ਕਾਮਾਗਾਟਾਮਾਰੂ ਘਟਨਾ ਦੇ ਸ਼ਤਾਬਦੀ ਦੇ ਸਰਕਾਰੀ ਸਮਾਗਮਾਂ ਦਾ ਆਗਾਜ਼ : ਬਾਬਾ ਗੁਰਦਿੱਤ ਸਿੰਘ ਦੀਆਂ ਤਿੰਨ ਪੋਤਰੀਆਂ ਦਾ ਸਨਮਾਨ

0
711

 

 kamagata maru

ਐਨ ਐਨ ਬੀ

ਨਵੀਂ ਦਿੱਲੀ – ਇਤਿਹਾਸਕ ਕਾਮਾਗਾਟਾਮਾਰੂ ਕਾਂਡ ਦੇ ਸਾਲ ਭਰ ਚਲਣ ਵਾਲੇ ਸ਼ਤਾਬਦੀ ਸਮਾਗਮ ਕੇਂਦਰੀ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀਪਦ ਨਾਇਕ ਦੇ ਉਦਘਾਟਨ ਨਾਲ ਸ਼ੁਰੂ ਹੋ ਗਏ ਹਨ। ਇਸ ਮੌਕੇ ਕਾਮਾਗਾਟਾਮਾਰੂ ਕਾਂਡ ਦੇ ਮੁੱਖ ਨਾਇਕ ਰਹੇ ਬਾਬਾ ਗੁਰਦਿੱਤ ਸਿੰਘ ਦੀਆਂ ਤਿੰਨ ਪੋਤੀਆਂ ਹਰਭਜਨ ਕੌਰ, ਸਤਵੰਤ ਕੌਰ ਅਤੇ ਬਲਵੀਰ ਕੌਰ ਨੂੰ ਨਾਇਕ ਨੇ ਉਚੇਚੇ ਤੌਰ ‘ਤੇ ਸਨਮਾਨਤ ਕੀਤਾ ਅਤੇ 10 ਰੁਪਏ ਅਤੇ ਪੰਜ ਰੁਪਏ ਦੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ ਗਏ। ਸਰਕਾਰ ਵੱਲੋਂ ਜਹਾਜ਼ ਦੇ ਯਾਤਰੀਆਂ ਦੇ ਨਜ਼ਦੀਕੀਆਂ ਨੂੰ ਵੀ ਸਨਮਾਨਤ ਕਰਨ ਦੀ ਯੋਜਨਾ ਹੈ।
ਕਾਮਾਗਾਟਾਮਾਰੂ ਕਾਂਡ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਕ ਨੇ ਕਿਹਾ ਕਿ ਇਹ ਸਾਕਾ ਮੁਲਕ ਤੋਂ ਦੂਰ ਰਹਿੰਦੇ ਲੋਕਾਂ ਦੇ ਭਾਰਤ ਨਾਲ ਬੱਝੇ ਰਹਿਣ ਦੀ ਭੂਮਿਕਾ ਦਾ ਚੇਤਾ ਕਰਾਉਂਦਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ ’ਚ ਸਵਾਰ 376 ਭਾਰਤੀਆਂ ਨੂੰ ਹੀ ਨਹੀਂ, ਸਗੋਂ ਪਿਛਲੀ ਸਦੀ ਦੇ ਸ਼ੁਰੂ ’ਚ ਵਿਦੇਸ਼ ਗਏ ਲੋਕਾਂ ਦੇ ਸੰਘਰਸ਼ ਨੂੰ ਵੀ ਚੇਤੇ ਕਰਨ ਦੀ ਲੋੜ ਹੈ।
ਕਾਮਾਗਾਟਾਮਾਰੂ ਕਾਂਡ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਸਰਕਾਰ ਨੇ ਕਮੇਟੀ ਬਣਾਈ ਹੈ। ਕਮੇਟੀ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਕਾਮਾਗਾਟਾਮਾਰੂ 1914’ ਨਾਮ ਦਾ ਨਾਟਕ ਖੇਡਿਆ ਜਾਵੇਗਾ। ਇਸੇ ਤਰ੍ਹਾਂ ਵੈਨਕੂਵਰ ‘ਚ 23 ਮਈ ਤੋਂ 30 ਮਈ 2015 ਤੱਕ ਸਭਿਆਚਾਰਕ ਸਮਾਗਮ, ਸੈਮੀਨਾਰ ਅਤੇ ਨੁਮਾਇਸ਼ਾਂ ਲਾਈਆਂ ਜਾਣਗੀਆਂ।

komagata maru

ਇਸ ਘਟਨਾ ਵਿਚ 376 ਯਾਤਰੀਆਂ ਜਿਨ੍ਹਾਂ ’ਚੋਂ ਬਹੁਤੇ ਪੰਜਾਬੀ ਸਨ,  ਜਿਨ੍ਹਾਂ ਨੂੰ ਵੈਨਕੂਵਰ ਦੀ ਬੰਦਰਗਾਹ ’ਚ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਸੀ।

ਕਾਮਾਗਾਟਾਮਾਰੂ ਜਪਾਨ ਦਾ ਭਾਫ ਨਾਲ ਚੱਲਣ ਵਾਲਾ ਸਮੁੰਦਰੀ ਜਹਾਜ਼  ਸੀ, 23 ਮਈ 1914 ਨੂੰ 376 ਯਾਤਰੀ ਲੈ ਕੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਪੁੱਜਾ ਸੀ। ਬਰਤਾਨਵੀ ਬਸਤੀ ਕੈਨੇਡਾ ਦੇ ਅਧਿਕਾਰੀਆਂ ਨੇ ਦੋ ਮਹੀਨਿਆਂ ਦੇ ਅੜਿੱਕੇ ਪਿੱਛੋਂ ਜਹਾਜ਼ ਨੂੰ ਬੰਦਰਗਾਹ ਦੇ ਖੇਤਰ ਤੋਂ ਬਾਹਰ ਕੱਢ ਦਿੱਤਾ ਅਤੇ ਭਾਰਤ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਕਾਮਾਗਾਟਾਮਾਰੂ ਇਸੇ ਸਾਲ ਸਤੰਬਰ ਮਹੀਨੇ ਕੋਲਕਾਤਾ ਪਹੁੰਚਿਆ। ਬਰਤਾਨਵੀ ਸਰਕਾਰ ਨੇ ਜਹਾਜ਼ ’ਤੇ ਸਵਾਰ ਵਿਅਕਤੀਆਂ ਨੂੰ ਖਤਰਨਾਕ ਰਾਜਸੀ ਅੰਦੋਲਨਕਾਰੀ ਵਜੋਂ ਭਾਂਪਿਆ। ਪੁਲਿਸ 29 ਸਤੰਬਰ ਨੂੰ ਬਾਬਾ ਗੁਰਦਿੱਤ ਸਿੰਘ ਤੇ ਦੂਸਰੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਲਈ ਸਮੁੰਦਰੀ ਜਹਾਜ਼ ’ਤੇ ਚੜ੍ਹ ਗਈ। ਯਾਤਰੀਆਂ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਿਸ ਨੂੰ ਲੈ ਕੇ ਪੁਲਿਸ ਨੇ ਗੋਲੀ ਚਲਾ ਦਿੱਤੀ. ਜਿਸ ਵਿਚ 19 ਯਾਤਰੀ ਮਾਰੇ ਗਏ ਸਨ। ਬਾਬਾ ਗੁਰਦਿੱਤ ਸਿੰਘ ਤੇ ਹੋਰ ਨੇਤਾ ਬਚ ਕੇ ਨਿਕਲ ਗਏ ਸਨ।