ਐਨ ਐਨ ਬੀ
ਵਾਸ਼ਿੰਗਟਨ – ਅਮਰੀਕਾ ’ਚ ਹੋਈਆਂ ਚੋਣਾਂ ’ਚ ਕਈ ਭਾਰਤੀ ਅਮਰੀਕੀਆਂ ਨੇ ਵੀ ਬਾਜ਼ੀ ਮਾਰ ਲਈ ਹੈ। ਸਾਊਥ ਕੈਰੋਲਾਈਨਾ ਦੀ ਗਵਰਨਰ ਨਿੱਕੀ ਹੇਲੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ (50) ਲਗਾਤਾਰ ਦੂਜੀ ਵਾਰ ਜਿੱਤਣ ‘ਚ ਕਾਮਯਾਬ ਰਹੇ ਹਨ। ਅਮਰੀਕਾ ’ਚ ਪ੍ਰਤੀਨਿਧ ਸਭਾ, ਸੂਬਾਈ ਗਵਰਨਰਾਂ, ਵਿਧਾਨ ਸਭਾਵਾਂ ਲਈ ਵੋਟਾਂ ਪਈਆਂ ਸਨ। ਰਿਪਬਲਿਕਨ ਹੇਲੀ (42) ਨੇ 57.8 ਫੀਸਦੀ ਵੋਟਾਂ ਹਾਸਲ ਕਰਕੇ ਆਪਣੀ ਵਿਰੋਧੀ ਵਿਨਸੇਂਟ ਸ਼ੀਹੀਨ ਨੂੰ ਕਾਫੀ ਪਿੱਛੇ ਛੱਡ ਦਿੱਤਾ ਜਿਸ ਨੂੰ ਸਿਰਫ਼ 40 ਫੀਸਦੀ ਵੋਟਾਂ ਹੀ ਮਿਲੀਆਂ। ਕੋਲੋਰੈਡੋ ‘ਚ ਰਿਪਬਲਿਕਨ ਜਨਕ ਜੋਸ਼ੀ ਵੀ ਜਿੱਤ ਗਏ ਹਨ। ਇਸੇ ਤਰ੍ਹਾਂ ਨੀਰਜ ਐਨਤਾਨੀ (23) ਓਹੀਅੋ ਸੂਬਾਈ ਵਿਧਾਨ ਸਭਾ ‘ਚ ਸਭ ਤੋਂ ਘੱਟ ਉਮਰ ਦੇ ਰਿਪਬਲਿਕਨ ਆਗੂ ਚੁਣੇ ਗਏ ਹਨ, ਜਿਨ੍ਹਾਂ ਡੈਮੋਕਰੇਟਿਕ ਪਾਰਟੀ ਦੇ ‘ਪੈਟਰਿਕ ਮੌਰਿਸ ਨੂੰ ਹਰਾਇਆ। ਪਿਛਲੇ ਸਾਲ ਰਾਜਨੀਤੀ ਵਿਗਿਆਨ ‘ਚ ਡਿਗਰੀ ਲੈਣ ਵਾਲੇ ਨੀਰਜ ਇਸ ਸਮੇਂ ਡੇਅਟਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਸੇਵਾਮੁਕਤ ਡਾਕਟਰ ਪ੍ਰਸਾਦ ਸ੍ਰੀਨਿਵਾਸਨ ਰਿਪਬਲਿਕਨ ਟਿਕਟ ਤੋਂ ਕਨੈਕਟੀਕਟ ਤੋਂ ਬਿਨਾਂ ਵਿਰੋਧ ਚੁਣੇ ਗਏ। ਡੈਮੋਕਰੇਟ ਸੈਮ ਸਿੰਘ, ਮਿਸ਼ੀਗਨ ਤੋਂ ਮੁੜ ਜੇਤੂ ਰਹੇ ਹਨ। ਮੈਰੀਲੈਂਡ ‘ਚ ਕੁਮਾਰ ਭਾਰਵੇ ਅਤੇ ਅਰੁਣਾ ਮਿਲਰ ਵੀ ਆਪਣੇ ਆਪਣੇ ਹਲਕਿਆਂ ਤੋਂ ਜੇਤੂ ਰਹੇ ਹਨ।
ਵਾਸ਼ਿੰਗਟਨ ਸੂਬੇ ‘ਚ ਡੈਮੋਕਰੇਟ ਪ੍ਰਮਿਲਾ ਜਯਾਪਾਲ ਸੂਬਾਈ ਸੈਨੇਟ ‘ਚ ਚੁਣੇ ਗਏ ਹਨ ਜਦਕਿ ਉਨ੍ਹਾਂ ਦੀ ਪਾਰਟੀ ਦੇ ਸਾਥੀ ਸਤਪਾਲ ਸਿੱਧੂ ਰਿਪਬਲਿਕਨ ਲੁਆਨੇ ਵੈਨਵਰਵੇਨ ਤੋਂ ਚੋਣ ਹਾਰ ਗਏ।
ਕੈਲੀਫੋਰਨੀਆ ‘ਚ ਅਮੀ ਬੇਗ ਅਤੇ ਰੋਅ ਖੰਨਾ ਨੂੰ ਫਸਵੀਂ ਟੱਕਰ ਮਿਲ ਰਹੀ ਸੀ। ਆਖਰੀ ਰਿਪੋਰਟ ਦੇ ਅਨੁਸਾਰ ਅਮਰੀਕੀ ਪ੍ਰਤੀਨਿਧ ਸਭਾ ‘ਚ ਇਕੋ ਇਕ ਭਾਰਤੀ ਅਮਰੀਕਨ ਕਾਂਗਰਸਮੈਨ ਬੇਗ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਡਾਊਗ ਓਸੇ ਤੋਂ 400 ਤੋਂ ਘੱਟ ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਉਹ ਪਿਛਲੇ ਵਾਰ ਵੀ ਫਸਵੇਂ ਮੁਕਾਬਲੇ ‘ਚ 600 ਦੇ ਕਰੀਬ ਵੋਟਾਂ ਨਾਲ ਹੀ ਜੇਤੂ ਰਹੇ ਸਨ। ਡੈਮੋਕਰੇਟ ਰੋਅ ਖੰਨਾ ਆਪਣੇ ਨੇੜਲੇ ਉਮੀਦਵਾਰ ਮਾਈਕ ਹੋਂਡਾ ਤੋਂ ਚਾਰ ਹਜ਼ਾਰ ਤੋਂ ਘੱਟ ਵੋਟਾਂ ਦੇ ਫਰਕ ਨਾਲ ਪਿੱਛੇ ਚੱਲ ਰਹੇ ਸਨ।