ਇਸਲਾਮਿਕ ਸਟੇਟ ਦੁਨੀਆਂ ਦੀ ਸਭ ਤੋਂ ਅਮੀਰ ਦਹਿਸ਼ਤੀ ਜਥੇਬੰਦੀ

0
798

ਐਨ ਐਨ ਬੀ

ਵਾਸ਼ਿੰਗਟਨ – ਜਹਾਦੀ ਗੁੱਟ ਇਸਲਾਮਿਕ ਸਟੇਟ ਨੇ ਜਿਸ ਤੇਜ਼ੀ ਨਾਲ ਇਰਾਕ ਅਤੇ ਸੀਰੀਆ ’ਚ ਆਪਣਾ ਖੌਫ ਪੈਦਾ ਕੀਤਾ ਹੈ, ਉਸੇ ਤੇਜ਼ੀ ਨਾਲ ਜਥੇਬੰਦੀ ਦੇ ਫੰਡਾਂ ’ਚ ਵੀ ਭਾਰੀ ਇਜ਼ਾਫਾ ਹੋਇਆ ਹੈ। ਇਸਲਾਮਿਕ ਸਟੇਟ ਦੁਨੀਆਂ ਦੀ ਸਭ ਤੋਂ ਅਮੀਰ ਦਹਿਸ਼ਤੀ ਜਥੇਬੰਦੀ ਬਣ ਗਈ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਧੜਾ ਤੇਲ ਦੀ ਵਿਕਰੀ, ਫਿਰੌਤੀ ਅਤੇ ਅਗਵਾ ਦੀਆਂ ਰਕਮਾਂ ਤੋਂ ਧਨ ਇਕੱਠਾ ਕਰ ਰਿਹਾ ਹੈ।
ਅਮਰੀਕਾ ਦੇ ਦਹਿਸ਼ਤੀ ਅਤੇ ਵਿੱਤੀ ਖੁਫੀਆ ਮਾਮਲਿਆਂ ਬਾਰੇ ਉਪ ਖਜ਼ਾਨਾ ਮੰਤਰੀ ਡੇਵਿਡ ਕੋਹੈੱਨ ਨੇ ਕਿਹਾ ਕਿ ਇਸਲਾਮਿਕ ਸਟੇਟ ਕਬਜ਼ਾਏ ਗਏ ਤੇਲ ਦੇ ਖੂਹਾਂ ’ਚੋਂ ਕੱਚੇ ਤੇਲ ਦੀ ਵਿਕਰੀ ਰਾਹੀਂ ਰੋਜ਼ਾਨਾ 10 ਲੱਖ ਡਾਲਰ ਕਮਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਬੜੀ ਤੇਜ਼ੀ ਨਾਲ ਧਨ ਜਮ੍ਹਾਂ ਕੀਤਾ ਹੈ ਅਤੇ ਇਹ ਹੁਣ ਅਮਰੀਕਾ ਅਤੇ ਉਨ੍ਹਾਂ ਦੇ ਸਾਥੀ ਮੁਲਕਾਂ ਨੂੰ ਚੁਣੌਤੀ ਦੇ ਰਹੀ ਹੈ।
ਕੋਹੈੱਨ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਖਜ਼ਾਨੇ ਨੂੰ ਖਾਲੀ ਕਰਨ ਲਈ ਉਨ੍ਹਾਂ ਕੋਲ ਕੋਈ ਪ੍ਰਬੰਧ ਨਹੀਂ ਹੈ। ‘ਇਹ ਲੰਮੀ ਲੜਾਈ ਹੈ ਅਤੇ ਅਸੀਂ ਅਜੇ ਸ਼ੁਰੂਆਤੀ ਦੌਰ ’ਚ ਦੋ-ਦੋ ਹੱਥ ਕਰ ਰਹੇ ਹਾਂ।’ ਕਾਰਨੇਗੀ ਐਂਡਾਊਮੈਂਟ ਫਾਰ ਇੰਟਰਨੈਸ਼ਨਲ ਪੀਸ ਵਿਖੇ ਉਪ ਪ੍ਰਧਾਨ ਮਰਵਨ ਮੁਆਸ਼ੇਰ ਨੇ ਕਿਹਾ ਇਸਲਾਮਿਕ ਸਟੇਟ ਦੁਨੀਆਂ ਦੀ ਸਭ ਤੋਂ ਅਮੀਰ ਅਤੇ ਪੈਸੇ ਪੱਖੋਂ ਮਜ਼ਬੂਤ ਜਥੇਬੰਦੀ ਹੈ।
ਅਲ-ਕਾਇਦਾ ਵਾਂਗ ਇਸਲਾਮਿਕ ਸਟੇਟ ਨੂੰ ਅਮੀਰ ਦਾਨੀਆਂ ਕੋਲੋਂ ਫੰਡ ਨਹੀਂ ਮਿਲਦੇ। ਕੋਹੈੱਨ ਨੇ ਕਿਹਾ ਕਿ ਜਥੇਬੰਦੀ ਕਰੋੜਾਂ ਡਾਲਰ ਪ੍ਰਤੀ ਮਹੀਨਾ ਜਮ੍ਹਾਂ ਕਰ ਰਹੀ ਹੈ। ਤੇਲ ਖੂਹਾਂ ਤੋਂ ਦਹਿਸ਼ਤਗਰਦ ਰੋਜ਼ਾਨਾ 50 ਹਜ਼ਾਰ ਬੈਰਲ ਤੇਲ ਦੀ ਵਿਕਰੀ ਕਰ ਰਹੇ ਹਨ ਅਤੇ ਵਿਚੋਲਿਆਂ ਰਾਹੀਂ ਸਸਤੇ ਭਾਅ ’ਤੇ ਤੁਰਕੀ ਸਮੇਤ ਹੋਰ ਕਈ ਥਾਵਾਂ ’ਤੇ ਇਸ ਨੂੰ ਵੇਚਿਆ ਜਾ ਰਿਹਾ ਹੈ। ਇਸਲਾਮਿਕ ਸਟੇਟ ਵੱਲੋਂ ਵਿਅਕਤੀਆਂ ਨੂੰ ਅਗਵਾ ਕਰਕੇ ਇਸ ਸਾਲ ਦੋ ਕਰੋੜ ਡਾਲਰ ਇਕੱਠੇ ਕੀਤੇ ਗਏ ਹਨ। ਅਗਵਾ ਕੀਤੇ ਗਏ ਵਿਅਕਤੀਆਂ ’ਚ ਪੱਤਰਕਾਰ ਅਤੇ ਯੂਰਪ ਦੇ ਲੋਕ ਵੀ ਸ਼ਾਮਲ ਹਨ।