ਅੱਤਵਾਦ ਵਿਰੁੱਧ ਲੜਾਈ ‘ਚ ਭਾਰਤ-ਪਾਕਿ ਦੇ ਸਹਿਯੋਗ ਦੇਣ ਦੀ ਲੋੜ : ਕੈਪਟਨ ਅਮਰਿੰਦਰ

0
820

Capt

ਐਨ ਐਨ ਬੀ

ਅੰਮ੍ਰਿਤਸਰ – ਭਾਰਤ ਤੇ ਪਾਕਿਸਤਾਨ  ਦਾ ਅੱਤਵਾਦ ਵਿਰੁੱਧ ਲੜਾਈ ਵਿਚ ਇਕ-ਦੂਸਰੇ ਨੂੰ ਸਹਿਯੋਗ ਦੇਣ ਦਾ ਉਚਿਤ ਸਮਾਂ ਹੈ ਅਤੇ ਉਮੀਦ ਹੈ ਕਿ ਉਥੋਂ ਦੇ ਸ਼ਰਾਰਤੀ ਅਨਸਰਾਂ ਨੂੰ ਦੇਸ਼ ਵਿਚ ਸਰਕਾਰੀ ਸੁਰੱਖਿਆ ਅਤੇ ਸ਼ਹਿ ਨਹੀਂ ਦਿੱਤੀ ਜਾਵੇਗੀ। ਇਹ ਗੱਲ ਲੋਕ ਸਭਾ ਵਿਚ ਕਾਂਗਰਸ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਅਜਨਾਲਾ ਵਿਚ ਦੌਰੇ ਦੌਰਾਨ ਕਹੀ। ਉਨ੍ਹਾਂ ਨੇ ਵਾਹਗਾ ਬਾਰਡਰ ਦੇ ਕੋਲ ਹੋਏ ਬੰਬ ਧਮਾਕੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵਲੋਂ 1984 ਦੇ ਦਿੱਲੀ ਦੰਗਿਆਂ ਦੇ ਸ਼ਿਕਾਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ 5-5 ਲੱਖ ਰੁਪਏ ਦੀ ਸਹਾਇਤਾ ਸਿਰਫ ਚੋਣ ਸਟੰਟ ਹੈ। ਇਹ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਹੱਦੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਪਿੰਡ ਮਾਛੀਵਾਹਲਾ ਵਿਖੇ ਕਾਂਗਰਸੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ‘ਚ ਅੱਤਵਾਦ ਦੌਰਾਨ ਮਾਰੇ ਗਏ 25 ਹਜ਼ਾਰ ਦੇ ਕਰੀਬ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਵੀ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ । ਉਨ੍ਹਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ 30 ਸਾਲ ਬੀਤ ਜਾਣ ‘ਤੇ ਵੀ ਅਜੇ ਤਕ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲੀਆਂ, ਜਦੋਂਕਿ ਆਰ. ਐੱਸ. ਐੱਸ. ਦੇ 44 ਦੋਸ਼ੀਆਂ ਸਮੇਤ ਦੰਗਿਆਂ ‘ਚ ਸ਼ਾਮਲ ਸਮੂਹ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸਰਹੱਦੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਉਨ੍ਹਾਂ ਕਿਹਾ ਕਿ ਹਰ ਸਾਲ ਹੀ ਰਾਵੀ ਦਰਿਆ ਦੇ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੁੰਦੇ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਪਿੰਡ ਘੋਹਨੇਵਾਲ ਕੋਲ 5 ਕਿਲੋਮੀਟਰ ਧੁੱਸੀ ਬੰਨ੍ਹ ਬਣਾਉਣ, ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦਾ ਕੰਮ ਕਰਨ ਦਾ ਸਮਾਂ ਵਧਾਉਣ ਅਤੇ ਰਾਵੀ ਦਰਿਆ ‘ਤੇ ਪਲਟੂਨ ਪੁਲ ਬਣਾਉਣ ਬਾਰੇ ਸੰਸਦ ‘ਚ ਆਵਾਜ਼ ਚੁੱਕੀ ਜਾਵੇਗੀ ਅਤੇ 50 ਸਾਲਾਂ ਤੋਂ ਸਰਕੰਡਾ ਪੁੱਟ ਕੇ ਆਬਾਦ ਕੀਤੀਆਂ ਜ਼ਮੀਨਾਂ ‘ਤੇ ਖੇਤੀ ਕਰਦੇ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ।