ਅਮਰਿੰਦਰ-ਭੱਠਲ ’ਚ ਜਾਗੇ ਹੇਜ ’ਤੇ ਸਿਆਸੀ ਪੰਡਿਤਾਂ ਦੀ ਨਿਗਾਹ ਟਿਕੀ

0
1133

AmarinderBhattal

ਸ਼ਬਦੀਸ਼

ਚੰਡੀਗੜ੍ਹ – ਇਹਨੀਂ ਦਿਨੀਂ, ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਹੁਣ ਫੇਰ ਇਕ-ਦੂਜੇ ਦਾ ਹੇਜ ਜਾਗ ਪਿਆ ਹੈ। ਸੂਬੇ ਦੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਨ ਲਈ ਇਹ ਦੋਵੇਂ ਸਾਬਕਾ ਮੁੱਖ ਮੰਤਰੀ ਇਕੱਠੇ ਵਿਚਰਦੇ ਨਜ਼ਰ ਆ ਰਹੇ ਹਨ। ਇਸ ਮੰਡਲੀ ਵਿੱਚ ਵਿਧਾਇਕ ਦਲ ਦੇ ਆਗੂ ਸੁਨੀਲ ਜਾਖ਼ੜ ਵੀ ਸ਼ਾਮਲ ਹਨ, ਜੋ ਕੈਪਟਨ ਧੜੇ ਦੇ ਪੱਕੇ-ਠੱਕੇ ਆਦਮੀ ਹਨ। ਕਿਸੇ ਵੇਲੇ ਕੱਟੜ ਵਿਰੋਧੀ ਰਹੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਲੈ ਕੇ ਭੱਠਲ ਦੇ 70ਵੇਂ ਜਨਮ ਦਿਨ ਦੀ ਵਧਾਈ ਦੇਣ ਲਈ ਫੁੱਲ ਤੇ ਕੇਕ ਲੈ ਕੇ ਪਹੁੰਚ ਗਏ। ਇਹ ਆਮ ਤੌਰ ’ਤੇ ਜਾਣੀ-ਪਛਾਣੀ ਕੈਪਟਨ ਸ਼ੈਲੀ ਨਹੀਂ ਹੈ। ਉਨ੍ਹਾਂ ਨਾਲ ਸੁਨੀਲ ਜਾਖੜ ਵੀ ਸਨ ਅਤੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਖਾਸੀ ਦੇਰ ਬਾਅਦ ਜਾਹਰਾ ਤੌਰ ’ਤੇ ਸਰਗਰਮ ਨਜ਼ਰ ਆ ਰਹੇ ਸਨ। ਬੀਬੀ ਰਾਜਿੰਦਰ ਕੌਰ ਭੱਠਲ ਨੇ ਅਮਰਿੰਦਰ-ਜਾਖੜ ਨੂੰ ਸੱਦਾ ਦੇਣ ਵੇਲੇ ਸੀ ਬਾਜਵਾ ਨੂੰ ਬੁਲਾਇਆ ਸੀ ਜਾਂ ਨਹੀਂ, ਇਸ ਸਬੰਧੀ ਕੋਈ ਪੱਕੀ ਸੂਚਨਾ ਨਹੀਂ ਹੈ।

ਸ੍ਰੀਮਤੀ ਭੱਠਲ ਕੱਲ੍ਹ ਵਿਧਾਇਕ ਪਰਨੀਤ ਕੌਰ ਦੇ ਸੁਹੰ ਚੁੱਕ ਸਮਾਗਮ ’ਚ ਸ਼ਾਮਲ ਵੀ ਹੋਈ ਸੀ। ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਬਾਜਵਾ ਵਿਰੁੱਧ ਲੜਾਈ ’ਚ ਅਮਰਿੰਦਰ ਸਿੰਘ, ਭੱਠਲ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ ਅਤੇ ਉਹ ਬਦਲੇ ’ਚ ਆਪਣੇ ਪੁੱਤਰ ਰਾਹੁਲ ਸਿੱਧੂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਤਿੰਨ ਸੀਨੀਅਰ ਆਗੂਆਂ ਦੇ ਇਕੱਠੇ ਹੋਣ ਨਾਲ ਬਾਜਵਾ ਹੋਰ ਅਲੱਗ ਥਲੱਗ ਪੈ ਜਾਣਗੇ ਤੇ ਹਾਈਕਮਾਂਡ ਦੀ ਥਾਪੀ ਵੀ ਕੁਝ ਨਹੀਂ ਸਵਾਰ ਸਕੇਗੀ। ਦੋ ਸਾਬਕਾ ਮੁੱਖ ਮੰਤਰੀਆਂ ਦੇ ਆਪ-ਵਿਚੀਂ ਜਾਗੇ ਮੋਹ ਦਾ ਲਾਹਾ ਕੌਣ ਲੈ ਜਾਵੇਗਾ, ਇਹ ਤਾਂ ਹਾਲੇ ਸਪੱਸ਼ਟ ਨਹੀਂ ਹੈ, ਪਰ ਇਹ ਸੱਚ ਮੁੜ ਉਜਾਗਰ ਹੋ ਗਿਆ ਹੈ ਕਿ ਸਿਆਸਤ ਵਿੱਚ ਕੋਈ ਵੀ ਪੱਕੇ ਤੌਰ ’ਤੇ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ। ਵੈਸੇ ਸਿਆਸੀ ਪੰਡਿਤ ਬੀਬੀ ਰਾਜਿੰਦਰ ਕੌਰ ਭੱਠਲ ਦੇ ਇਸ ਮੋੜੇ ਨੂੰ ਕੈਪਟਨ ਧੜੇ ਦੀ ਮਜ਼ਬੂਤੀ ਤਸਲੀਮ ਕਰ ਰਹੇ ਹਨ, ਕਿਉਂਕਿ ਇਹ ਦੋਵਾਂ ਦੀ ਅਤੀਤ ਵਿੱਚ ਲੱਗੀ ਰਹੀ ਆਲੋਚਨਾ ਦੀ ਝੜੀ ਭੱਠਲ ਪੱਖੀਆਂ ਲਈ ਦਿੱਕਤ ਪੈਦਾ ਕਰ ਸਕਦੀ ਹੈ, ਜਦਕਿ ਕੈਪਟਨ ਪੱਖੀ ਜੇਤੂ ਮਨੋਦਸ਼ਾ ਕਾਰਨ ਖੁਸ਼ ਹੋ ਰਹੇ ਹਨ।