‘ਆਪ’ ਦਾ ਜਥੇਬੰਦਕ ਢਾਂਚਾ ਅਕਤੂਬਰ ਤੱਕ ਹੋਵੇਗਾ ਮੁਕੰਮਲ: ਛੋਟੇਪੁਰ

0
1411

ਭਗਵੰਤ ਮਾਨ ਨੇ ਕੀਤਾ ਸੰਗਰੂਰ ਤੇ ਬਰਨਾਲਾ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਾਅਵਾ

22

ਐਨ ਐਨ ਬੀ ਸੰਗਰੂਰ –ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਅਕਤੂਬਰ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਜਥੇਬੰਦਕ ਢਾਂਚੇ ਵਿੱਚ ਇਮਾਨਦਾਰ, ਮਿਹਨਤੀ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਆਗੂਆਂ ਨੂੰ ਅੱਗੇ ਲਿਆਂਦਾ ਜਾਵੇਗਾ। ਸ੍ਰੀ ਛੋਟੇਪੁਰ ਅੱਜ ਇੱਥੇ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਨਾਲ ਨਾਲ ਯੂਥ ਵਿੰਗ, ਵਿਦਿਆਰਥੀ ਵਿੰਗ, ਕਿਸਾਨ ਵਿੰਗ, ਦਲਿਤ ਵਿੰਗ, ਕਾਨੂੰਨੀ ਵਿੰਗ, ਵਪਾਰੀ ਵਿੰਗ ਅਤੇ ਮਹਿਲਾ ਵਿੰਗ ਆਦਿ ਨੂੰ ਵੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਨਾ ਬਣਨਾ ਹੀ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਕਾਰਨ ਬਣਿਆ ਹੈ। ਇਸ ਲਈ ਉਨ੍ਹਾਂ ਦਾ ਪਹਿਲਾ ਕੰਮ ਹੀ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨਾ ਹੈ, ਜਿਸਦੇ ਲਈ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਸੁਝਾਅ ਲਏ ਜਾ ਰਹੇ ਹਨ ਅਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਸ੍ਰੀ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਪੂਰੇ ਉਤਸ਼ਾਹ ਨਾਲ ਲੜੇਗੀ ਪ੍ਰੰਤੂ ਪਾਰਟੀ ਦਾ ਮੁੱਖ ਨਿਸ਼ਾਨਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਾਂਗਰਸ ਅਤੇ ਬਾਦਲ ਪਰਿਵਾਰ ਤੋਂ ਮੁਕਤ ਕਰਾਉਣ ਲਈ ਪੂਰਨ ਏਕਤਾ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਹੁਣ ਪਹਿਲਾਂ ਵਾਲਾ ਅਕਾਲੀ ਦਲ ਨਾ ਰਹਿ ਕੇ ਸਿਰਫ਼ ‘ਬਾਦਲ ਐਂਡ ਕੰਪਨੀ’ ਬਣ ਚੁੱਕਿਆ ਹੈ, ਜਿਸਨੇ ਪੰਜਾਬ ਨੂੰ ਤਬਾਹੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਪੰਜਾਬ ਦੇ ਹਾਲਾਤ ਬੇਹੱਦ ਨਾਜ਼ੁਕ ਹਨ। ਇੰਡਸਟਰੀ ਦੂਜੇ ਰਾਜਾਂ ਵਿੱਚ ਤਬਦੀਲ ਹੋ ਰਹੀ ਹੈ, ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ ਅਤੇ ਬੱਚੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ ਪ੍ਰੰਤੂ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ।

ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਪੈਂਦੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨੂੰ ਆਉਣ ਵਾਲੇ ਛੇ ਮਹੀਨਿਆਂ ਦੇ ਅੰਦਰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਡੀਆਂ ’ਚੋਂ ਕਿਸਾਨ ਦੀ ਫਸਲ ਦੀ ਆਖ਼ਰੀ ਢੇਰੀ ਨਹੀਂ ਚੁੱਕੀ ਜਾਂਦੀ, ਉਹ ਉਦੋਂ ਤੱਕ ਮੰਡੀਆਂ ਵਿੱਚ ਤੰਬੂ ਲਾ ਕੇ ਰਾਤਾਂ ਗੁਜ਼ਾਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਰਿਆਣਾ ਦੀ ਇੱਕ ਪ੍ਰਾਈਵੇਟ ਖਰੀਦ ਏਜੰਸੀ ਨਾਲ ਗੱਲਬਾਤ ਕਰ ਲਈ ਹੈ, ਜੋ ਕਿ ਖ਼ੁਦ ਇੱਥੇ ਆ ਕੇ ਬਾਸਮਤੀ ਝੋਨੇ ਦੀ ਖਰੀਦ ਕਰੇਗੀ ਅਤੇ ਹੁਣ ਕਿਸਾਨਾਂ ਨੂੰ ਹਰਿਆਣਾ ਵਿੱਚ ਬਾਸਮਤੀ ਝੋਨਾ ਵੇਚਣ ਨਹੀਂ ਜਾਣਾ ਪਵੇਗਾ।

LEAVE A REPLY

Please enter your comment!
Please enter your name here

4 × four =