ਐਨ ਐਨ ਬੀ
ਚੰਡੀਗੜ੍ਹ – ਸਰਕਾਰ ਵੱਲੋਂ ਕਾਂਗਰਸ ਦੇ ਆਗੂਆਂ ਵਿਰੁੱਧ ਥੋਕ ’ਚ ਪੁਲੀਸ ਕੇਸ ਦਰਜ ਕਰਨ ਕਾਰਨ ਦੋਵਾਂ ਧਿਰਾਂ ਵਿਚ ਸਿੱਧਾ ਟਕਰਾਅ ਬਣ ਗਿਆ ਹੈ। ਪੰਜਾਬ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਨੇ 20 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ’ਤੇ ਧਾਵਾ ਬੋਲਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਦਰਜ ਕੀਤੇ ਝੂਠੇ ਕੇਸ 15 ਦਿਨਾਂ ਵਿਚ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਨੇ ਧਮਕੀ ਦਿੱਤੀ ਹੈ ਕਿ ਜੇ ਇਸ ਸਮੇਂ ਦੌਰਾਨ 95 ਕਾਂਗਰਸੀ ਆਗੂਆਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਨਾ ਲਏ ਤਾਂ ਉਹ ਹਰੀਕੇ ਹੈੱਡ ਵਿਖੇ ਮੁੱਖ ਸੜਕ ਜਾਮ ਕਰਕੇ ਸਿੱਧੀ ਕਾਰਵਾਈ ਕਰਨਗੇ। ਕਾਂਗਰਸੀਆਂ ਵੱਲੋਂ ਗ੍ਰਿਫਤਾਰੀਆਂ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨ ਸੈੱਲ ਨੇ ਕੱਲ੍ਹ ਚੰਡੀਗੜ੍ਹ ਆਏ ਰਾਹੁਲ ਗਾਂਧੀ ਨੂੰ ਮੈਮੋਰੰਡਮ ਦੇ ਕੇ ਦੋਸ਼ ਲਾਇਆ ਹੈ ਕਿ ਇਕ ਪਾਸੇ ਬਾਦਲ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਚੁਫੇਰਿਓਂ ਧੱਕਾ ਕਰ ਰਹੀ ਹੈ ਅਤੇ ਦੂਸਰੇ ਪਾਸੇ ਕਿਸਾਨਾਂ ਦੀਆਂ ਮੰਗਾਂ ਉਠਾਉਣ ਵਾਲੇ ਕਾਂਗਰਸੀਆਂ ਵਿਰੁੱਧ ਝੂਠੇ ਕੇਸ ਦਰਜ ਕਰ ਦਿੱਤੇ ਹਨ। ਉਨ੍ਹਾਂ ਰਾਹੁਲ ਨੂੰ ਇਹ ਮੁੱਦਾ ਸਰਦ ਰੁਤ ਦੇ ਸੈਸ਼ਨ ਦੌਰਾਨ ਪਾਰਲੀਮੈਂਟ ਵਿਚ ਉਠਾਉਣ ਦੀ ਮੰਗ ਵੀ ਕੀਤੀ ਹੈ।
ਪੰਜਾਬ ਪੁਲੀਸ ਨੇ ਫਿਲਹਾਲ ਕਿਸੇ ਕਾਂਗਰਸੀ ਦੀ ਗ੍ਰਿਫਤਾਰੀ ਨਹੀਂ ਕੀਤੀ। ਜੀਰਾ ਨੇ ਇਥੇ ਪੰਜਾਬ ਸਰਕਾਰ ਵਿਰੁੱਧ ਸਿੱਧੇ ਸੰਘਰਸ਼ ਦਾ ਐਲਾਨ ਕਰਦਿਆਂ ਦੱਸਿਆ ਕਿ ਅੱਜ ਕੁਰਾਲੀ ਵਿਖੇ ਧਰਨਾ ਮਾਰਿਆ ਗਿਆ ਹੈ। ਉਹ 18 ਅਕਤੂਬਰ ਨੂੰ ਧਰਮਕੋਟ (ਮੋਗਾ) ਵਿਖੇ ਪੰਜਾਬ ਸਰਕਾਰ ਵਿਰੁੱਧ ਧਰਨਾ ਮਾਰਨਗੇ। ਇਸ ਤੋਂ ਬਾਅਦ 20 ਅਕਤੂਬਰ ਨੂੰ ਮੁੱਖ ਮੰਤਰੀ ਬਾਦਲ ਦੇ ਜੱਦੀ ਪਿੰਡ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਕੇ ਕਿਸਾਨ ਵਰਗ ਪ੍ਰਤੀ ਪੰਜਾਬ ਸਰਕਾਰ ਦੇ ਅਸਲ ਚਿਹਰੇ ਨੂੰ ਬੇਨਕਾਬ ਕੀਤਾ ਜਾਵੇਗਾ। ਕਿਸਾਨ ਸੈੱਲ ਨੇ ਇਸ ਮੌਕੇ ਸਰਕਾਰ ਨੂੰ 15 ਦਿਨਾਂ ਵਿਚ ਕੇਸ ਰੱਦ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਇਸ ਸਮੇਂ ਦੌਰਾਨ ਕੇਸ ਵਾਪਸ ਨਾ ਲਏ ਤਾਂ ਉਹ ਮੁੜ ਹਰੀਕੇ ਹੈੱਡਕੁਆਰਟਰ ਵਿਖੇ ਸੜਕ ਜਾਮ ਕਰਕੇ ਗ੍ਰਿਫਤਾਰੀਆਂ ਦੇਣਗੇ।
ਇਸ ਮੌਕੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਇਕ ਪਾਸੇ ਖੁਦ ਹੁਕਮਰਾਨ ਪਾਰਟੀ ਅਕਾਲੀ ਦਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਮਿਤੀ ਤੈਅ ਕਰਨ ਮੌਕੇ ਸੜਕਾਂ ਜਾਮ ਕਰਦੇ ਰਹੇ ਹਨ ਪਰ ਕਾਂਗਰਸੀਆਂ ਉਪਰ ਬਦਲਾਲਊ ਨੀਤੀ ਤਹਿਤ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਕਾਂਗਰਸ ਬਾਦਲਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ।