ਐਨ ਐਨ ਬੀ
ਫਿਲੌਰ – ‘ਓਮ ਜੈ ਜਗਦੀਸ਼ ਹਰੇ… ਆਰਤੀ’ ਦੇ ਸਿਰਜਕ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਹੜਾ ਸ਼ਰਧਾ ਨਾਲ ਮਨਾਇਆ ਗਿਆ। ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਸਵਾਮੀ ਕ੍ਰਿਸ਼ਨਾ ਨੰਦ ਬਿਨੇਵਾਲ ਵਾਲਿਆਂ ਨੇ ਆਪਣੇ ਸੰਬੋਧਨ ’ਚ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਸਾਹਿਤ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਧਾਰਮਿਕ ਵਿਦਵਾਨ ਸਵਾਮੀ ਸੂਰਯ ਪ੍ਰਤਾਪ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਸਾਰੀ ਜ਼ਿੰਦਗੀ ਸਨਾਤਨ ਧਰਮ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਪੰਡਿਤ ਜੀ ਨੇ ਸੱਚ ਅਤੇ ਇਨਸਾਫ ਦੀ ਖਾਤਰ ਮੌਕੇ ਦੇ ਹਾਕਮਾਂ ਵਿਰੁੱਧ ਬਗਾਵਤ ਵੀ ਕੀਤੀ ਅਤੇ ਤਕਲੀਫ ਝੱਲੀ।
ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰਾਂ ਵੱਲ ਝਾਕ ਛੱਡ ਕੇ ਆਪ ਹੀ ਉੱਦਮ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਆਪਣੇ ਬਜ਼ੁਰਗਾਂ ਦੇ ਦਿਨ ਮਨਾ ਸਕਾਂਗੇ। ਟਰੱਸਟ ਦੇ ਪ੍ਰਧਾਨ ਅਜੇ ਸ਼ਰਮਾ ਨੇ ਪਿਛਲੇ ਸੱਤ ਸਾਲ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕਰਦਿਆ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੰਡਿਤ ਸ਼ਰਧਾ ਰਾਮ ਦੀ ਸਾਹਿਤਕ ਦੇਣ ਬਾਰੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸ ਮੌਕੇ ਸਤਿੰਦਰ ਸ਼ਰਮਾ, ਵਿਦਵਾਨ ਡਾ. ਰਜਿੰਦਰ ਤੋਕੀ, ਸਵਾਮੀ ਵਿਗਿਆਨਾ ਨੰਦ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਟਰੱਸਟ ਨੇ ਜੇਤੂ ਵਿਦਿਆਰਥੀਆਂ ਅਤੇ ਪਤਵੰਤਿਆਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ। ਕਾਲਜ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਲੋਂ ਪੰਡਿਤ ਜੀ ਦੇ ਜੀਵਨ ਅਤੇ ਸਾਹਿਤ ‘ਤੇ ਅਧਾਰਿਤ ਭਾਸ਼ਣ ਮੁਕਾਬਲੇ ਕਰਵਾਏ ਗਏ। ਟਰੱਸਟ ਨੇ ਪੰਡਿਤ ਜੀ ਦੁਆਰਾ ਰਚੀ ‘ਸੱਤਿਆਧਰਮ ਮੁਕਤਾਵਲੀ ਇਵਮ ਸੱਤੋਉਪਦੇਸ਼’ ਪੁਸਤਕ ਪਾਠਕਾਂ ਨੂੰ ਮੁਫਤ ਵੰਡੀ। ਇਸ ਮੌਕੇ ਪ੍ਰਿੰਸੀਪਲ ਡਾ. ਐਸ ਕੇ ਮਹਾਜਨ, ਚੇਅਰਮੈਨ ਗਿਰੀਸ਼ ਗੁਪਤਾ, ਐਸਕੇ ਮਲਹੋਤਰਾ, ਜੀਵਨ ਪਾਸੀ, ਜੋਗਿੰਦਰ ਗੁਪਤਾ, ਮਾਸਟਰ ਚੰਦਰ ਮੋਹਨ, ਡਾ. ਅਸ਼ਵਨੀ ਆਸ਼ੂ, ਮੁਲਖ ਰਾਜ ਵਿਕਾਸ, ਜਗਦੀਸ਼ ਬਾਵਾ ਤੇ ਰਾਜੇਸ਼ ਕੁਮਾਰ ਐਡਵੋਕੇਟ ਹਾਜ਼ਰ ਸਨ।