ਐਨ ਐਨ ਬੀ
ਫ਼ਰੀਦਕੋਟ – ਰਾਜਸਥਾਨ ਸਰਕਾਰ ਨੇ ਮਾਲਵੇ ਦੇ ਮੰਦਬੁੱਧੀ ਬੱਚਿਆਂ ਦੇ ਬਿਹਤਰ ਇਲਾਜ ਲਈ ਮੰਗ ਅਨੁਸਾਰ ਊਠਣੀ ਦਾ ਦੁੱਧ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਊਠ ਖੋਜ ਕੇਂਦਰ ਬੀਕਾਨੇਰ ਲੋੜ ਅਨੁਸਾਰ ਉੱਤਰੀ ਭਾਰਤ ਵਿੱਚ ਕੈਮਲ ਮਿਲਕ ਭੇਜ ਰਿਹਾ ਹੈ। ਇਸ ਖੋਜ ਕੇਂਦਰ ਨੇ ਬਾਬਾ ਫ਼ਰੀਦ ਸੈਂਟਰ ਵਿੱਚ ਇਲਾਜ ਅਧੀਨ 40 ਬੱਚਿਆਂ ਨੂੰ 2009 ਵਿੱਚ ਊਠਣੀ ਦਾ ਦੁੱਧ ਦੇਣ ਦਾ ਫੈਸਲਾ ਕੀਤਾ ਸੀ ਪਰ ਦੁੱਧ ਦੀ ਘਾਟ ਹੋਣ ਕਾਰਨ ਇੱਕ ਸਾਲ ਬਾਅਦ ਰਾਜਸਥਾਨ ਸਰਕਾਰ ਨੇ ਇਹ ਸਹੂਲਤ ਵਾਪਸ ਲੈ ਲਈ ਸੀ। ਹੁਣ ਦੁਬਾਰਾ ਖੋਜ ਕੇਂਦਰ ਨੇ ਇਹ ਸਹੂਲਤ ਦੇਣੀ ਸ਼ੁਰੂ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਸੈਂਟਰ ਵਿੱਚ ਊਠਣੀ ਦਾ ਦੁੱਧ ਪੀਣ ਵਾਲੇ ਮੰਦਬੁੱਧੀ ਬੱਚਿਆਂ ’ਤੇ ਇਜ਼ਰਾਈਲ ਦੇ ਵਿਗਿਆਨੀਆਂ ਨੇ ਖੋਜ ਕੀਤੀ ਸੀ। ਖੋਜ ਤੋਂ ਬਾਅਦ ਵਿਗਿਆਨੀ ਡਾ. ਰੈਵੀਉਨ ਯਾਗਿਲ ਦੀ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਲਈ ਕਾਫ਼ੀ ਲਾਹੇਵੰਦ ਹੈ।
ਦੱਸਣਯੋਗ ਹੈ ਕਿ 2009 ਵਿੱਚ ਕੈਮਲ ਖੋਜ ਕੇਂਦਰ ਨੇ ਪੰਜਾਬ ਸਰਕਾਰ ਨੂੰ ਮਸ਼ਵਰਾ ਦਿੱਤਾ ਸੀ ਕਿ ਉਹ ਊਠਣੀਆਂ ਦੇ ਦੁੱਧ ਦੀ ਘਾਟ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਖੋਜ ਕੇਂਦਰ ਸਥਾਪਤ ਕਰਨ ਪਰ ਪੌਣ-ਪਾਣੀ ਅਤੇ ਵਾਤਾਵਰਨ ਅਨੁਕੂਲ ਨਾ ਹੋਣ ਕਰਕੇ ਖੋਜ ਕੇਂਦਰ ਨਹੀਂ ਬਣ ਸਕਿਆ।
ਬੀਕਾਨੇਰ ਵਿੱਚ ਕੇਂਦਰ ਸਰਕਾਰ ਦੀ ਮਦਦ ਨਾਲ 700 ਏਕੜ ਵਿੱਚ ਊਠ ਖੋਜ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੇ 40 ਤੋਂ ਵੱਧ ਕਿਸਮਾਂ ਦੀਆਂ ਊਠਣੀਆਂ ਦੇ ਦੁੱਧ ਨੂੰ ਉੱਤਰੀ ਭਾਰਤ ਵਿੱਚ ਮੰਦਬੁੱਧੀ ਬੱਚਿਆਂ ਦੀ ਮਦਦ ਲਈ ਭੇਜਿਆ ਜਾ ਰਿਹਾ ਹੈ। ਇਸ ਦੁੱਧ ਨਾਲ ਕੈਂਸਰ, ਕਾਲਾ ਪੀਲੀਆ, ਦਮਾ ਅਤੇ ਅਲਰਜੀ ਵਰਗੇ ਰੋਗਾਂ ਦਾ ਇਲਾਜ ਸੰਭਵ ਦੱਸਿਆ ਜਾ ਰਿਹਾ ਹੈ। ਖੋਜ ਕੇਂਦਰ ਦੇ ਸਿਹਤ ਵਿਗਿਆਨੀ ਡਾ. ਰਘੂਵਨ ਨੇ ਦੱਸਿਆ ਕਿ ਉਹ ਪੰਜਾਬ ਦੇ ਮੰਦਬੁੱਧੀ ਬੱਚਿਆਂ ਲਈ ਲੋੜ ਅਨੁਸਾਰ ਕੈਮਲ ਮਿਲਕ ਮੁਹੱਈਆ ਕਰਵਾਉਣਗੇ।