ਚੰਡੀਗੜ੍ਹ – ਵੱਲੋਂ ਮਲਟੀਮੀਡੀਆ ਕਲਚਰਲ ਸੈਂਟਰ ਕੁਰੂਕਸ਼ੇਤਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਡਾਂਸ ਅਤੇ ਥੀਏਟਰ ਫੈਸਟੀਵਲ ਦੇ ਅਖੀਰਲੇ ਦਿਨ ਟੈਗੋਰ ਥੀਏਟਰ ਸੈਕਟਰ-18 ਵਿਖੇ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਕੇਸਰੋ’ ਰੰਗਮੰਚ ਦੀ ਜਾਣੀ ਪਛਾਣੀ ਹਸਤਾਖਰ ਵੀਨਾ ਧੀਰ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਇਹ ਨਾਟਕ ਨਾਰੀ ਦੇ ਸ਼ਕਤੀਕਰਨ ਲਈ ਸਾਖਰਤਾ ਦਾ ਸੁਨੇਹਾ ਦੇਣ ਵਾਲਾ ਹੈ। ਬਲਵੰਤ ਗਾਰਗੀ ਨੇ ਗਰੀਬੂ ਨਾਂ ਦੇ ਸ਼ਾਹੂਕਾਰ ਦੀ ਲੁੱਟ ਦੇ ਸ਼ਿਕਾਰ ਪਿੰਡ ਦੀ ਤਸਵੀਰ ਪੇਸ਼ ਕੀਤੀ ਹੈ, ਜਿਸ ਤੋਂ ਮੁਕਤੀ ਲਈ ਕੇਸਰੋ ਪੜ੍ਹਦੀ ਹੈ ਅਤੇ ਸਿਲਾਈ ਮਸੀਨ ਸਦਕਾ ਪੈਰਾਂ ’ਤੇ ਖੜੀ ਹੋ ਕੇ ਅਤੇ ਸਮਾਜ ਵਿੱਚ ਸਨਮਾਨ ਸੁਤੰਤਰ ਹੋਂਦ ਸਥਾਪਤ ਕਰਦੀ ਹੈ, ਪਰ ਸ਼ੱਕੀ ਪਤੀ ਦੇ ਘਰੋਂ ਭੱਜ ਜਾਣ ਪਿੱਛੋਂ ਇਕੱਲਤਾ ਦੀ ਪੀੜਾ ਤਨ-ਮਨ ’ਤੇ ਬਰਦਾਸ਼ਤ ਕਰਦੀ ਹੈ।
‘ਕੇਸਰੋ’ ਨਾਟਕ ਬਲਵੰਤ ਗਾਰਗੀ ਵੱਲੋਂ 1950 ਵਿੱਚ ਲਿਖਿਆ ਸੀ ਅਤੇ ਵੀਨਾ ਧੀਰ ਨੇ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਦੇ ਪਹਿਲੇ ਬੈਚ ਦੀ ਵਿਦਿਆਰਥਣ ਵਜੋਂ ਲੇਖਕ ਦੀ ਨਿਰਦੇਸ਼ਨਾ ਹੇਠ ਖੇਡਿਆ ਸੀ। ਨਿਰਦੇਸ਼ਕਾ ਨੇ 64 ਸਾਲ ਪੁਰਾਣੀ ਸਕ੍ਰਿਪਟ ਬਿਨਾ ਕਾਂਟ-ਛਾਂਟ ਦੇ ਪੇਸ਼ ਕੀਤੀ ਹੈ। ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਤੇ ਟੀ. ਵੀ. ਵਿਭਾਗ ਵੱਲੋਂ ਸੁਨੀਤਾ ਧੀਰ ਨੇ ਵੀ ਲੱਗਭਗ ਇਸੇ ਢੰਗ ਨਾਲ ਨਾਟਕ ਪੇਸ਼ ਕੀਤਾ ਸੀ। ਇਹ ਬਲਵੰਤ ਗਾਰਗੀ ਪ੍ਰਤੀ ਸ਼ਰਧਾ ਹੈ ਜਾਂ ਬਦਲ ਚੁੱਕੇ ਸਮਾਜ ਨੂੰ ਹੁੰਗਾਰਾ ਨਾ ਭਰਨ ਦੀ ਬਿਰਤੀ-ਇਹ ਸਵਾਲ ਸੁਚੇਤ ਦਰਸ਼ਕਾਂ ਦੇ ਮਨਾਂ ਅੰਦਰ ਹਲਚਲ ਪੈਦਾ ਕਰ ਰਿਹਾ ਸੀ। ਵੀਨਾ ਧੀਰ ਮੁਤਾਬਕ ਸਮਾਂ ਹੀ ਬਦਲਿਆ ਹੈ, ਪਰ ਪੇਂਡੂ ਔਰਤਾਂ ਦੀ ਹਾਲਤ ਵਿੱਚ ਕੋਈ ਵੱਡਾ ਸੁਧਾਰ ਨਹੀਂ ਆਇਆ। ਉਸ ਦਾ ਹਰ ਪੱਧਰ ’ਤੇ ਸ਼ੋਸ਼ਣ ਅੱਜ ਵੀ ਜਾਰੀ ਹੈ। ਜੇਕਰ ਔਰਤ ਨੂੰ ਪੜ੍ਹਾਇਆ ਲਿਖਾਇਆ ਜਾਵੇ, ਬਰਾਬਰਤਾ ਦਾ ਹੱਕ ਪੂਰੀ ਤਰ੍ਹਾਂ ਦਿੱਤਾ ਜਾਵੇ ਤਾਂ ਹੀ ਔਰਤ ਦੀ ਦਸ਼ਾ ਅਤੇ ਦਿਸ਼ਾ ਵਿੱਚ ਸੁਧਾਰ ਹੋ ਸਕਦਾ ਹੈ। ਨਾਟਕ ਰਾਹੀਂ ਵੀ ਗਾਰਗੀ ਨੇ ਇਹੀ ਸੁਨੇਹਾ ਦਿੱਤਾ ਹੈ। ਇਸ ਨਾਟਕ ਦੀ ਸਾਰਥਕਤਾ ਅੱਜ ਵੀ ਓਨੀ ਹੈ, ਜਿਨ੍ਹੀ ਇਸ ਦੇ ਲਿਖਣ ਵੇਲੇ ਸੀ।
ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਪ੍ਰਿਆ ਸ਼ਰਮਾ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਢਿੱਲੋਂ, ਰੋਹਿਤ ਸ਼ਰਮਾ, ਗੁਰਪ੍ਰੀਤ ਸਿੰਘ, ਸੁਸ਼ਮਾ ਗਾਂਧੀ, ਸਰਬਜੀਤ ਕੌਰ, ਵਰਿੰਦਾ, ਭਵਸ਼ੀਲ ਸਾਹਨੀ, ਜਸਪਾਲ ਸਿੰਘ ਬਰਨਾਲਾ, ਅਰਜਨ ਅਤੇ ਸੌਰਭ ਸ਼ਰਮਾ ਨੇ ਵਧੀਆ ਅਦਾਕਾਰੀ ਸਦਕਾ ਦਰਸ਼ਕਾਂ ਨੂੰ ਜੋੜਨ ਵਿੱਚ ਸਫ਼ਲ ਰਿਹਾ, ਹਾਲਾਂਕਿ ਇਹ ਬਲਵੰਤ ਗਾਰਗੀ ਦੀ ਪ੍ਰਤੀਨਿਧ ਰਚਨਾ ਨਹੀਂ ਹੈ ਅਤੇ ਨਾ ਹੀ ਉਸਦੇ ਸੰਘਣੀ ਸਕ੍ਰਿਪਟ ਲਿਖਣ ਦੇ ਅੰਦਾਜ਼ ਦੀ ਸ਼ਾਹਦੀ ਭਰਦਾ ਹੈ। ਇਹ ਨਾਟਕ ਕਹਾਣੀ ’ਚ ਗਹਿਰਾਈ ਪੈਦਾ ਕੀਤੇ ਬਿਨਾ ਸੀਨ-ਦਰ-ਸੀਨ ਅੱਗੇ ਵਧਦਾ ਹੈ, ਜਿਨ੍ਹਾਂ ਵਿੱਚ ਬੀਤ ਚੁੱਕੇ ਪੰਜਾਬ ਦੇ ਯਥਾਰਥ ਦੀਆਂ ਝਾਕੀਆਂ ਸਾਕਾਰ ਹੁੰਦੀਆਂ ਹਨ। ਰੋਸ਼ਨੀ ਅਭਿਸ਼ੇਕ ਸੂਦ ਦੀ ਸੀ , ਸੈਟ ਡਿਜਾਇਨ ਸੁਦੇਸ਼ ਸ਼ਰਮਾ, ਹਰਵਿੰਦਰ ਸੈਣੀ, ਮੇਕਅਪ ਤੇਜਭਾਨ ਗਾਂਧੀ ਦਾ ਸੀ।