੋ ਕਿ ਨਿੰਦਣਯੋਗ ਹੈ ਤੇ ਇਹ ਕੇਸ ਰੱਦ ਹੋਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰ ਸਵੈ ਸੇਵੀ ਜਥੇਬੰਦੀਆਂ ਦੇ ਪ੍ਰਤੀਨਿਧ ਵੀ ਹਾਜ਼ਰ ਸਨ।