Contents
ਬੰਦੀਆਂ ਦੇ ਪਰਿਵਾਰਾਂ ਨੂੰ ਸੁਸ਼ਮਾ ਦੇ ਬਿਆਨ ਤੋਂ ਨਾ ਮਿਲੀ ਰਾਹਤ
ਐਨ ਐਨ ਬੀ
ਨਵੀਂ ਦਿੱਲੀ – ਇਰਾਕ ਵਿੱਚ ਇਸਲਾਮਿਕ ਸਟੇਟ ਦੇ ਜਹਾਦੀਆਂ ਵੱਲੋਂ ਬੰਦੀ ਬਣਾਏ ਪੰਜਾਬੀਆਂ ਸਮੇਤ 39 ਭਾਰਤੀਆਂ ਬਾਰੇ ਸ਼ਸ਼ੋਪੰਜ ਕਾਇਮ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਬੰਦੀ ਭਾਰਤੀਆਂ ਦੀ ਸਲਾਮਤੀ ਜਾਂ ਮੌਤ ਬਾਰੇ ਕੋਈ ਪੁਖ਼ਤਾ ਸਬੂਤ ਨਹੀਂ ਹੈ। ਉਨ੍ਹਾਂ 39 ਬੰਦੀਆਂ ਦੀ ਮੌਤ ਬਾਰੇ ਟੀ.ਵੀ. ’ਤੇ ਚੱਲ ਰਹੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ ’ਚ ਮੈਂਬਰਾਂ ਵੱਲੋਂ ਇਸ ਮਾਮਲੇ ’ਤੇ ਚਿੰਤਾ ਪ੍ਰਗਟਾਉਣ ’ਤੇ ਕਿਹਾ ਕਿ ਸਿਰਫ ਇਕ ਸੂਤਰ 39 ਭਾਰਤੀਆਂ ਦੀ ਮੌਤ ਦਾ ਦਾਅਵਾ ਕਰ ਰਿਹਾ ਹੈ, ਜਦਕਿ ਛੇ ਸੂਤਰ ਉਨ੍ਹਾਂ ਦੇ ਜਿਉਂਦਾ ਹੋਣ ਦੀ ਗੱਲ ਆਖ ਰਹੇ ਹਨ। ਕਾਂਗਰਸ ਦੇ ਸੰਸਦ ਮੈਂਬਰ ਜੋਤੀਰਾਦਿਤਿਆ ਸਿੰਧੀਆ ਵੱਲੋਂ ਸਰਕਾਰ ’ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ ਅਤੇ ਸਰਕਾਰ ਲਾਪਤਾ ਭਾਰਤੀਆਂ ਨੂੰ ਲੱਭਣ ਲਈ ਦਿਨ-ਰਾਤ ਇਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 39 ਭਾਰਤੀਆਂ ਦੀ ਮੌਤ ਦੀ ਖ਼ਬਰ ਹਰਜੀਤ ਮਸੀਹ ਨੇ ਦਿੱਤੀ ਹੈ, ਜੋ ਹੁਣ ਸਰਕਾਰ ਦੀ ਨਿਗਰਾਨੀ ਹੇਠ ਹੈ। ਵਿਦੇਸ਼ ਮੰਤਰੀ ਨੇ ਲੋਕ ਸਭਾ ’ਚ ਖੁਲਾਸਾ ਕੀਤਾ ਕਿ ਹਰਜੀਤ ਮਸੀਹ ਮੁਤਾਬਕ 15 ਜੂਨ ਨੂੰ ਜਹਾਦੀਆਂ ਨੇ ਕੁਝ ਭਾਰਤੀਆਂ ਤੇ ਬੰਗਲਾਦੇਸ਼ੀਆਂ ਨੂੰ ਅਗਵਾ ਕਰਕੇ ਦੋ ਗੁੱਟਾਂ ’ਚ ਵੰਡ ਦਿੱਤਾ। ਉਸ ਮੁਤਾਬਕ ਭਾਰਤੀਆਂ ਨੂੰ ਜੰਗਲ ’ਚ ਲਿਜਾ ਕੇ ਉਥੇ ਗੋਲੀ ਮਾਰ ਦਿੱਤੀ ਗਈ, ਜਦਕਿ ਉਹ ਆਪ ਬਚ ਗਿਆ। ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਹਰਜੀਤ ਦੇ ਬਿਆਨਾਂ ’ਚ ਕੁਝ ਖਾਮੀਆਂ ਹਨ ਅਤੇ ਜੇਕਰ ਇਹੋ ਸੱਚ ਹੁੰਦਾ ਤਾਂ ਉਹ ਲਾਪਤਾ ਬੰਦਿਆਂ ਦੀ ਖੋਜ ਕਰਾਉਣਾ ਬੰਦ ਕਰਵਾ ਦਿੰਦੇ। ਉਨ੍ਹਾਂ ਮੁਤਾਬਕ ਰੈੱਡ ਕਰੀਸੈਂਟ ਸੰਸਥਾ ਸਮੇਤ ਛੇ ਸੂਤਰਾਂ ਨੇ ਭਾਰਤੀਆਂ ਦੇ ਜਿਉਂਦਾ ਹੋਣ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਸੂਤਰਾਂ ’ਤੇ ਪੂਰਾ ਭਰੋਸਾ ਹੈ।
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਹੋਰਨਾਂ ਆਗੂਆਂ ਨੇ ਵੀ ਬੰਦੀ ਭਾਰਤੀਆਂ ਦੇ ਮਾਮਲੇ ’ਤੇ ਚਿੰਤਾ ਜ਼ਾਹਰ ਕੀਤੀ। ਇਹ ਮਾਮਲਾ ਰਾਜ ਸਭਾ ’ਚ ਵੀ ਗੂੰਜਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤੀਆਂ ਦਾ ਪਤਾ ਲਾਉਣ ਲਈ ਜੀਅ-ਤੋੜ ਕੋਸ਼ਿਸ਼ ਕਰ ਰਹੀ ਹੈ ਅਤੇ ਸਦਨ ਨੂੰ ਗੁਪਤ ਬਚਾਅ ਮਿਸ਼ਨ ਦਾ ਮਾਣ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਰਾਕ ’ਚ ਭਾਰਤ ਵੱਲੋਂ ਇਕ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਪਰ ਮੋਸੂਲ ਜਹਾਦੀਆਂ ਦੇ ਕਬਜ਼ੇ ’ਚ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੰਦੀਆਂ ਦੇ ਪਰਿਵਾਰਾਂ ਨੂੰ ਸੁਸ਼ਮਾ ਦੇ ਬਿਆਨ ਤੋਂ ਨਾ ਮਿਲੀ ਰਾਹਤ
ਹੁਸ਼ਿਆਰਪੁਰ – ਇਰਾਕ ਵਿੱਚ ਬੰਦੀ ਬਣਾਏ 39 ਭਾਰਤੀਆਂ ਨੂੰ ਆਈ.ਐਸ.ਆਈ.ਐਸ. ਅਤਿਵਾਦੀਆਂ ਵੱਲੋਂ ਮਾਰੇ ਜਾਣ ਦੀ ਖ਼ਬਰ ਸੁਣਨ ਤੋਂ ਬਾਅਦ ਸਹਿਮੇ ਸਬੰਧਤ ਪਰਿਵਾਰਾਂ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸੰਸਦ ਵਿੱਚ ਦਿੱਤੇ ਬਿਆਨ ਤੋਂ ਕੋਈ ਰਾਹਤ ਨਹੀਂ ਮਿਲੀ। ਵਿਦੇਸ਼ ਮੰਤਰੀ ਦਾ ਕਹਿਣਾ ਕਿ ਸਰਕਾਰ ਕੋਲ ਭਾਰਤੀ ਕਾਮਿਆਂ ਦੇ ਨਾ ਜ਼ਿੰਦਾ ਹੋਣ ਅਤੇ ਨਾ ਮਰੇ ਹੋਣ ਦਾ ਸਬੂਤ ਹੈ। ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਸਰਕਾਰ ਵੱਲ ਝਾਕ ਰਹੇ ਇਨ੍ਹਾਂ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਸਥਿਤੀ ਛੇਤੀ ਸਪਸ਼ਟ ਕਰੇ
