ਐਨ ਐਨ ਬੀ
ਫ਼ਰੀਦਕੋਟ – ਪੁਲੀਸ ਦੀ ਕੁੱਟਮਾਰ ਦੇ ਭੰਨ੍ਹੇ 25 ਸਾਲਾ ਨੌਜਵਾਨ ਵੱਲੋਂ ਸਰਹਿੰਦ ਫੀਡਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਖ਼ਬਰ ਹਰ ਪਾਸੇ ਚਰਚਾ ਦਾ ਵਿਸ਼ਾ ਹੈ। ਨਹਿਰ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਦੀ ਪਛਾਣ ਸਤਵਿੰਦਰ ਸਿੰਘ ਉਰਫ ਹੈਪੀ ਵਾਸੀ ਦਸਮੇਸ਼ ਨਗਰ ( ਫਰੀਦਕੋਟ) ਵਜੋਂ ਹੋਈ ਹੈ। ਇਲਾਕੇ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਨਹਿਰ ਦੇ ਨਜ਼ਦੀਕ ਘੁੰਮ ਰਿਹਾ ਸੀ, ਜਿੱਥੇ ਉਸ ਦੀ ਕਿਸੇ ਵਜ੍ਹਾ ਕਾਰਨ ਦੋ ਪੁਲੀਸ ਮੁਲਾਜ਼ਮਾਂ ਨਾਲ ਝੜਪ ਹੋ ਗਈ ਅਤੇ ਪੁਲੀਸ ਮੁਲਾਜ਼ਮਾਂ ਨੇ ਸਤਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਤੰਗ ਆ ਕੇ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਪੁਲੀਸ ਨਾਲ ਕਥਿਤ ਝੜਪ ਦੇ ਕਸੂਰਵਾਰ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਹੈ, ਪੁਲੀਸ ਮ੍ਰਿਤਕ ਦੇ ਵਾਰਸਾਂ ਦੇ ਇਸ ਦੋਸ਼ ਦਾ ਵੀ ਸਾਹਮਣਾ ਕਰ ਰਹੀ ਹੇ ਕਿ ਉਸਨੇ ਸ਼ਿਕਾਇਤ ਦੇ ਬਾਵਜੂਜ ਪੁਲੀਸ ਸਤਵਿੰਦਰ ਸਿੰਘ ਦੀ ਲਾਸ਼ ਲੱਭਣ ਲਈ ਕੋਈ ਕਾਰਵਾਈ ਨਹੀਂ ਕੀਤੀ ।
ਓਧਰ ਡੀ ਐਸ ਪੀ ਗੁਰਭੇਜ ਸਿੰਘ ਨੇ ਮੌਕੇ ਦਾ ਦੌਰਾ ਕਰਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਤਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਅਤੇ ਸ਼ਾਮ ਨੂੰ ਸੂਚਨਾ ਮਿਲੀ ਕਿ ਉਸ ਦੇ ਪਤੀ ਨੇ ਪੁਲੀਸ ਦੇ ਤਸ਼ੱਦਦ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਭਰਾ ਵਰਿੰਦਰ ਸਿੰਘ ਨੇ ਕਿਹਾ ਕਿ ਫਰੀਦਕੋਟ ਪੁਲੀਸ ਸਤਿੰਦਰ ਸਿੰਘ ਨੂੰ ਪਹਿਲਾਂ ਵੀ ਪਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਇਸ ਸਬੰਧੀ ਉਨ੍ਹਾਂ ਨੇ ਹਾਈ ਕੋਰਟ ਵਿੱਚ ਸ਼ਿਕਾਇਤਾਂ ਵੀ ਕੀਤੀਆਂ ਹਨ। ਇਸ ਤੋਂ ਤੰਗ ਆ ਕੇ ਹੀ ਉਸ ਨੇ ਖੁਦਕੁਸ਼ੀ ਕਰ ਲਈ ਹੈ।