ਐਨ ਐਨ ਬੀ
ਮੈਲਬਰਨ – ਆਸਟਰੇਲੀਆ ਦੇ ਸਿਆਸੀ ਨਕਸ਼ੇ ਉੱਤੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਭਾਰਤੀ ਮੂਲ ਦੇ ਨਾਗਰਿਕ ਵਿਕਟੋਰੀਆ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਭਾਗ ਲੈਣਗੇ। ਵਿਕਟੋਰੀਆ ਵਿੱਚ ਭਾਰਤੀ ਮੂਲ ਦੇ 1.10 ਲੱਖ ਲੋਕ ਰਹਿੰਦੇ ਹਨ। ਇਸ ਸੂਬੇ ਵਿੱਚ 29 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਰਾਜ ਵਿੱਚ ਭਾਰਤੀਆਂ ਦੀ ਵਸੋਂ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਪੰਜਾਬੀ ਜ਼ੁਬਾਨ ਬੋਲਣ ਵਾਲੇ ਅਤੇ ਹਿੰਦੂ ਧਰਮ ਦੇ ਪੈਰੋਕਾਰ ਬਹੁ-ਗਿਣਤੀ ਵਿੱਚ ਆ ਰਹੇ ਹਨ। ਭਾਰਤੀ ਮੂਲ ਦੇ ਲੋਕ ਰਾਜ ਵਿੱਚ ਹਰੇਕ ਪੱਧਰ ਉੱਤੇ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਇਸ ਸਾਲ ਇਕ ਦਰਜਨ ਦੇ ਕਰੀਬ ਭਾਰਤੀ ਸੂਬੇ ਵਿੱਚ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਲਿਬਰਲ, ਲੇਬਰ, ਗਰੀਨਜ਼ ਤੇ ਆਸਟਰੇਲੀਅਨ ਕ੍ਰਿਸ਼ਚੀਅਨ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹਨ। ਕੁਝ ਆਜ਼ਾਦ ਉਮੀਦਵਾਰ ਵਜੋਂ ਵੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿੱਚ ਸੰਜੈ ਨਾਥਨ ਲੇਬਰ ਪਾਰਟੀ ਦੀ ਨੁਮਾਇੰਗੀ ਕਰਨਗੇ ਜਦੋਂਕਿ ਅਮਿਤਾ ਗਿੱਲ, ਮੋਤੀ ਵੀਜ਼ਾ, ਫੁਲਵਿੰਦਰਜੀਤ ਸਿੰਘ, ਗਾਂਧੀ ਬੇਵਿਨਾ ਕੋਪਾ ਅਤੇ ਜਾਰਜ ਵਰਗੀਜ਼ ਲਿਬਰਲ ਪਾਰਟੀ ਦੀ ਪ੍ਰਤੀਨਿਧਤਾ ਕਰਨਗੇ। ਆਸਟਰੇਲੀਅਨ ਗਰੀਨਜ਼ ਪਾਰਟੀ ਵੱਲੋਂ ਰਾਜ ਨਾਇਕ, ਗੁਰਮ ਸੇਖੋਂ ਅਤੇ ਅਲੈਗਜ਼ੈਂਡਰ ਭੱਠਲ ਮੈਦਾਨ ਵਿੱਚ ਹਨ, ਜਦਕਿ ਆਸਟਰੇਲੀਅਨ ਕ੍ਰਿਸ਼ਚੀਅਨ ਪਾਰਟੀ ਗੁਰਮਿੰਦਰ ਗਰੇਵਾਲ ਨਾਂ ਦੇ ਭਾਰਤੀ ਨੂੰ ਚੋਣ ਲੜਾਉਣ ਜਾ ਰਹੀ ਹੈ। ਇਕ ਹੋਰ ਭਾਰਤੀ ਚੰਦਰਾ ਓਝਾ ਆਜ਼ਾਦ ਚੋਣ ਲੜ ਰਿਹਾ ਹੈ।
ਇਸ ਸਾਲ ਰਿਕਾਰਡ 896 ਉਮੀਦਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਹਨ ਅਤੇ ਵਿਕਟੋਰੀਆ ਵਿੱਚ 21 ਰਜਿਸਟਰਡ ਸਿਆਸੀ ਪਾਰਟੀਆਂ ਹਨ। ਰਜਿਸਟਰਡ ਪਾਰਟੀਆਂ ਵੱਲੋਂ 789 ਉਮੀਦਵਾਰ ਤੇ ਆਜ਼ਾਦ 107 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਾਲੇ ਤੱਕ ਕੋਈ ਵੀ ਭਾਰਤੀ ਵਿਧਾਨ ਸਭਾ ਦੀ ਚੋਣ ਨਹੀਂ ਜਿੱਤ ਸਕਿਆ। ਹੁਣ ਤੱਕ ਸਿਰਫ਼ ਚਾਰ ਭਾਰਤੀਆਂ ਗੌਤਮ ਗੁਪਤਾ, ਇਨਤਾਜ਼ ਖਾਨ, ਟਿਮ ਲਾਰੈਂਸ ਅਤੇ ਆਸਕਰ ਲੋਬੋ ਕੌਂਸਲ ਚੋਣਾਂ ਹੀ ਜਿੱਤ ਸਕੇ ਹਨ। ਵੈਂਡਮ ਵੇਲ ਤੋਂ ਕੌਂਸਲਰ ਗੌਤਮ ਗੁਪਤਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਲੋਕਾਂ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੀਆਂ। ਲਿਬਰਲ ਪਾਰਟੀ ਨੇ ਕੁਝ ਭਾਰਤੀਆਂ ਨੂੰ ਟਿਕਟ ਦਿੱਤੀ ਹੈ ਪਰ ਉਨ੍ਹਾਂ ਨੂੰ ਅਜਿਹੇ ਹਲਕਿਆਂ ਤੋਂ ਚੋਣ ਲੜਾਈ ਜਾ ਰਹੀ ਹੈ, ਜਿੱਥੋਂ ਪਾਰਟੀ ਪਹਿਲਾਂ ਹਾਰ ਚੁੱਕੀ ਹੈ।