ਦੱਸਣਯੋਗ ਹੈ ਕਿ ਬੰਦੀ ਬਣਾਏ ਕਾਮਿਆਂ ਵਿੱਚ ਦੋ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਪਿੰਡ ਛਾਉਣੀ ਕਲਾਂ ਦਾ ਕਮਲਜੀਤ ਸਿੰਘ ਅਤੇ ਜੈਤਪੁਰ ਦਾ ਗੁਰਦੀਪ ਸਿੰਘ, ਉਨ੍ਹਾਂ ਭਾਰਤੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ 15 ਜੂਨ ਨੂੰ ਮੋਸੂਲ ਤੋਂ ਬੰਦੀ ਬਣਾ ਲਿਆ ਗਿਆ ਸੀ। ਇਸ ਪਿੱਛੋਂ ਇਨ੍ਹਾਂ ਦੀ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ। ਕਮਲਜੀਤ ਦੇ ਭਰਾ ਪਰਵਿੰਦਰ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਪੂਰੀ ਸੱਚਾਈ ਨਹੀਂ ਦੱਸ ਰਹੀ। ਉਸਨੇ ਦੱਸਿਆ ਕਿ ਬੀਤੀ ਰਾਤ ਜਦੋਂ ਇਕ ਟੀ.ਵੀ.ਚੈਨਲ ’ਤੇ ਬੰਦੀ ਬਣਾਏ ਭਾਰਤੀਆਂ ਦੇ ਮਾਰੇ ਜਾਣ ਦੀ ਸ਼ੰਕਾ ਪ੍ਰਗਟਾਈ ਗਈ ਤਾਂ ਉਸ ਪਿੱਛੋਂ ਵਿਦੇਸ਼ ਮੰਤਰਾਲਾ ਹਰਕਤ ਵਿੱਚ ਆਇਆ ਤੇ ਰਾਤ ਡੇਢ ਵਜੇ ਉਸਨੂੰ ਫ਼ੋਨ ’ਤੇ ਭਰੋਸਾ ਦਿੱਤਾ ਗਿਆ ਕਿ ਉਸਦਾ ਭਰਾ ਤੇ ਹੋਰ ਭਾਰਤੀ ਸਹੀ-ਸਲਾਮਤ ਹਨ। ਕਮਲਜੀਤ ਦੇ ਪਿਤਾ ਪ੍ਰੇਮ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਸਥਿਤੀ ਸਪਸ਼ਟ ਕਰੇ। ਪਿੰਡ ਜੈਤਪੁਰ ਦੇ ਗੁਰਦੀਪ ਸਿੰਘ ਦੇ ਪਰਿਵਾਰ ਦੀਆਂ ਵੀ ਨੀਂਦਾਂ ਉੱਡ ਗਈਆਂ ਹਨ। ਗੁਰਦੀਪ ਦੀ ਪਤਨੀ ਅਨੀਤਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਸਰਕਾਰ ਦੇ ਕਹੇ ਅਨੁਸਾਰ ਉਨ੍ਹਾਂ ਦੇ ਕਰੀਬੀ ਠੀਕ ਹੋਣਗੇ ਪਰ ਰਾਤ ਟੀ.ਵੀ. ਦੀ ਖ਼ਬਰ ਨੇ ਉਨ੍ਹਾਂ ਦਾ ਫ਼ਿਕਰ ਵਧਾ ਦਿੱਤਾ। ਉਸਨੇ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਸਬੂਤ ਪੇਸ਼ ਕਰੇ ਕਿ ਸਾਰੇ ਬੰਦੀ ਸਹੀ-ਸਲਾਮਤ ਹਨ।