ਐਨ ਐਨ ਬੀ
ਨਵੀਂ ਦਿੱਲੀ : ਨਰਿੰਦਰ ਮੋਦੀ ਆਉਂਦੇ ਹੀ ਦੂਰਦਰਸ਼ਨ ਵੀ ਹਿੰਦੁਤਵਵਾਦੀ ਰੰਗ ’ਚ ਆ ਗਿਆ ਹੈ। ਰਾਸ਼ਟਰੀਯ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਸੰਗਠਨ ਦੇ ਸਥਾਪਨਾ ਦਿਵਸ ਭਾਸ਼ਨ ਕਰ ਰਹੇ ਸਨ ਤਾਂ ਦੂਰਦਰਸ਼ਨ ਤੋਂ ਸਿੱਧੇ ਪ੍ਰਸਾਰਨ ਹੋ ਰਿਹਾ ਸੀ। ਦੂਰਦਰਸ਼ਨ ਦੀ ਇਸ ਵਰਤੋਂ ਦਾ ਮਾਮਲਾ ਵਿਵਾਦ ’ਚ ਆ ਗਿਆ ਹੈ। ਇੱਕ ਤਰਫ਼ ਕਾਂਗਰਸ, ਖੱਬੇ-ਪੱਖੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਹਨ, ਜਿਨ੍ਹਾਂ ਨੇ ਸਰਕਾਰੀ ਪ੍ਰਸਾਰਨ ਸੇਵਾ ਦੀ ਦੁਰਵਰਤੋਂ ਕਰਨ ਲਈ ਦਾ ਮੁੱਦਾ ਉਠਾਇਆ ਹੈ, ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜਿਨ੍ਹਾਂ ਨੇ ਸਮਾਜ ਸੁਧਾਰ ਦੇ ਮੁੱਦੇ ਉਠਾਉਣ ਲਈ ਸੰਘ ਮੁਖੀ ਦੀ ਸ਼ਲਾਘਾ ਕੀਤੀ ਹੈ।
ਦੂਰਦਰਸ਼ਨ ਵੱਲੋਂ ਆਰ ਐਸ ਐਸ ਸਮਾਗਮ ਦੇ ਸਿੱਧੇ ਪ੍ਰਸਾਰਨ ਦੀ ਚੌਤਰਫਾ ਆਲੋਚਨਾ ਦੌਰਾਨ ਪ੍ਰਧਾਨ ਮੰਤਰੀ ਉਸਦੇ ਪੱਖ ਵਿੱਚ ਟਵੀਟ ਕਰ ਰਹੇ ਹਨ, ਜਦਕਿ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇੜਕਰ ‘ਖਬਰ ਦਿਖਾਏ ਜਾਣ ਯੋਗ’ ਆਖ ਕੇ ਦੂਰਦਰਸ਼ਨ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੂਰਦਰਸ਼ਨ ਖੁਦ ਫੈਸਲੇ ਲੈਂਦਾ ਹੈ ਅਤੇ ਉਸ ’ਤੇ ਕੋਈ ਸਰਕਾਰੀ ਦਬਾਅ ਨਹੀਂ ਹੈ।
ਓਧਰ ਕਾਂਗਰਸ ਆਗੂਆਂ ਸੰਜੈ ਝਾਅ ਅਤੇ ਸੰਦੀਪ ਦੀਕਸ਼ਤ ਨੇ ਕਿਹਾ ਕਿ ਹੁਣ ਸਾਬਤ ਹੋ ਗਿਆ ਹੈ ਕਿ ਆਰ ਐਸ ਐਸ ਅਤੇ ਭਾਜਪਾ ਵਿਚਕਾਰ ਗੂੜ੍ਹੇ ਰਿਸ਼ਤੇ ਹਨ। ਸੰਜੈ ਝਾਅ ਨੇ ਕਿਹਾ, ”ਦੂਰਦਰਸ਼ਨ ਲੋਕਾਂ ਦੇ ਪੈਸੇ ਨਾਲ ਚਲਦਾ ਹੈ। ਕੀ ਸਰਕਾਰ ਆਰ ਐਸ ਐਸ ਮੁਖੀ ਦੇ ਭਾਸ਼ਨ ਨੂੰ ਪ੍ਰਸਾਰਿਤ ਕਰਨ ਲਈ ਇਸ ਦੀ ਵਰਤੋਂ ਕਰ ਸਕਦੀ ਹੈ? ਇਹ ਚਿੰਤਾਜਨਕ ਰੁਝਾਨ ਹੈ।” ਸ੍ਰੀ ਦੀਕਸ਼ਤ ਨੇ ਕਿਹਾ ਕਿ ਆਰ ਐਸ ਐਸ ਨਿਰਪੱਖ ਜਥੇਬੰਦੀ ਨਹੀਂ ਹੈ ਅਤੇ ਇਹ ਵਿਵਾਦਾਂ ਨਾਲ ਜੁੜੀ ਰਹੀ ਹੈ। ਅਭਿਸ਼ੇਕ ਮਨੂਸਿੰਘਵੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਹੁਣ ਦੇਸ਼ ਦਾ ਸਰਕਾਰੀ ਮੀਡੀਆ ਨਾਗਪੁਰ ਲਈ, ਨਾਗਪੁਰ ਵੱਲੋਂ ਅਤੇ ਨਾਗਪੁਰ ਵਾਸਤੇ ਚਲਾਇਆ ਜਾਵੇਗਾ।
ਸੀ ਪੀ ਆਈ (ਐਮ) ਆਗੂ ਸੀਤਾ ਰਾਮ ਯੇਚੁਰੀ ਨੇ ਪ੍ਰਸਾਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਰ ਐਸ ਐਸ ਨੇ ਹਿੰਦੂਤਵਵਾਦ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਮੌਕੇ ਦਾ ਫਾਇਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਲੋਕ ਪ੍ਰਸਾਰਨ ਸੇਵਾ ਨੂੰ ਆਰ ਐਸ ਐਸ ਵਰਗੀ ਜਥੇਬੰਦੀ ਦੇ ਮੁਖੀ ਦੇ ਭਾਸ਼ਨ ਦਾ ਸਿੱਧਾ ਪ੍ਰਸਾਰਨ ਨਹੀਂ ਦਿਖਾਉਣਾ ਚਾਹੀਦਾ ਸੀ। ਸੀ ਪੀ ਆਈ ਦੇ ਡੀ.ਰਾਜਾ ਨੇ ਦੂਰਦਰਸ਼ਨ ਨੂੰ ਆਰ ਐਸ ਐਸ ਦਾ ਧੁਤੂ ਬਣਾਏ ਜਾਣ ਲਈ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੋਂ ਜਵਾਬ ਮੰਗਿਆ ਹੈ।
ਸਮਾਜਵਾਦੀ ਪਾਰਟੀ ਦੇ ਆਗੂ ਨਰੇਸ਼ ਅਗਰਵਾਲ ਅਤੇ ਜਨਤਾ ਦਲ (ਯੂ) ਤਰਜਮਾਨ ਕੇ.ਸੀ. ਤਿਆਗੀ ਨੇ ਵੀ ਭਾਗਵਤ ਦੇ ਭਾਸ਼ਨ ਨੂੰ ਦਿਖਾਉਣ ਲਈ ਦੂਰਦਰਸ਼ਨ ਅਤੇ ਮੰਤਰਾਲੇ ਨੂੰ ਘੇਰਿਆ ਹੈ। ਇਤਿਹਾਸਕਾਰ ਅਤੇ ਟਿੱਪਣੀਕਾਰ ਰਾਮ ਚੰਦਰ ਗੁਹਾ ਨੇ ਭਾਸ਼ਨ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਾਰ ਦਿੰਦਿਆਂ ਕਿਹਾ ਕਿ ਹੁਣ ਮਸਜਿਦਾਂ ਦੇ ਇਮਾਮ ਅਤੇ ਚਰਚਾਂ ਦੇ ਪਾਦਰੀ ਵੀ ਭਾਸ਼ਨਾਂ ਨੂੰ ਸਿੱਧੇ ਦਿਖਾਉਣ ਲਈ ਦੂਰਦਰਸ਼ਨ ’ਤੇ ਦਬਾਅ ਪਾ ਸਕਦੇ ਹਨ।
