ਐਨ ਐਨ ਬੀ ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ-ਰੋਜ਼ਾ ਅਮਰੀਕਾ ਦੌਰੇ ਲਈ 25 ਸਤੰਬਰ ਨੂੰ ਰਵਾਨਾ ਹੋ ਰਹੇ ਹਨ। ਇਸ ਦੌਰੇ ਦੌਰਾਨ ਉਨ੍ਹਾਂ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਤਾਂ ਸੰਬੋਧਨ ਕਰਨਗੇ, ਰਾਸ਼ਟਰਪਤੀ ਬਰਾਕ ਓਬਾਮਾ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ-ਚਰਚਾ ਹੋਵੇਗੀ ਅਤੇ ਇਹਦੇ ਨਾਲ ਹੀ 29 ਸਤੰਬਰ ਨੂੰ ਉਹ 11 ਕਾਰਪੋਰੇਟ ਮੁਖੀਆਂ ਨਾਲ ਨਾਸ਼ਤਾ ਵੀ ਕਰਨਗੇ। ਨਰਿੰਦਰ ਮੋਦੀ ਅਮਰੀਕਾ ਦੇ 15 ਕਾਰਪੋਰੇਟ ਮੁਖੀਆਂ ਨਾਲ ਵਿਚਾਰ-ਚਰਚਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਗੂਗਲ, ਬੋਇੰਗ ਤੇ ਜਨਰਲ ਇਲੈਕਟ੍ਰਿਕ ਦੇ ਉੱਚ ਅਧਿਕਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕਾਰੋਬਾਰੀਆਂ, ਅਧਿਕਾਰੀਆਂ ਅਤੇ ਪਬਲਿਕ ਨਾਲ ਵੀ ਕਈ ਮੀਟਿੰਗਾਂ ਰੱਖੀਆਂ ਗਈਆਂ ਹਨ।
ਇਸ ਤੋਂ ਇਲਾਵਾ ਉਹ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ, ਨੇਪਾਲੀ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਮੁਲਾਕਾਤ ਕਰਨਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਦੀ ਕੋਈ ਯੋਜਨਾ ਨਹੀਂ ਹੈ। ਉਧਰ ਰਾਸ਼ਟਰਪਤੀ ਓਬਾਮਾ ਨੇ 29 ਸਤੰਬਰ ਨੂੰ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਲਈ ਪ੍ਰਾਈਵੇਟ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਦੋਹਾਂ ਲੀਡਰਾਂ ਵਿਚਕਾਰ ਰਿਸ਼ਤੇ ਨੂੰ ਹੋਰ ਪੀਡਾ ਕੀਤਾ ਜਾ ਸਕੇ। 30 ਸਤੰਬਰ ਨੂੰ ਉਹ ਸ੍ਰੀ ਓਬਾਮਾ ਨਾਲ ਵਿਸ਼ੇਸ਼ ਗੱਲਬਾਤ ਕਰਨਗੇ।