ਈ ਡੀ ਸਾਹਮਣੇ ਪੇਸ਼ੀ ਭੁਗਤਣ ਆਏ ਅਵਿਨਾਸ਼ ਚੰਦਰ ਮੀਡੀਆ ’ਤੇ ਭੜਕੇ

0
854

ਤੁਹਾਡੀਆਂ ਖਬਰਾਂ ਕਰਕੇ ਪ੍ਰਧਾਨ ਮੰਤਰੀ ਵੀ ਮੇਰਾ ਨਾਂ ਜਾਣਨ ਲੱਗ ਪਿਆ ਹੈ

Avinash

ਐਨ ਐਨ ਬੀ

ਜਲੰਧਰ – ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫਤਰ ਵਿੱਚ ਮੁੜ ਪੇਸ਼ੀ ਭੁਗਤਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਮੀਡੀਆ ਕਰਮੀਆਂ ‘ਤੇ ਗੁੱਸਾ ਕੱਢਦਿਆਂ ਕਿਹਾ, ”ਤੁਹਾਡੀਆਂ ਖਬਰਾਂ ਕਰਕੇ ਮੇਰਾ ਨਾਂ ਤਾਂ ਹੁਣ ਪ੍ਰਧਾਨ ਮੰਤਰੀ ਮੋਦੀ ਵੀ ਜਾਣਨ ਲੱਗ ਪਿਆ ਹੈ।” ਈ.ਡੀ. ਦੇ ਦਫਤਰ ਅੱਧਾ ਘੰਟਾ ਰੁਕਣ ਤੋਂ ਬਾਅਦ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਜਦੋਂ ਜਾਣ ਲੱਗੇ ਤਾਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਘੇਰ ਲਿਆ। ਈ.ਡੀ. ਬਾਰੇ ਛਪ ਰਹੀਆਂ ਖਬਰਾਂ ਕਾਰਨ ਭਰੇ-ਪੀਤੇ ਬੈਠੇ ਅਵਿਨਾਸ਼ ਚੰਦਰ ਨੇ ਸਾਰਾ ਗੁੱਸਾ ਮੀਡੀਆ ‘ਤੇ ਕੱਢਿਆ।

ਜ਼ਿਕਰਯੋਗ ਹੈ ਕਿ 6000 ਕਰੋੜ ਦੀ ਸਿੰਥੈਟਿਕ ਡਰੱਗ ਦੇ ਮਾਮਲੇ ਵਿੱਚ ਈ.ਡੀ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਜਿਸ ਫੈਕਟਰੀ ‘ਚੋਂ ਸਿੰਥੈਟਿਕ ਡਰੱਗ ਦੀ ਵੱਡੀ ਖੇਪ ਫੜੀ ਗਈ ਸੀ, ਉਹ ਗੁਰਾਇਆ ਦੇ ਕਾਰੋਬਾਰੀ ਚੂਨੀ ਲਾਲ ਗਾਬਾ ਦੇ ਪੁੱਤਰ ਦੀ ਹੈ। ਪੁਲੀਸ ਨੇ ਚੂਨੀ ਲਾਲ ਗਾਬਾ ਤੇ ਉਸ ਦੇ ਦੋ ਪੁੱਤਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਗਾਬਾ ਦੇ ਕੋਲਡ ਸਟੋਰ ‘ਚੋਂ ਮਿਲੀ ਡਾਇਰੀ ‘ਚ ਅਵਿਨਾਸ਼ ਚੰਦਰ ਦੇ ਨਾਂ ਅੱਗੇ 45 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਜ਼ਿਕਰ ਕੀਤਾ ਹੋਇਆ ਹੈ। ਇਸ ਸਬੰਧ ਵਿੱਚ ਈ.ਡੀ. ਵੱਲੋਂ ਪਹਿਲਾਂ ਵੀ ਅਵਿਨਾਸ਼ ਚੰਦਰ ਨੂੰ ਆਪਣੇ ਦਫਤਰ ਤਲਬ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਇਸ ਮਾਮਲੇ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਉਠਾਉਂਦੇ ਆ ਰਹੇ ਹਨ ਕਿ ਉਹ ਅਵਿਨਾਸ਼ ਚੰਦਰ ਕੋਲੋਂ ਅਸਤੀਫ਼ਾ ਲੈਣ। ਫਿਲੌਰ ਤੋਂ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਈ.ਡੀ. ਦੇ ਦਫਤਰ ਸਵੇਰੇ 10:50 ਵਜੇ ਆਏ। ਦਫਤਰ ਵਿੱਚ 25 ਮਿੰਟ ਰੁਕਣ ਤੋਂ ਬਾਅਦ ਜਦੋਂ 11:15 ਵਜੇ ਉਹ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਅਵਿਨਾਸ਼ ਚੰਦਰ ਨੇ ਇੱਥੋਂ ਤੱਕ ਕਹਿ ਦਿੱਤਾ, ”ਤੁਹਾਨੂੰ ਮੇਰੇ ਚਿਹਰੇ ਵੱਲ ਦੇਖ ਕੇ ਲੱਗਦਾ ਹੈ ਕਿ ਮੈਂ ਭ੍ਰਿਸ਼ਟਾਚਾਰੀ ਹਾਂ ਅਤੇ ਮੇਰੀ ਕੋਈ ਭੂਮਿਕਾ ਨਸ਼ਾ ਕਾਰੋਬਾਰੀਆਂ ਨਾਲ ਹੈ?”

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ”ਤੁਸੀਂ ਪਹਿਲਾਂ ਹੀ ਮੇਰਾ ਬਹੁਤ ਨੁਕਸਾਨ ਕਰ ਦਿੱਤਾ ਹੈ ਤੇ ਹੁਣ ਹੋਰ ਨਾ ਕਰੀ ਜਾਓ।” ਜਦੋਂ ਉਨ੍ਹਾਂ ਨੂੰ ਅੱਜ ਇੱਥੇ ਆਉਣ ਦਾ ਕਾਰਨ ਪੁੱਛਿਆ ਗਿਆ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੱਜ ਈ.ਡੀ. ਦੇ ਦਫਤਰ ਪੇਸ਼ੀ ਸੀ ਅਤੇ ਉਹ ਕੁਝ ਦਸਤਾਵੇਜ਼ ਦੇਣ ਲਈ ਆਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ.ਡੀ. ਦੇ ਦਫਤਰ   ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਐਨ.ਆਰ.ਆਈ. ਸਭਾ ਦੇ ਸਾਬਕਾ ਪ੍ਰਧਾਨ ਕਮਲਜੀਤ ਹੇਅਰ ਪੇਸ਼ ਹੋ ਚੁੱਕੇ ਹਨ।