ਭਾਗਵਤ ਭਾਸ਼ਨ ਦੇ ਦੂਰਦਰਸ਼ਨ ਤੋਂ ਸਿੱਧੇ ਪ੍ਰਸਾਰਨ ਨੂੰ ਬਹੁਵਾਦ ਕਰਾਰ ਦਿੰਦਿਆਂ ਕਾਂਗਰਸ ਆਗੂ ਰਾਸ਼ਿਦ ਅਲਵੀ ਨੇ ਕਿਹਾ ਕਿ ਅਜਿਹੀ ਰਵਾਇਤ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਆਰ ਐਸ ਐਸ ਦਾ ਰਿਕਾਰਡ ਦਰਸਾਉਂਦਾ ਹੈ ਕਿ ਉਹ ਦੇਸ਼ ਦੇ ਹਿੱਤਾਂ ਲਈ ਕੰਮ ਨਹੀਂ ਕਰਦੀ।
ਉਧਰ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ (ਨਿਊਜ਼) ਅਰਚਨਾ ਦੱਤਾ ਨੇ ਕਿਹਾ ਕਿ ਹੋਰਨਾਂ ਖਬਰਾਂ ਵਾਂਗ ਸ੍ਰੀ ਭਾਗਵਤ ਦੇ ਭਾਸ਼ਨ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਇਸ ਲਈ ਕੋਈ ਵੀ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਚੋਣਾਂ ਦੀ ਕਵਰੇਜ ਲਈ ਡਿਜੀਟਲ ਸੈਟੇਲਾਈਟ ਨਿਊਜ਼ ਗੈਦਰਿੰਗ ਵੈਨਾਂ ਪਹਿਲਾਂ ਤੋਂ ਉੱਥੇ ਤਾਇਨਾਤ ਹਨ ਅਤੇ ਇਕ ਵੈਨ ਨੇ ਨਾਗਪੁਰ ਤੋਂ ਇਹ ਖਬਰ ਭੇਜੀ ਸੀ।
ਇਸ ਵਿਵਾਦਤ ਭਾਸ਼ਨ ਵਿੱਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਹਿੰਦੂਤਵ ਨੂੰ ਦੇਸ਼ ਦੀ ਕੌਮੀ ਪਛਾਣ ਕਰਾਰ ਦਿੱਤਾ ਹੈ ਅਤੇ ਇਸਦੇ 89ਵੇਂ ਸਥਾਪਨਾ ਦਿਵਸ ਮੌਕੇ ਨਰਿੰਦਰ ਮੋਦੀ ਸਰਕਾਰ ਦੀ ਕੌਮੀ ਸੁਰੱਖਿਆ, ਆਰਥਿਕਤਾ ਅਤੇ ਕੌਮਾਂਤਰੀ ਸਬੰਧਾਂ ਲਈ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਜਾਦੂ ਦੀ ਛੜੀ ਨਹੀਂ ਹੈ ਅਤੇ ਲੋਕਾਂ ਨੂੰ ਨਤੀਜਿਆਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘ ਦਹਾਕਿਆਂ ਤੋਂ ਅਨੇਕਤਾ ’ਚ ਏਕਤਾ ਦਾ ਪ੍ਰਚਾਰ ਕਰਦਾ ਆਇਆ ਹੈ ਅਤੇ ਹਿੰਦੂਤਵ ਕਰਕੇ ਹੀ ਏਕਤਾ ਦੀ ਤੰਦ ਜੁੜੀ ਹੋਈ ਹੈ। ਭਾਗਵਤ ਨੇ ਗਊ ਹੱਤਿਆ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਵਕਾਲਤ ਕਰਦਿਆਂ ਮਾਸ ਦੀ ਬਰਾਮਦ ’ਤੇ ਰੋਕ ਲਾਉਣ ਲਈ ਕਿਹਾ।
ਹਿੰਦੁਤਵਵਾਦੀ ਆਗੂ ਨੇ ਚੀਨੀ ਸਾਮਾਨ ਦੇ ਬਾਈਕਾਟ ਦਾ ਸੱਦਾ ਦੇ ਕੇ ਸਰਕਾਰ ਲਈ ਸੰਕਟ ਵੀ ਖੜਾ ਕੀਤਾ ਹੈ ਅਤੇ ਇਸ ਨੂੰ ਨਵੀਂ ਸਰਕਾਰ ਆਤਮ ਨਿਰਭਰ ਬਣਨ ਦੀ ਨੀਤੀ ਨਾਲ ਜੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਭਾਰਤੀ ਲੋਕਾਂ ਨੂੰ ਚੀਨੀ ਵਸਤਾਂ ਖਰੀਦੋ-ਫਰੋਖ਼ਤ ਣੀ ਬੰਦ ਕਰਨੀ ਚਾਹੀਦੀ ਹੈ। ਇਹਦੇ ਨਾਲ ਹੀ ਮੋਹਨ ਭਾਗਵਤ ਨੇ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ‘ਹਾਂ-ਪੱਖੀ ਸੰਕੇਤ’ ਨੋਟ ਕਰਦੇ ਹੋਏ ‘ਦੇਸ਼ ਦੇ ਲੋਕਾਂ ’ਚ ਆਸ ਦੀ ਨਵੀਂ ਕਿਰਨ’ ਜਾਗਣ ਦਾ ਦਾਅਵਾ ਕੀਤਾ ਹੈ।
ਦਹਿਸ਼ਤਗਰਦੀ ਬਾਰੇ ਸ੍ਰੀ ਭਾਗਵਤ ਨੇ ਕਿਹਾ ਕਿ ਜੇਹਾਦੀਆਂ ਦੀਆਂ ਸਰਗਰਮੀਆਂ ਕੇਰਲਾ ਅਤੇ ਤਾਮਿਲਨਾਡੂ ’ਚ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਅਤੇ ਕੇਰਲਾ ’ਚ ਆਰ ਐਸ ਐਸ ਵਰਕਰਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਅਤੇ ਜਾਂਚ ਦਾ ਕੰਮ ਧੀਮੀ ਤੋਰੇ ਚੱਲ ਰਿਹਾ ਹੈ। ਉਨ੍ਹਾਂ ਬੰਗਲਾਦੇਸ਼ੀਆਂ ਦੇ ਪੱਛਮੀ ਬੰਗਾਲ, ਆਸਾਮ ਅਤੇ ਬਿਹਾਰ ’ਚ ਗੈਰ-ਕਾਨੂੰਨੀ ਦਾਖਲੇ ਨੂੰ ਹਿੰਦੂ ਸਮਾਜ ਲਈ ਖ਼ਤਰਨਾਕ ਕਰਾਰ ਦਿੱਤਾ।
ਸੰਘ ਮੁਖੀ ਨੇ ਪੱਛਮੀ ਮੁਲਕਾਂ ਵੱਲੋਂ ਤੇਲ ਦੇ ਲਾਲਚ ’ਚ ਪੱਛਮੀ ਏਸ਼ੀਆ ਵੱਲ ਰੁਖ਼ ਕਰਨ ਨੂੰ ਭੰਡਦਿਆਂ ਕਿਹਾ ਕਿ ਸੌੜੇ ਹਿੱਤਾਂ ਕਾਰਨ ਹੀ ਇਸਲਾਮਿਕ ਸਟੇਟ ਦੀਆਂ ਦਹਿਸ਼ਤੀ ਕਾਰਵਾਈਆਂ ’ਚ ਵਾਧਾ ਹੋਇਆ ਹੈ।