ਅਸ਼ਰਫ਼ ਗ਼ਨੀ ਰਾਸ਼ਟਰਪਤੀ ਤੇ ਅਬਦੁੱਲਾ ਅਬਦੁੱਲਾ ਬਣਨਗੇ ਪ੍ਰਧਾਨ ਮੰਤਰੀ
ਕਾਬੁਲ – ਅਫ਼ਗਾਨਿਸਤਾਨ ’ਚ ਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਚੱਲਦੇ ਰੇੜਕੇ ਦਾ ਅੰਤ ਹੋ ਗਿਆ, ਜਦੋਂ ਮੁੱਖ ਅਸ਼ਰਫ਼ ਗਨੀ ਅਤੇ ਅਬਦੁੱਲਾ ਅਬਦੁੱਲਾ ਨੇ ‘ਕੌਮੀ ਸਰਕਾਰ’ ਬਣਾਉਣ ਲਈ ਸੱਤਾ ’ਚ ਭਾਈਵਾਲੀ ਦੇ ਇਕਰਾਰਨਾਮੇ ’ਤੇ ਦਸਤਖਤ ਕਰ ਦਿੱਤੇ। ਸੱਤਾ ਲਈ ਸਮਝੌਤਾ ਮੰਨੀ ਜਾ ਰਹੀ ਸਹਿਮਤੀ ਰਾਸ਼ਟਰਪਤੀ ਮਹਿਲ ’ਚ ਸਿਰੇ ਚਾੜ੍ਹੀ ਗਈ ਅਤੇ ਉਸ ਮੌਕੇ ਮੌਜੂਦਾ ਰਾਸ਼ਟਰਪਤੀ ਹਾਮਿਦ ਕਰਜ਼ਈ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਸਮਝੌਤੇ ਤਹਿਤ ਜੂਨ ’ਚ ਪਈਆਂ ਵੋਟਾਂ ਦੇ ਮੁੱਢਲੇ ਨਤੀਜਿਆਂ ਮੁਤਾਬਕ ਅਸ਼ਰਫ਼ ਗਨੀ ਰਾਸ਼ਟਰਪਤੀ ਬਣਨਗੇ ਜਦਕਿ ਅਬਦੁੱਲਾ ਅਬਦੁੱਲਾ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਵਿਅਕਤੀ ਨਵੇਂ ਬਣਾਏ ਗਏ ਅਹੁਦੇ ‘ਚੀਫ਼ ਐਗਜ਼ੀਕਿਊਟਿਵ ਆਫਿਸਰ’ (ਸੀ.ਈ.ਓ.) ’ਤੇ ਤਾਇਨਾਤ ਹੋਵੇਗਾ। ਇਹ ਅਹੁਦਾ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਹੋਵੇਗਾ।
ਰਾਸ਼ਟਰਪਤੀ ਕਰਜ਼ਈ ਦੇ ਤਰਜਮਾਨ ਐਮਲ ਫ਼ੈਜ਼ੀ ਮੁਤਾਬਕ ਸ੍ਰੀ ਗਨੀ ਹਫ਼ਤੇ ਅੰਦਰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲੈਣਗੇ। ਦੋਵੇਂ ਆਗੂਆਂ ਨੇ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਇਕ-ਦੂਜੇ ਨਾਲ ਗਲੇ ਮਿਲ ਕੇ ਮੁਬਾਰਕਵਾਦ ਦਿੱਤੀ। ਸੰਵਿਧਾਨ ਤਹਿਤ ਰਾਸ਼ਟਰਪਤੀ ਦਾ ਜ਼ਿਆਦਾਤਰ ਸੰਸਥਾਵਾਂ ’ਤੇ ਅਧਿਕਾਰ ਹੁੰਦਾ ਹੈ ਪਰ ਹੁਣ ਸੀ.ਈ.ਓ. ਨੂੰ ਅਹਿਮ ਅਹੁਦੇ ਦੇਣਗੇ।
ਯਾਦ ਰਹੇ ਕ ਜੂਨ ’ਚ ਹੋਈਆਂ ਚੋਣਾਂ ਤੋਂ ਬਾਅਦ ਅਬਦੁੱਲਾ ਅਬਦੁੱਲਾ ਨੇ ਧਾਂਦਲੀ ਦੇ ਦੋਸ਼ ਲਾਏ ਸਨ ਅਤੇ ਵੋਟਾਂ ਦੀ ਮੁੜ ਗਿਣਤੀ ਕਰਨ ਦੀ ਮੰਗ ਉਠਾਈ ਸੀ। ਰੇੜਕਾ ਵਧਦਾ ਦੇਖ ਕੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਦੋਵੇਂ ਆਗੂਆਂ ਨੂੰ ਸਮਝਾਇਆ ਤੇ ਉਹ ਸੱਤਾ ’ਚ ਭਾਈਵਾਲੀ ਕਰਨ ਲਈ ਸਹਿਮਤ ਹੋ ਗਏ। ਅਸ਼ਰਫ਼ ਗਨੀ ਲਈ ਮੁੱਢਲੀ ਪ੍ਰੀਖਿਆ ਅਮਰੀਕਾ ਨਾਲ ਸਮਝੌਤਾ ਹੋਏਗਾ ਤਾਂ ਜੋ ਇਸ ਸਾਲ ਦੇ ਅਖੀਰ ’ਚ ਕੁਝ ਨਾਟੋ ਫੌਜਾਂ ਅਫ਼ਗਾਨਿਸਤਾਨ ’ਚ ਹੀ ਰਹਿਣ। ਅਮਰੀਕਾ ਅਤੇ ਪਾਕਿਸਤਾਨ ਨੇ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਲੋਕਾਂ ਨੂੰ ਹਿੰਸਾ ਤੋਂ ਮੁਕਤੀ ਮਿਲੇਗੀ।
ਅਸ਼ਰਫ਼ ਗ਼ਨੀ ਨੂੰ ਜੇਤੂ ਐਲਾਨਿਆ
ਅਸ਼ਰਫ਼ ਗਨੀ ਅਤੇ ਅਬਦੁੱਲਾ ਅਬਦੁੱਲਾ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਆਜ਼ਾਦ ਚੋਣ ਕਮਿਸ਼ਨ ਨੇ ਅਸ਼ਰਫ ਗਨੀ ਨੂੰ ਰਾਸ਼ਟਰਪਤੀ ਐਲਾਨ ਦਿੱਤਾ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੇ ਮੁਖੀ ਅਹਿਮਦ ਯੂਸਫ ਨੂਰੀਸਤਾਨੀ ਨੇ ਚੋਣ ਅਮਲ ਮੁਕੰਮਲ ਹੋਣ ਦਾ ਐਲਾਨ ਵੀ ਕਰ ਦਿੱਤਾ।