ਐਨ ਐਨ ਬੀ
ਨਿਊਯਾਰਕ – ਅਮਰੀਕਾ ਵਿੱਚ ਵਸਦੇ ਭਾਰਤੀ ਮੂਲ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਲੈਣ ਤੇ ਪਾਸਪੋਰਟ ਨਵਿਆਉਣ ਸਮੇਂ ਆਉਂਦੀਆ ਮੁਸ਼ਕਲਾਂ ਨੂੰ ਦੂਰ ਕਰਵਾਇਆ ਜਾਵੇ। ਇਹ ਸਮੱਸਿਆ ਵਿਸ਼ੇਸ਼ਕਰ ਉਨ੍ਹਾਂ ਸਿੱਖਾਂ ਦੀ ਹੈ, ਜਿਨ੍ਹਾਂ ਨੇ 1980 ਦੇ ਕਰੀਬ ਅਮਰੀਕਾ ਵਿੱਚ ਰਾਜਸੀ ਸ਼ਰਨ ਲਈ ਸੀ। ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ 29 ਮੈਂਬਰੀ ਵਫਦ ਨੇ ਯਾਦ ਪੱਤਰ ਪੇਸ਼ ਕਰਕੇ ਦੱਸਿਆ ਕਿ ਪਰਵਾਸੀ ਸਿੱਖ ਆਪਣੇ-ਆਪ ਨੂੰ ਅਲੱਗ-ਥਲੱਗ ਪਿਆ ਮਹਿਸੂਸ ਕਰਦੇ ਹਨ ਕਿਉਂਕਿ ਭਾਰਤੀ ਸਫਾਰਤਖਾਨਾ ਉਨ੍ਹਾਂ ਨੂੰ ਵੀਜ਼ਿਆਂ ਤੋਂ ਜਵਾਬ ਦਿੰਦਾ ਹੈ ਤੇ ਉਨ੍ਹਾਂ ਦੇ ਪਾਸਪੋਰਟ ਵੀ ਨਹੀਂ ਨਵਿਆਏ ਜਾਂਦੇ ਤੇ ਇਸ ਤਰ੍ਹਾਂ ਉਹ ਭਾਰਤ ਵਸਦੇ ਆਪਣੇ ਪਰਿਵਾਰਾਂ ਤੋਂ ਇਕ ਤਰ੍ਹਾਂ ਨਾਲ ਅਲੱਗ-ਥਲੱਗ ਪੈ ਗਏ ਹਨ। ਉਹ ਭਾਰਤ ਵਿੱਚ ਆਪਣੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਤੋਂ ਵੀ ਵਾਂਝੇ ਹੋ ਰਹੇ ਹਨ। ਸਿੱਖਾਂ ਦੇ ਵਫਦ ਦੀ ਅਗਵਾਈ ਕਰ ਰਹੇ ਜਸਦੀਪ ਜੇਸੀ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਮੰਗ ਉਤੇ ਹਮਦਰਦੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਦੇ ਵਫਦ ਨਾਲ ਕੋਈ ਇਕ ਘੰਟਾ ਲੰਬੀ ਮੁਲਾਕਾਤ ਕੀਤੀ ਤੇ ਹੋਰ ਮਸਲੇ ਵੀ ਵਿਚਾਰੇ। ਵਫਦ ਦੇ ਆਗੂਆਂ ਨੇ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਵਿੱਚ ਸਿੱਖਾਂ ਦਾ ਵਫਦ ਮਿਲਿਆ ਹੈ। ਮੋਦੀ ਨਾਲ ਮੁਲਾਕਾਤ ਨੇ ਸਿੱਖ ਭਾਈਚਾਰੇ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਪ੍ਰਤੀ ਆਸਾਂ ਵਧਾ ਦਿੱਤੀਆਂ ਹਨ। ਯਾਦ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਵੱਲੋਂ ਅਮਰੀਕਾ ਵਿੱਚ ਰਾਜਸੀ ਸ਼ਰਨ ਲੈਣ ਦੀ ਅਜੇ ਵੀ ਸਜ਼ਾ ਦਿੱਤੀ ਜਾ ਰਹੀ ਹੈ।
ਵਫਦ ਦੇ ਆਗੂਆ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਯਕੀਨ ਦਿਵਾਇਆ। ਪ੍ਰਧਾਨ ਮੰਤਰੀ ਨੇ ਵਫਦ ਨੂੰ ਮੰਗਾਂ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ।